ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਲਾਈ ਐੱਸਐੱਚਓ ਦੀ ਕਲਾਸ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਐੱਸਐੱਚਓ ਦੀ ਲਗਾਈ ਕਲਾਸ
Publish Date: Mon, 13 Oct 2025 10:44 PM (IST)
Updated Date: Mon, 13 Oct 2025 10:47 PM (IST)

-ਮੁਅੱਤਲ ਐੱਸਐੱਚਓ ਬੋਲਿਆ, ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਦਿੱਤੀ ਫੋਨ ’ਤੇ ਧਮਕੀ -ਲੋਕ ਇਨਸਾਫ਼ ਮੰਚ ਦੇ ਆਗੂਆਂ ਨੇ ਕਿਹਾ ਐੱਸਐੱਚਓ ਦੇ ਪਾਕਿਸਤਾਨੀ ਡੌਨ ਨਾਲ ਸਬੰਧ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਾਬਾਲਗ ਜਰਬਜ਼ਨਾਹ ਪੀੜਤਾ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਪੀੜਤਾ ਤੇ ਉਸਦੀ ਮਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ’ਚ ਮੁਅੱਤਲ ਕੀਤੇ ਗਏ ਫਿਲੌਰ ਥਾਣੇ ਦੇ ਸਾਬਕਾ ਐੱਸਐੱਚਓ ਭੂਸ਼ਣ ਕੁਮਾਰ ਦੀਆਂ ਮੁਸ਼ਕਲਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਸੋਮਵਾਰ ਨੂੰ ਦੋਵੇਂ ਧਿਰਾਂ ਇਸ ਮਾਮਲੇ ਨੂੰ ਲੈ ਕੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਸਾਹਮਣੇ ਪੇਸ਼ ਹੋਈਆਂ। ਡੀਐੱਸਪੀ ਸਬ ਡਿਵੀਜ਼ਨ ਫਿਲੌਰ ਸਰਵਣ ਸਿੰਘ ਬੱਲ ਵੀ ਐੱਸਐੱਚਓ ਭੂਸ਼ਣ ਕੁਮਾਰ ਦੇ ਨਾਲ ਮੌਜੂਦ ਸਨ। ਦੋਵਾਂ ਧਿਰਾਂ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਦੇਖਣ ਤੇ ਪੀੜਤਾ ਦੀ ਮਾਂ ਤੇ ਇਕ ਹੋਰ ਲੜਕੀ ਨਾਲ ਭੂਸ਼ਣ ਦੀ ਫੋਨ ’ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਸੁਣਨ ਤੋਂ ਬਾਅਦ, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਗੁੱਸੇ ’ਚ ਆ ਗਈ ਤੇ ਐੱਸਐੱਚਓ ਦੀ ਕਲਾਸ ਲਗਾਈ। ਚੇਅਰਪਰਸਨ ਨੇ ਕਿਹਾ ਕਿ ਉਹ ਵਰਦੀ ਦੀ ਆੜ ’ਚ ਔਰਤਾਂ ਦੇ ਸ਼ੋਸ਼ਣ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ’ਚ ਐੱਸਐੱਚਓ ਭੂਸ਼ਣ ਮੁਲਜ਼ਮ ਪਾਏ ਜਾਂਦੇ ਹਨ ਤਾਂ ਉਹ ਖੁਦ ਕਾਰਵਾਈ ਕਰਨਗੇ। ਮਹਿਲਾ ਕਮਿਸ਼ਨ ਨੇ ਡੀਐੱਸਪੀ ਤੋਂ ਸੀਸੀਟੀਵੀ ਫੁਟੇਜ ਮੰਗੀ ਹੈ। ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਤੇ ਸਮਾਜ ਸੇਵਕ ਰਾਮਜੀ ਦਾਸ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਸ਼ਮੂਲੀਅਤ ਬਹੁਤ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਉਹ ਪਹਿਲਾਂ ਪੰਜਾਬ ’ਚ ਬੰਬ ਧਮਾਕੇ ਕਰ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਉੱਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰਨ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨੀ ਡੌਨ ਉਨ੍ਹਾਂ ਦਾ ਸਾਥੀ ਹੁੰਦਾ ਤਾਂ ਕੀ ਉਹ ਧਮਕੀਆਂ ਦਿੰਦੇ ਸਮੇਂ ਵਾਰ-ਵਾਰ ਉਨ੍ਹਾਂ ਦਾ ਨਾਮ ਲੈਂਦਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ’ਤੇ ਪਹਿਲਾਂ ਪੈਸੇ ਮੰਗਣ ਦਾ ਦੋਸ਼ ਲਗਾਇਆ ਗਿਆ ਸੀ ਤੇ ਹੁਣ ਉਨ੍ਹਾਂ ਨੂੰ ਚੁੱਪ ਕਰਾਉਣ ਤੇ ਡਰਾਉਣ ਲਈ ਡੌਨ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਡਰ ਹੈ ਤੇ ਜੇਕਰ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਹੁੰਦਾ ਹੈ ਤਾਂ ਸਾਬਕਾ ਐੱਸਐੱਚਓ ਭੂਸ਼ਣ ਕੁਮਾਰ ਜ਼ਿੰਮੇਵਾਰ ਹੋਣਗੇ। ਅੱਜ ਮਾਮਲੇ ਨੇ ਨਵਾਂ ਮੋੜ ਲੈ ਲਿਆ ਜਦੋਂ ਸਾਬਕਾ ਥਾਣਾ ਇੰਚਾਰਜ ਭੂਸ਼ਣ ਕੁਮਾਰ ਨੇ ਦੇਰ ਸ਼ਾਮ ਇਕ ਪ੍ਰੈੱਸ ਕਾਨਫਰੰਸ ’ਚ ਦੋਸ਼ ਲਗਾਇਆ ਕਿ ਜਦੋਂ ਉਹ ਚੰਡੀਗੜ੍ਹ ’ਚ ਮਹਿਲਾ ਕਮਿਸ਼ਨ ਸਾਹਮਣੇ ਆਪਣਾ ਪੱਖ ਪੇਸ਼ ਕਰਕੇ ਵਾਪਸ ਆ ਰਿਹਾ ਸੀ, ਤਾਂ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਉਸਨੂੰ ਫ਼ੋਨ ਕੀਤਾ ਤੇ ਧਮਕੀ ਦਿੱਤੀ, ਉਸਨੂੰ ਕੇਸ ਤੋਂ ਪਿੱਛੇ ਹਟਣ ਜਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਭੱਟੀ ਨੇ ਭੂਸ਼ਣ ਕੁਮਾਰ ਨੂੰ ਇਹ ਵੀ ਕਿਹਾ ਕਿ ਰਾਮਜੀ ਦਾਸ ਤੇ ਜਰਨੈਲ ਸਿੰਘ, ਜਿਨ੍ਹਾਂ ਨੇ ਪੀੜਤਾ ਤੇ ਉਸਦੀ ਮਾਂ ਨੂੰ ਇਨਸਾਫ ਦਿਵਾਉਣ ’ਚ ਮਦਦ ਕੀਤੀ ਸੀ, ਉਸਦੇ ਕਰੀਬੀ ਦੋਸਤ ਸਨ। ਭੂਸ਼ਣ ਨੇ ਸ਼ਹਿਜ਼ਾਦ ਭੱਟੀ ਨਾਲ ਆਪਣੀ ਗੱਲਬਾਤ ਦੀ ਰਿਕਾਰਡਿੰਗ ਸੁਣਾਉਂਦੇ ਹੋਏ ਕਿਹਾ ਕਿ ਪਹਿਲਾਂ ਉਸਨੂੰ 9 ਅਕਤੂਬਰ ਨੂੰ ਫਿਲੌਰ ਬੁਲਾਇਆ ਗਿਆ ਸੀ ਤੇ ਦੋਵਾਂ ਆਗੂਆਂ ਨੇ ਪੀੜਤਾ ਨਾਲ ਮਾਮਲਾ ਸੁਲਝਾਉਣ ਦੇ ਨਾਮ ’ਤੇ ਉਸ ਤੋਂ 1 ਕਰੋੜ ਰੁਪਏ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਸਨੂੰ 50 ਲੱਖ ਰੁਪਏ ’ਚ ਮਾਮਲਾ ਸੁਲਝਾਉਣ ਲਈ ਕਿਹਾ ਗਿਆ। ਜਦੋਂ ਉਸਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਤਾਂ ਹੁਣ ਉਹ ਪਾਕਿਸਤਾਨੀ ਡੌਨ ਭੱਟੀ ਵੱਲੋਂ ਉਸਦੇ ਵਿਰੁੱਧ ਧਮਕੀਆਂ ਦਵਾ ਰਹੇ ਹਨ। ਸਾਬਕਾ ਥਾਣਾ ਇੰਚਾਰਜ ਨੇ ਕਿਹਾ ਕਿ ਉਹ ਸਵੇਰੇ ਐੱਸਐੱਸਪੀ ਨੂੰ ਮਿਲਣਗੇ। ਉਹ ਜਲੰਧਰ ਦਿਹਾਤੀ ਪੁਲਿਸ ਦਫ਼ਤਰ ’ਚ ਪੇਸ਼ ਹੋ ਕੇ ਇਸ ਸਬੰਧੀ ਕਾਰਵਾਈ ਦੀ ਮੰਗ ਕਰਦੇ ਹੋਏ ਸ਼ਿਕਾਇਤ ਦਰਜ ਕਰਵਾਉਣਗੇ। ਉਹ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਵੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਉਸਨੂੰ ਮੁਅੱਤਲ ਕਰਨ ਤੋਂ ਬਾਅਦ, ਪੁਲਿਸ ਵਿਭਾਗ ਨੇ ਉਸਦੀ ਸਰਕਾਰੀ ਪਿਸਤੌਲ ਵੀ ਜ਼ਬਤ ਕਰ ਲਈ ਹੈ।