ਬਰਸਾਤ ’ਚ ਬਿਜਲੀ ਫਾਲਟ ਦੀ ਸੰਭਾਵਨਾ ਘੱਟ, ਪਾਵਰਕਾਮ ਵੱਲੋਂ ਸਬ ਸਟੇਸ਼ਨਾਂ ’ਚ ਸਿਲੀਕੋਨ ਕੋਟਿੰਗ ਦੀ ਸ਼ੁਰੂਆਤ
ਬਰਸਾਤ ’ਚ ਬਿਜਲੀ ਫਾਲਟ ਦੀ ਸੰਭਾਵਨਾ ਘੱਟ, ਪਾਵਰਕਾਮ ਵੱਲੋਂ ਸਬ ਸਟੇਸ਼ਨਾਂ ‘ਚ ਸਿਲੀਕੋਨ ਕੋਟਿੰਗ ਦੀ ਸ਼ੁਰੂਆਤ
Publish Date: Mon, 27 Apr 2026 10:21 PM (IST)
Updated Date: Mon, 27 Apr 2026 10:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹੁਣ ਬਰਸਾਤ ਦੇ ਦਿਨਾਂ ਵਿੱਚ ਬਿਜਲੀ ਦੇ ਫਾਲਟ ਘੱਟ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਪਾਵਰਕਾਮ ਨੇ 66 ਕੇਵੀ ਸਬ ਸਟੇਸ਼ਨਾਂ ਦੇ 11 ਕੇਵੀ ਇੰਡੋਰ ਬਸਬਾਰ ’ਤੇ ਸਿਲੀਕੋਨ ਕੋਟਿੰਗ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰਾਜੈਕਟ ਤਹਿਤ ਜਲੰਧਰ ਸਰਕਲ ਦੇ 17 ਸਬ ਸਟੇਸ਼ਨਾਂ ਵਿੱਚ ਕੋਟਿੰਗ ਕੀਤੀ ਜਾ ਰਹੀ ਹੈ। ਪਹਿਲਾਂ ਕੋਟਿੰਗ ਨਾ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਤਾਰਾਂ ਦੇ ਜੋੜਾਂ ਵਿੱਚ ਨਮੀ ਆ ਜਾਣ ਨਾਲ ਫਾਲਟ ਪੈ ਜਾਂਦਾ ਸੀ। ਫਾਲਟ ਆਉਣ ਕਾਰਨ ਘੰਟਿਆਂ ਬਿਜਲੀ ਬੰਦ ਰਹਿੰਦੀ ਸੀ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕਾਂ ਨੂੰ ਫਾਲਟ ਤੋਂ ਰਾਹਤ ਦੇਣ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਵਿੱਚ ਉਦਯੋਗਿਕ ਸਬ ਸਟੇਸ਼ਨ ਵੀ ਸ਼ਾਮਲ ਹਨ। ਸਿਲੀਕੋਨ ਕੋਟਿੰਗ ਨਾਲ ਫਾਲਟ ਦਾ ਅਸਰ ਘੱਟ ਹੋ ਜਾਂਦਾ ਹੈ। ਸਿਲੀਕੋਨ ਕੋਟਿੰਗ ਨਾਲ ਤਾਰਾਂ ਦੇ ਜੋੜਾਂ ’ਤੇ ਨਹੀਂ ਪਵੇਗਾ ਅਸਰ : ਸਬ ਸਟੇਸ਼ਨ ਦੇ ਬਸਬਾਰ ਦੇ ਜੋੜਾਂ ’ਤੇ ਸਿਲੀਕੋਨ ਕੋਟਿੰਗ ਹੋਣ ਤੋਂ ਬਾਅਦ ਬਰਸਾਤ ਦੇ ਦਿਨਾਂ ਵਿੱਚ ਨਮੀ ਦਾ ਅਸਰ ਨਹੀਂ ਪਵੇਗਾ। ਜੰਪਰ ਟੁੱਟਣ ਜਾਂ ਹੋਰ ਕਿਸੇ ਤਰ੍ਹਾਂ ਦੇ ਫਾਲਟ ਦੀ ਸੰਭਾਵਨਾ ਵੀ ਘੱਟ ਰਹੇਗੀ। ਇਹ ਕੋਟਿੰਗ ਨਮੀ ਨੂੰ ਅੰਦਰ ਜਾਣ ਤੋਂ ਰੋਕੇਗੀ। ਹੁਣ ਤੱਕ 17 ਵਿੱਚੋਂ 3 ਸਬ ਸਟੇਸ਼ਨਾਂ ’ਤੇ ਕੋਟਿੰਗ ਦਾ ਕੰਮ ਪੂਰਾ ਹੋ ਚੁੱਕਾ ਹੈ, ਜਦਕਿ ਬਾਕੀ ਸਟੇਸ਼ਨਾਂ ’ਤੇ ਕੰਮ ਜਾਰੀ ਹੈ। ਪਹਿਲਾਂ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਨੂੰ ਅਕਸਰ ਫਾਲਟ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚੁਟਾਣੀ ਨੇ ਕਿਹਾ ਕਿ ਸਿਲੀਕੋਨ ਕੋਟਿੰਗ ਨਾਲ ਫਾਲਟ ਦੀ ਸੰਭਾਵਨਾ ਕਾਫੀ ਘੱਟ ਹੋ ਜਾਵੇਗੀ। ਫਾਲਟ ਕਾਰਨ ਬਿਜਲੀ ਬੰਦ ਰਹਿਣ ਨਾਲ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਸੀ, ਪਰ ਹੁਣ ਇਸ ਵਿੱਚ ਸੁਧਾਰ ਆਵੇਗਾ। ਤਿੰਨ ਸਬ ਸਟੇਸ਼ਨਾਂ ਦੇ ਬਸਬਾਰ ’ਤੇ ਕੋਟਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਸਤਿਆਮ ਫੀਡਰ 15 ਮਿੰਟ ਲਈ ਰਿਹਾ ਬੰਦ : ਜਲੰਧਰ ਦੇ ਗਦਈਪੁਰ ਦੇ 11 ਕੇਵੀ ਸਤਿਆਮ ਫੀਡਰ ਵਿੱਚ ਤਕਨੀਕੀ ਖ਼ਰਾਬੀ ਆ ਗਈ ਸੀ। ਪਾਵਰਕਾਮ ਵੱਲੋਂ ਐਮਰਜੈਂਸੀ ਤੌਰ ’ਤੇ ਫੀਡਰ ਨੂੰ 15 ਮਿੰਟ ਲਈ ਬੰਦ ਰੱਖਿਆ ਗਿਆ। ਇਸ ਬਾਰੇ ਜਾਣਕਾਰੀ ਉਦਯੋਗਿਕ ਸੰਗਠਨਾਂ ਦੇ ਗਰੁੱਪਾਂ ਵਿੱਚ ਸਾਂਝੀ ਕੀਤੀ ਗਈ। ਬਾਅਦ ਵਿੱਚ ਖਰਾਬੀ ਠੀਕ ਕਰ ਕੇ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਗਈ।