ਪੈਂਡਿੰਗ ਮੰਗਾਂ ਨਜ਼ਰਅੰਦਾਜ਼ ਕਰਨ ਖ਼ਿਲਾਫ਼ ਹੜਤਾਲ 'ਤੇ ਗਏ ਸੀਐੱਚਬੀ ਮੁਲਾਜ਼ਮ
ਜਾਸ, ਜਲੰਧਰ : ਸੂਬਾ
Publish Date: Thu, 30 Apr 2026 09:05 PM (IST)
Updated Date: Thu, 30 Apr 2026 09:07 PM (IST)
ਜਾਸ, ਜਲੰਧਰ : ਸੂਬਾ ਸਰਕਾਰ ਵੱਲੋਂ ਪੈਂਡਿੰਗ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਖ਼ਿਲਾਫ਼ ਪਾਵਰਕਾਮ ਅਤੇ ਟ੍ਰਾਂਸਕੋ ਠੇਕੇ ਦੇ ਮੁਲਾਜ਼ਮ ਹੜਤਾਲ 'ਤੇ ਚਲੇ ਗਏ ਹਨ। ਇਸ ਹੜਤਾਲ ’ਚ ਸੀਐੱਚਬੀ ਮੁਲਾਜ਼ਮ ਵੀ ਸ਼ਾਮਲ ਹਨ। ਮੁਲਾਜ਼ਮਾਂ ਦੇ ਹੜਤਾਲ 'ਤੇ ਜਾਣ ਕਾਰਨ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗਰਮੀ ਵਧਣ ਨਾਲ ਬਿਜਲੀ ਦੇ ਫਾਲਟ ਆ ਰਹੇ ਹਨ, ਜਿਨ੍ਹਾਂ ਨੂੰ ਠੀਕ ਕਰਨ ਵਿਚ ਦੇਰੀ ਹੋ ਸਕਦੀ ਹੈ। ਫਾਲਟ ਠੀਕ ਕਰਨ ਦੀ ਜ਼ਿੰਮੇਵਾਰੀ ਹੁਣ ਪੱਕੇ ਮੁਲਾਜ਼ਮਾਂ 'ਤੇ ਆ ਗਈ ਹੈ। ਪਹਿਲਾਂ ਹੀ ਪਾਵਰਕਾਮ ਦੇ 50 ਫੀਸਦ ਸਟਾਫ ਦੀ ਕਮੀ ਹੈ।
ਪੰਜਾਬ ’ਚ 5500 ਤੋਂ ਵੱਧ ਸੀਐੱਚਬੀ ਮੁਲਾਜ਼ਮ ਹਨ, ਜਿਨ੍ਹਾਂ ’ਚੋਂ 550 ਜਲੰਧਰ ਜ਼ੋਨ ’ਚ ਹਨ। ਜਲੰਧਰ ਸਰਕਲ ਵਿਚ ਹਰ ਰੋਜ਼ 300 ਤੋਂ 400 ਸ਼ਿਕਾਇਤਾਂ ਆ ਰਹੀਆਂ ਹਨ, ਜਿਨ੍ਹਾਂ ਦਾ ਨਿਬੇੜਾ ਕਰਨ ਵਿਚ ਜ਼ਿਆਦਾਤਰ ਭੂਮਿਕਾ ਸੀਐੱਚਬੀ ਮੁਲਾਜ਼ਮਾਂ ਦੀ ਹੁੰਦੀ ਹੈ। ਹੁਣ ਉਨ੍ਹਾਂ ਦੇ ਹੜਤਾਲ 'ਤੇ ਜਾਣ ਕਾਰਨ ਫਾਲਟ ਠੀਕ ਕਰਨ ਵਿਚ ਦੇਰੀ ਹੋ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
---
16 ਦਿਨਾਂ ਤੋਂ ਹੜਤਾਲ ’ਤੇ ਹਨ ਮੁਲਾਜ਼ਮ : ਗੁਰਜੀਤ ਸਿੰਘ
ਪਾਵਰਕਾਮ ਤੇ ਟ੍ਰਾਂਸਕੋ ਠੇਕੇ ਦੇ ਮੁਲਾਜ਼ਮ ਗੁਰਜੀਤ ਸਿੰਘ ਨੇ ਕਿਹਾ ਕਿ ਪਿਛਲੇ 16 ਦਿਨਾਂ ਤੋਂ ਮੁਲਾਜ਼ਮ ਹੜਤਾਲ 'ਤੇ ਹਨ। ਵਿੱਤ ਮੰਤਰੀ ਨੇ 30 ਅਪ੍ਰੈਲ ਨੂੰ ਮੈਂਬਰਾਂ ਨਾਲ ਬੈਠਕ ਕਰਕੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਉਨ੍ਹਾਂ ਨੇ ਬੈਠਕ ਟਾਲ ਦਿੱਤੀ ਹੈ। ਹੁਣ ਯੂਨੀਅਨ ਦੇ ਮੈਂਬਰਾਂ ਨੂੰ 5 ਮਈ ਨੂੰ ਬੈਠਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਤਨਖਾਹ ਵਧਾਈ ਜਾਵੇ। ਬਿਜਲੀ ਦੇ ਫਾਲਟ ਨੂੰ ਠੀਕ ਕਰਨ ਦੌਰਾਨ ਮੌਤ ਹੋਣ 'ਤੇ ਪਰਿਵਾਰਕ ਮੈਂਬਰਾਂ ਵਿੱਚੋਂ ਕਿਸੇ ਇਕ ਨੂੰ ਨੌਕਰੀ ਦਿੱਤੀ ਜਾਵੇ। ਠੇਕੇ 'ਤੇ ਰੱਖੇ ਗਏ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਖ਼ਿਲਾਫ਼ ਪਹਿਲੀ ਮਈ ਮਜ਼ਦੂਰ ਦਿਵਸ 'ਤੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
---
ਪੱਕੇ ਸਟਾਫ ਦੀ ਲਾਈ ਗਈ ਡਿਊਟੀ
ਪਾਵਰਕਾਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸੀਐੱਚਬੀ ਮੁਲਾਜ਼ਮ ਹੜਤਾਲ 'ਤੇ ਜਾਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੱਕੇ ਸਟਾਫ ਦੀ ਡਿਊਟੀ ਲਾਈ ਗਈ ਹੈ ਅਤੇ ਫਾਲਟ ਠੀਕ ਕਰਨ ’ਚ ਕੋਈ ਦੇਰੀ ਨਹੀਂ ਹੋਵੇਗੀ। ਪੱਕੇ ਮੁਲਾਜ਼ਮ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ 'ਤੇ ਕਰ ਰਹੇ ਹਨ।