ਮਰਦਮਸ਼ੁਮਾਰੀ 15 ਮਈ ਤੋਂ : ਜੀਓ ਮੈਪਿੰਗ ਰਾਹੀਂ ਮਿਲੇਗਾ ਸਹੀ ਪਤਾ
ਜਨਗਣਨਾ 15 ਮਈ ਤੋਂ: ਜੀਓ ਮੈਪਿੰਗ ਨਾਲ ਮਿਲੇਗਾ ਸਹੀ ਪਤਾ, ਕੋਈ ਘਰ ਨਹੀਂ ਰਹੇਗਾ
Publish Date: Fri, 17 Apr 2026 11:12 PM (IST)
Updated Date: Fri, 17 Apr 2026 11:15 PM (IST)

-ਪਹਿਲੀ ਵਾਰ ਜਨਗਣਨਾ ਹੋਵੇਗੀ ਪੂਰੀ ਤਰ੍ਹਾਂ ਡਿਜੀਟਲ, ਪਹਿਲੇ ਪੜਾਅ ’ਚ ਘਰਾਂ ਦੀ ਹੋਵੇਗੀ ਲਿਸਟਿੰਗ -ਇਕ ਮੋਬਾਈਲ ਨੰਬਰ ਨਾਲ ਇਕ ਹੀ ਘਰ ਦੀ ਰਜਿਸਟ੍ਰੇਸ਼ਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 16ਵੀਂ ਮਰਦਮਸ਼ੁਮਾਰੀ 2027 ਦਾ ਪਹਿਲਾ ਪੜਾਅ ਜ਼ਿਲ੍ਹੇ ’ਚ 15 ਮਈ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੀ ਵਾਰ ਇਹ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ ਤੇ ਪਹਿਲੇ ਪੜਾਅ ’ਚ ਘਰਾਂ ਦੀ ਲਿਸਟਿੰਗ ਕੀਤੀ ਜਾਵੇਗੀ। ਇਸ ਵਿਚ ਮਕਾਨਾਂ ਦੀ ਗਿਣਤੀ ਲਈ ਜੀਓ-ਰੈਫਰੈਂਸਿੰਗ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਹਰ ਘਰ ਦੀ ਲੋਕੇਸ਼ਨ ਡਿਜ਼ਿਟਲ ਮੈਪ ‘ਤੇ ਦਰਜ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਘਰ ਨਾ ਛੁੱਟੇ ਤੇ ਨਾ ਹੀ ਕਿਸੇ ਘਰ ਦੀ ਦੁਬਾਰਾ ਗਿਣਤੀ ਹੋਵੇ। ਜ਼ਿਲ੍ਹਾ ਅੰਕੜਾ ਅਧਿਕਾਰੀ ਸੁਨੀਤਾ ਪਾਲ ਨੇ ਦੱਸਿਆ ਕਿ ਦੂਜੇ ਪੜਾਅ ’ਚ ਜਨਸੰਖਿਆ ਦੀ ਗਿਣਤੀ ਫਰਵਰੀ 2027 ਵਿੱਚ ਸ਼ੁਰੂ ਹੋਵੇਗੀ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਾਤੀ ਸਬੰਧੀ ਡਾਟਾ ਵੀ ਇਕੱਠਾ ਕੀਤਾ ਜਾਵੇਗਾ। ਸਰਕਾਰ ਨੇ ਜਨਗਣਨਾ ਦੇ ਡਾਟਾ ਦੀ ਸੁਰੱਖਿਆ ਲਈ ਇਸ ਨੂੰ ਅਤਿ ਸੰਵੇਦਨਸ਼ੀਲ ਜਾਣਕਾਰੀ ਢਾਂਚੇ ਦੀ ਸ਼੍ਰੇਣੀ ’ਚ ਸ਼ਾਮਲ ਕੀਤਾ ਹੈ। ਕੇਂਦਰ ਸਰਕਾਰ ਮੁਤਾਬਕ ਜਨਗਣਨਾ ਡਾਟਾ ਨੂੰ ਉਹੀ ਉੱਚ ਪੱਧਰੀ ਸੁਰੱਖਿਆ ਮਿਲੇਗੀ ਜੋ ਪਰਮਾਣੂ ਊਰਜਾ ਕੇਂਦਰਾਂ, ਨੈਸ਼ਨਲ ਪਾਵਰ ਗ੍ਰਿਡ ਜਾਂ ਫੌਜੀ ਨੈੱਟਵਰਕ ਨੂੰ ਮਿਲਦੀ ਹੈ। ਨੈਸ਼ਨਲ ਕ੍ਰਿਟਿਕਲ ਇਨਫਰਮੇਸ਼ਨ ਇਨਫਰਾਸਟਰਕਚਰ ਪ੍ਰੋਟੈਕਸ਼ਨ ਸੈਂਟਰ ਦੀ ਨਿਗਰਾਨੀ ਹੇਠ ਡਾਟਾ ਸੁਰੱਖਿਅਤ ਰਹੇਗਾ। ਇਹ ਡਾਟਾ ਕਿਸੇ ਸਰਕਾਰੀ ਯੋਜਨਾ ਜਾਂ ਅਦਾਲਤ ਵਿਚ ਸਬੂਤ ਵਜੋਂ ਵੀ ਵਰਤਿਆ ਨਹੀਂ ਜਾ ਸਕੇਗਾ। ਇੱਥੋਂ ਤੱਕ ਕਿ ਮਰਦਮਸ਼ੁਮਾਰੀ ਦਾ ਡਾਟਾ ਗੁਪਤ ਰੱਖਿਆ ਜਾਵੇਗਾ ਤੇ ਆਰਟੀਆਈ ਦੇ ਦਾਇਰੇ ਤੋਂ ਵੀ ਬਾਹਰ ਹੋਵੇਗਾ। -------------------------------- ਇਨ੍ਹਾਂ ਚਾਰ ਸ਼੍ਰੇਣੀਆਂ ਅਧੀਨ ਪੁੱਛੇ ਜਾਣਗੇ ਸਵਾਲ ਘਰ ਤੇ ਰਹਿਣ ਵਾਲੇ : ਘਰ ਦੀ ਫਰਸ਼, ਦੀਵਾਰ ਤੇ ਛੱਤ ਵਿੱਚ ਕਿਹੜਾ ਮਟੀਰੀਅਲ ਵਰਤਿਆ ਗਿਆ ਹੈ, ਘਰ ਦੀ ਹਾਲਤ ਕੀ ਹੈ, ਘਰ ਦਾ ਮੁਖੀ ਕੌਣ ਹੈ, ਮਾਲਕ ਕੌਣ ਹੈ, ਕਿੰਨੇ ਕਮਰੇ ਹਨ, ਕਿੰਨੇ ਲੋਕ ਰਹਿੰਦੇ ਹਨ? ਸਹੂਲਤਾਂ : ਪੀਣ ਵਾਲਾ ਪਾਣੀ, ਰੋਸ਼ਨੀ, ਪਖਾਨਾ, ਡ੍ਰੇਨੇਜ ਕੁਨੈਕਸ਼ਨ, ਬਾਥਰੂਮ, ਕਿਚਨ ਤੇ ਰਸੋਈ ਵਿੱਚ ਵਰਤੇ ਜਾਣ ਵਾਲਾ ਈਂਧਣ। ਜੇ ਘਰ ਦੇ ਇੱਕ ਹੀ ਹਿੱਸੇ ਵਿੱਚ ਖਾਣਾ ਬਣਾਉਂਦੇ ਤੇ ਸੌਂਦੇ ਹਨ ਤਾਂ ਉਸ ਨੂੰ ਰਸੋਈ ਨਹੀਂ ਮੰਨਿਆ ਜਾਵੇਗਾ। ਰਸੋਈ ਉਹੀ ਦਰਜ ਹੋਵੇਗੀ ਜੋ ਵੱਖਰੀ ਤੌਰ ‘ਤੇ ਬਣੀ ਹੋਵੇ। ਸਰੋਤ : ਰੇਡੀਓ, ਟੈਲੀਵਿਜ਼ਨ, ਕੰਪਿਊਟਰ ਜਾਂ ਲੈਪਟਾਪ, ਟੈਲੀਫੋਨ, ਮੋਬਾਈਲ, ਸਮਾਰਟਫੋਨ, ਸਾਈਕਲ, ਸਕੂਟਰ, ਮੋਟਰਸਾਈਕਲ ਜਾਂ ਮੋਪੈਡ, ਕਾਰ, ਜੀਪ, ਵੈਨ, ਇੰਟਰਨੈੱਟ ਹੈ ਜਾਂ ਨਹੀਂ। ਮੋਬਾਈਲ ’ਚ ਐੱਫਐੱਮ ਹੋਣ ‘ਤੇ ਉਸ ਨੂੰ ਰੇਡੀਓ ਮੰਨਿਆ ਜਾਵੇਗਾ। ਮੋਬਾਈਲ ‘ਤੇ ਯੂਟਿਊਬ ਦੇਖਣਾ ਟੀਵੀ ਨਹੀਂ ਮੰਨਿਆ ਜਾਵੇਗਾ। ਟ੍ਰੈਕਟਰ ਨੂੰ ਵਾਹਨ ਨਹੀਂ ਮੰਨਿਆ ਜਾਵੇਗਾ। ਈ-ਰਿਕਸ਼ਾ ਜਾਂ ਆਟੋ ਨੂੰ ਕਾਰ ਜਾਂ ਬਾਈਕ ਦੀ ਸ਼੍ਰੇਣੀ ’ਚ ਨਹੀਂ ਗਿਣਿਆ ਜਾਵੇਗਾ। ਦਿਵਿਆਂਗਾਂ ਦੀ ਟ੍ਰਾਈਸਾਈਕਲ ਸਾਈਕਲ ਵਿਚ ਹੀ ਦਰਜ ਹੋਵੇਗੀ। ਅਨਾਜ : ਪਰਿਵਾਰ ਦੇ ਮੈਂਬਰ ਸਭ ਤੋਂ ਵੱਧ ਕਿਹੜਾ ਅਨਾਜ ਖਪਤ ਕਰਦੇ ਹਨ ਕਣਕ ਜਾਂ ਚੌਲ ਦਾ ਨਾਮ ਦਰਜ ਕਰਨਾ ਹੋਵੇਗਾ। --------------------------- ਮਰਦਮਸ਼ੁਮਾਰੀ ਮੁਲਾਜ਼ਮ ਇਹ ਸਵਾਲ ਨਹੀਂ ਪੁੱਛ ਸਕਦੇ ਆਮਦਨ : ਮਹੀਨਾਵਾਰ ਕਮਾਈ ਜਾਂ ਬੈਂਕ ਬੈਲੈਂਸ ਨਾਲ ਜੁੜਿਆ ਕੋਈ ਵੀ ਸਵਾਲ ਨਹੀਂ ਪੁੱਛਿਆ ਜਾਵੇਗਾ। ਦਸਤਾਵੇਜ਼ : ਆਧਾਰ, ਪੈਨ ਜਾਂ ਕਿਸੇ ਵੀ ਪਛਾਣ ਪੱਤਰ ਦੀ ਮੰਗ ਨਹੀਂ ਕੀਤੀ ਜਾਵੇਗੀ। ਬੈਂਕ ਡੀਟੇਲ, ਖਾਤਾ ਨੰਬਰ ਜਾਂ ਓਟੀਪੀ ਵਰਗੀਆਂ ਨਿੱਜੀ ਜਾਣਕਾਰੀਆਂ ਨਹੀਂ ਦੇਣੀਆਂ। --------------------------- 30 ਅਪ੍ਰੈਲ ਤੋਂ 14 ਮਈ ਤੱਕ ਘਰ ਬੈਠੇ ਕਰੋ ਸਵੈ-ਮਰਦਮਸ਼ੁਮਾਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲੇ ਪੜਾਅ ਤੋਂ ਪਹਿਲਾਂ ਲੋਕਾਂ ਨੂੰ 30 ਅਪ੍ਰੈਲ ਤੋਂ 14 ਮਈ ਤੱਕ ਸਵੈ-ਮਰਦਮਸ਼ੁਮਾਰੀ (ਆਪਣੇ-ਆਪ ਜਾਣਕਾਰੀ ਭਰਨਾ) ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਲਈ se.census.gov.in ਵੈੱਬ ਪੋਰਟਲ ‘ਤੇ ਜਾ ਕੇ ਗੂਗਲ ਮੈਪ ‘ਤੇ ਆਪਣੇ ਘਰ ਦੀ ਲੋਕੇਸ਼ਨ ਮਾਰਕ ਕਰਨੀ ਹੋਵੇਗੀ। ਘਰ ਦੇ ਮੁਖੀ ਦਾ ਨਾਮ, 10 ਅੰਕਾਂ ਵਾਲਾ ਮੋਬਾਈਲ ਨੰਬਰ ਤੇ ਈਮੇਲ ਆਈਡੀ ਦਰਜ ਕਰੋ। ਆਪਣੇ ਸੂਬੇ ਦੀ ਚੋਣ ਕਰੋ ਤੇ ਕੈਪਚਾ ਕੋਡ ਭਰੋ। ਫਿਰ ਭਾਸ਼ਾ ਚੁਣ ਕੇ ਰਜਿਸਟਰ ਮੋਬਾਈਲ ਨੰਬਰ ‘ਤੇ ਆਏ ਓਟੀਪੀ ਦੀ ਪੁਸ਼ਟੀ ਕਰੋ। ਇੱਕ ਵਾਰ ਘਰ ਦੇ ਮੁਖੀ ਦਾ ਨਾਮ ਸਬਮਿਟ ਹੋਣ ਤੋਂ ਬਾਅਦ ਬਦਲਿਆ ਨਹੀਂ ਜਾ ਸਕੇਗਾ। ਇਸ ਤੋਂ ਬਾਅਦ ਆਪਣੇ ਜ਼ਿਲ੍ਹੇ ਦੀ ਚੋਣ ਕਰੋ ਅਤੇ ਪਿੰਡ, ਕਸਬਾ ਜਾਂ ਪਿੰਨ ਕੋਡ ਦਰਜ ਕਰਕੇ ਖੋਜ ਕਰੋ। ਸਕ੍ਰੀਨ ’ਤੇ ਸੈਟੇਲਾਈਟ ਮੈਪ ਖੁੱਲ੍ਹੇਗਾ। ਇਸ ਮੈਪ ‘ਤੇ ਦਿੱਤੇ ਰੈੱਡ ਮਾਰਕਰ ਨੂੰ ਆਪਣੇ ਘਰ ਦੀ ਸਹੀ ਲੋਕੇਸ਼ਨ ‘ਤੇ ਲੈ ਜਾ ਕੇ ਕਨਫਰਮ ਕਰੋ। ਫਿਰ ਮੁੱਖ ਫਾਰਮ ਖੁੱਲ੍ਹੇਗਾ, ਜਿਸ ਵਿੱਚ ਉਪਰ ਦਿੱਤੀਆਂ ਚਾਰ ਸ਼੍ਰੇਣੀਆਂ ਵਿੱਚੋਂ ਕੁਝ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਫਾਰਮ ਭਰਨ ਤੋਂ ਬਾਅਦ ਪ੍ਰੀਵਿਊ ਕਰਕੇ ਜਾਣਕਾਰੀ ਚੈੱਕ ਕਰੋ ਅਤੇ ਸਹੀ ਹੋਣ ’ਤੇ ਫਾਈਨਲ ਸਬਮਿਟ ਕਰੋ। ਇਸ ਤੋਂ ਬਾਅਦ ਤੁਹਾਡਾ ਡਾਟਾ ਲਾਕ ਹੋ ਜਾਵੇਗਾ। ਫਾਰਮ ਜਮ੍ਹਾਂ ਹੋਣ ‘ਤੇ ਤੁਹਾਡੇ ਮੋਬਾਈਲ ‘ਤੇ ਐੱਸਐੱਮਐੱਸ ਅਤੇ ਈਮੇਲ ਰਾਹੀਂ 11 ਅੰਕਾਂ ਦਾ ਇੱਕ ਐੱਸਈ ਆਈਡੀ ਮਿਲੇਗਾ। ਜਦੋਂ ਮਰਦਮਸ਼ੁਮਾਰੀ ਮੁਲਾਜ਼ਮ ਵੈਰੀਫਿਕੇਸ਼ਨ ਲਈ ਤੁਹਾਡੇ ਘਰ ਆਏਗਾ ਤੇ ਤੁਹਾਨੂੰ ਇਹ ਐੱਸਈ ਆਈਡੀ ਦੱਸਣਾ ਹੋਵੇਗਾ। ਮੁਲਾਜ਼ਮ ਆਪਣੇ ਐਪ ਵਿਚ ਇਸ ਆਈਡੀ ਨੂੰ ਮਿਲਾ ਕੇ ਡਾਟਾ ਦੀ ਪੁਸ਼ਟੀ ਕਰੇਗਾ। ਇੱਕ ਮੋਬਾਈਲ ਨੰਬਰ ਨਾਲ ਸਿਰਫ ਇਕ ਹੀ ਘਰ ਦੀ ਰਜਿਸਟ੍ਰੇਸ਼ਨ ਹੋਵੇਗੀ। ਜੇ ਮੈਪ ‘ਤੇ ਘਰ ਦੀ ਲੋਕੇਸ਼ਨ ਗਲਤ ਦਰਜ ਕੀਤੀ ਗਈ ਤਾਂ ਐੱਸਈ ਆਈਡੀ ਮੈਚ ਨਹੀਂ ਕਰੇਗੀ ਅਤੇ ਮੁਲਾਜ਼ਮ ਨੂੰ ਮੁੜ ਸਾਰਾ ਫਾਰਮ ਭਰਨਾ ਪਵੇਗਾ।