ਬੀਐੱਸਐੱਫ ਹੈੱਡਕੁਆਰਟਰ ਦੇ ਬਾਹਰ ਧਮਾਕੇ ਤੋਂ ਬਾਅਦ ਹਫੜਾ-ਦਫੜੀ
ਟਾਰਗੇਟਿਡ ਹਮਲਾ ਜਾਂ ਸਿਰਫ਼
Publish Date: Wed, 06 May 2026 01:32 AM (IST)
Updated Date: Wed, 06 May 2026 01:32 AM (IST)
ਟਾਰਗੇਟਿਡ ਹਮਲਾ ਜਾਂ ਸਿਰਫ਼ ਹਾਦਸਾ? 1.5 ਕਿੱਲੋਮੀਟਰ ਦੂਰ ਤੱਕ ਸੁਣਾਈ ਦਿੱਤੀ ਧਮਾਕੇ ਦੀ ਆਵਾਜ਼
- ਬੀਐੱਸਐੱਫ ਹੈੱਡ ਕੁਆਰਟਰ ਦੇ ਆਲੇ-ਦੁਆਲੇ ਵਾਧੂ ਜਵਾਨ ਤਾਇਨਾਤ
ਜਾਗਰਣ ਸੰਵਾਦਦਾਤਾ, ਜਲੰਧਰ : ਬੀਐੱਸਐੱਫ ਹੈੱਡਕੁਆਰਟਰ ਦੇ ਬਾਹਰ ਇਕ ਐਕਟਿਵਾ ਸਕੂਟੀ ’ਚ ਧਮਾਕੇ ਕਾਰਨ ਆਲੇ-ਦੁਆਲੇ ਹਫੜਾ-ਦਫੜੀ ਮਚ ਗਈ। ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਇਹ ਲਗਪਗ ਡੇਢ ਕਿੱਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਮਗਰੋਂ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ। ਧਮਾਕੇ ਦੀ ਤੀਵਰਤਾ ਇੰਨੀ ਜ਼ਿਆਦਾ ਸੀ ਕਿ ਉਥੇ ਲੱਗੇ ਸੀਸੀਟੀਵੀ ਕੈਮਰੇ ਦੀ ਦਿਸ਼ਾ ਬਦਲ ਗਈ ਤੇ ਟ੍ਰੈਫਿਕ ਸਿਗਨਲ ਲਾਈਟ ਵੀ ਖਰਾਬ ਹੋ ਗਈਆਂ। ਘਟਨਾ ਮਗਰੋਂ ਪੂਰੇ ਇਲਾਕੇ ’ਚ ਸੁਰੱਖਿਆ ਕੜੀ ਕਰ ਦਿੱਤੀ ਗਈ ਹੈ। ਬੀਐੱਸਐੱਫ ਹੈੱਡ ਕੁਆਰਟਰ ਨੇੜੇ ਵਾਧੂ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਆਉਣ-ਜਾਣ ਵਾਲੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਦੇ ਹੋਰ ਸੰਵੇਦਨਸ਼ੀਲ ਇਲਾਕਿਆਂ ’ਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਸੰਭਾਵੀਂ ਖਤਰੇ ਨੂੰ ਸਮੇਂ ਸਿਰ ਰੋਕਿਆ ਜਾ ਸਕੇ, ਜਿਸ ਨਾਲ ਆਲੇ-ਦੁਆਲੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕਈ ਸਿਆਸੀ ਆਗੂ ਮੌਕੇ ’ਤੇ ਪੁੱਜੇ। ਇਸ ’ਚ ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਰਾਕੇਸ਼ ਰਾਠੌਰ ਤੇ ਰਾਜਿੰਦਰ ਬੇਰੀ ਸ਼ਾਮਲ ਰਹੇ। ਆਗੂਆਂ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ।
---
ਕੱਲ੍ਹ ਸੀਐੱਮ ਦਾ ਦੌਰਾ, ਇਕ ਦਿਨ ਪਹਿਲਾਂ ਧਮਾਕਾ
ਸੱਤ ਮਈ ਨੂੰ ਜਲੰਧਰ ਦੇ ਸੈਂਟਰਲ ਹਲਕੇ ’ਚ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੀ ਰੈਲੀ ਹੈ। ਉਸ ਤੋਂ ਇਕ ਦਿਨ ਪਹਿਲਾਂ ਹੀ ਇਹ ਧਮਾਕਾ ਹੋਇਆ। ਸੀਐੱਮ ਦੇ ਦੌਰੇ ਤੋਂ ਪਹਿਲਾਂ ਹੋਏ ਇਸ ਧਮਾਕੇ ਨੂੰ ਲੈ ਕੇ ਸੁਰੱਖਿਆ ’ਚ ਖਾਮੀਆਂ ਬਾਰੇ ਚਿਤਾਵਨੀ ਦਿੱਤੀ ਜਾ ਰਹੀ ਹੈ। ਇਹ ਵੀ ਖ਼ਦਸਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਸੀਐੱਮ ਦੀ ਰੈਲੀ ਤੋਂ ਪਹਿਲਾਂ ਦਹਿਸ਼ਤ ਫੈਲਾਉਣ ਲਈ ਕੀਤਾ ਗਿਆ।
---
ਚੌਕ ’ਚ ਧਮਾਕਾ ਗੰਭੀਰ ਮਾਮਲਾ : ਬੇਰੀ
ਜਲੰਧਰ : ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ ਨੇ ਕਿਹਾ ਕਿ ਬੀਐੱਸਐੱਫ ਚੌਕ ਸਥਿਤ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਕਾਰਨ ਪੂਰੇ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ। ਜਲੰਧਰ ਵਰਗੇ ਵੱਡੇ ਸ਼ਹਿਰ ’ਚ ਅਜਿਹੀਆਂ ਘਟਨਾਵਾਂ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਲਾਅ ਤੇ ਆਰਡਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਪਟਿਆਲਾ ਜਿਹੇ ਵੱਡੇ ਸ਼ਹਿਰ ’ਚ ਵੀ ਧਮਾਕੇ ਹੋ ਚੁੱਕੇ ਹਨ। ਅਜਿਹੀਆਂ ਘਟਨਾਵਾਂ ਨਾਲ ਆਮ ਲੋਕਾਂ ’ਚ ਡਰ ਦਾ ਮਾਹੌਲ ਬਣ ਰਿਹਾ ਹੈ।