ਹਾਈ ਬਲੱਡ ਪ੍ਰੈਸ਼ਰ ਦਾ ਮੁੱਖ ਕਾਰਨ ਬਦਲਦੀ ਜੀਵਨ ਸ਼ੈਲੀ : ਡਾ. ਪਾਲ
ਹਾਈ ਬਲੱਡ ਪ੍ਰੈਸ਼ਰ ਦਾ ਮੁੱਖ ਕਾਰਨ ਬਦਲਦੀ ਜੀਵਨ ਸ਼ੈਲੀ : ਡਾ. ਬਲਜੀਤ ਸਿੰਘ ਪਾਲ
Publish Date: Mon, 18 May 2026 06:37 PM (IST)
Updated Date: Mon, 18 May 2026 06:39 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਾਲਾ ਬੱਕਰਾ ਹਸਪਤਾਲ ’ਚ ‘ਵਿਸ਼ਵ ਹਾਈਪਰਟੈਂਸ਼ਨ ਦਿਵਸ’ ਮੌਕੇ ਜਾਗਰੂਕਤਾ ਕੈਂਪ ਲਗਾਇਆ। ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੇ ਖ਼ਤਰਿਆਂ ਅਤੇ ਇਸ ਤੋਂ ਬਚਾਅ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ਡਾ. ਅਮਨ ਚੋਪੜਾ, ਡਾ. ਵਿਪਨ ਕੁਮਾਰ, ਡਾ. ਭਵਦੀਪ ਕੌਰ, ਬਲਾਕ ਐਕਸਟੈਂਸ਼ਨ ਐਜੂਕੇਟਰ ਮਾਨਵ ਸ਼ਰਮਾ, ਹੈਲਥ ਸੁਪਰਵਾਈਜ਼ਰ ਅਜੀਤ ਸਿੰਘ, ਨਰਸਿੰਗ ਸਿਸਟਰ ਦਲਜੀਤ ਕੌਰ, ਨਿਰਮਲ ਸਿੰਘ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਡਾ. ਬਲਜੀਤ ਸਿੰਘ ਪਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਲੱਡ ਪ੍ਰੈਸ਼ਰ ਨੂੰ ਨਿਯਮਿਤ ਤੌਰ ’ਤੇ ਜਾਂਚਣਾ ਅਤੇ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਡਾ. ਪਾਲ ਨੇ ਕਿਹਾ ਕਿ ਰੋਜ਼ਾਨਾ 30 ਤੋਂ 40 ਮਿੰਟ ਤੱਕ ਸੈਰ ਜਾਂ ਕਸਰਤ ਕਰਨੀ ਚਾਹੀਦੀ ਹੈ। ਛੋਟੇ ਫਾਸਲੇ ਲਈ ਵਾਹਨਾਂ ਦੀ ਬਜਾਏ ਪੈਦਲ ਜਾਂ ਸਾਈਕਲ ਦੀ ਵਰਤੋਂ ਅਤੇ ਲਿਫਟ ਦੀ ਥਾਂ ਪੌੜੀਆਂ ਵਰਤਣ ਦੀ ਆਦਤ ਬਣਾਉਣੀ ਚਾਹੀਦੀ ਹੈ। ਯੋਗਾ ਅਤੇ ਸੰਤੁਲਿਤ ਖੁਰਾਕ ਮਾਨਸਿਕ ਤਣਾਅ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਨੇੜਲੇ ਸਰਕਾਰੀ ਸਿਹਤ ਕੇਂਦਰਾਂ ’ਤੇ ਮੁਫ਼ਤ ਬਲੱਡ ਪ੍ਰੈਸ਼ਰ ਜਾਂਚ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਦੌਰਾਨ ਡਾ. ਅਮਨ ਚੋਪੜਾ ਅਤੇ ਡਾ. ਵਿਪਨ ਕੁਮਾਰ ਨੇ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਹੁਣ ਸਿਰਫ਼ ਵਧੀਕ ਉਮਰ ਦੇ ਲੋਕਾਂ ਦੀ ਬਿਮਾਰੀ ਨਹੀਂ ਰਹੀ, ਸਗੋਂ ਨੌਜਵਾਨ ਵੀ ਤੇਜ਼ੀ ਨਾਲ ਇਸਦੀ ਲਪੇਟ ਵਿੱਚ ਆ ਰਹੇ ਹਨ। ਜੇ ਕਿਸੇ ਵਿਅਕਤੀ ਨੂੰ ਅਚਾਨਕ ਸਿਰ ਦਰਦ, ਚੱਕਰ ਆਉਣ ਜਾਂ ਧੜਕਣ ਤੇਜ਼ ਹੋਣ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਸਿਹਤ ਸਬੰਧੀ ਜਾਣਕਾਰੀ ਅਤੇ ਸਲਾਹ ਲਈ ਟੋਲ ਫਰੀ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।