ਸੀਬੀਐੱਸਈ : ਹਿਊਮੈਨਿਟੀਜ਼ ’ਚ ਗੁਰਨੂਰ ਤੇ ਕਾਮਰਸ ’ਚ ਮਹਿਕਪ੍ਰੀਤ ਨੇ ਮਾਰੀ ਬਾਜ਼ੀ
ਸੀਬੀਐੱਸਈ ਦੀ ਓਵਰਆਲ ਨਿਊਜ਼ ਅਤੇ ਇੰਟਰਵਿਊ
Publish Date: Wed, 13 May 2026 10:39 PM (IST)
Updated Date: Wed, 13 May 2026 10:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਬੀਐੱਸਈ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਬੁੱਧਵਾਰ ਨੂੰ ਜਾਰੀ ਕੀਤਾ ਗਿਆ। ਜ਼ਿਲ੍ਹੇ ’ਚੋਂ ਲਗਪਗ 11500 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸ ਤਹਿਤ ਕੈਂਬ੍ਰਿਜ ਇਨੋਵੇਟਿਵ ਸਕੂਲ ਤੋਂ ਹਿਊਮੈਨਿਟੀਜ਼ ਸਟ੍ਰੀਮ ’ਚ ਗੁਰਨੂਰ ਕੌਰ ਨੇ 99.2 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਇਸੇ ਸਕੂਲ ਦੀ ਨੰਦਿਤਾ ਨੇ 99 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਉੱਥੇ ਹੀ ਸਵਾਮੀ ਸੰਤਦਾਸ ਪਬਲਿਕ ਸਕੂਲ ਦੀ ਮਹਿਕਪ੍ਰੀਤ ਕੌਰ ਨੇ ਕਾਮਰਸ ਸਟ੍ਰੀਮ ’ਚ 98.8 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਪਰ ਓਵਰਆਲ ’ਚ ਤੀਜਾ ਸਥਾਨ ਪ੍ਰਾਪਤ ਕੀਤਾ। ਮੇਅਰ ਵਰਲਡ ਸਕੂਲ ਤੋਂ ਸਾਇੰਸ ਵਿੱਚ 98.6 ਫੀਸਦੀ ਤੇ ਬਲਾਸਮਜ਼ ਸਕੂਲ ਦੀ ਤਮੰਨਾ ਨੇ ਮੈਡੀਕਲ ’ਚ 98.4 ਫੀਸਦੀ ਅੰਕ ਹਾਸਲ ਕੀਤੇ। ਉੱਥੇ ਹੀ 90 ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ’ਚ 100 ਫੀਸਦੀ ਅੰਕ ਹਾਸਲ ਕੀਤੇ ਹਨ।
ਕੈਂਬ੍ਰਿਜ ਇਨੋਵੇਟਿਵ ਸਕੂਲ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਹਿਊਮੈਨਿਟੀਜ਼ ਵਿਚ 99.2 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਪਿਤਾ ਰਜਿੰਦਰ ਸਿੰਘ ਕਾਰੋਬਾਰੀ ਹਨ ਤੇ ਮਾਤਾ ਰਜਿੰਦਰ ਕੌਰ ਘਰੇਲੂ ਔਰਤ ਹਨ। ਉਸ ਨੇ ਦੱਸਿਆ ਕਿ ਉਸ ਨੂੰ ਨਾਵਲ ਪੜ੍ਹਨ ਤੇ ਟ੍ਰੈਵਲਿੰਗ ਦਾ ਬਹੁਤ ਸ਼ੌਕ ਹੈ। ਪੜ੍ਹਾਈ ਲਈ ਸਮਾਂ ਨਿਰਧਾਰਤ ਕੀਤਾ ਅਤੇ ਸਕੂਲ ਵਿੱਚ ਜੋ ਵੀ ਅਧਿਆਪਕਾਂ ਵੱਲੋਂ ਪੜ੍ਹਾਇਆ ਗਿਆ, ਉਸ ਨੂੰ ਘਰ ਆ ਕੇ ਯਾਦ ਕੀਤਾ ਤੇ ਲਿਖਣ ਦੀ ਪ੍ਰੈਕਟਿਸ ਜਾਰੀ ਰੱਖੀ। ਇਸ ਨਾਲ ਉਸ ਦੇ ਨੋਟਸ ਵੀ ਬਣਦੇ ਗਏ ਤੇ ਤਿਆਰੀ ਵੀ ਮਜ਼ਬੂਤ ਹੁੰਦੀ ਗਈ। ਇਸੇ ਕਰ ਕੇ ਪ੍ਰੀਖਿਆ ’ਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਈ। ਅਧਿਆਪਕਾਂ ਤੇ ਮਾਪਿਆਂ ਦਾ ਵੀ ਪੜ੍ਹਾਈ ’ਚ ਬਹੁਤ ਸਹਿਯੋਗ ਮਿਲਿਆ। ਉਹ ਨੈਸ਼ਨਲ ਲਾਅ ਯੂਨੀਵਰਸਿਟੀ ਦਿੱਲੀ ਤੋਂ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ।
----------------------
ਘਈ ਬੇਕਰੀ ਮਾਡਲ ਹਾਊਸ ਦੀ ਪੂਜਾ ਘਈ ਦੀ ਧੀ ਨੰਦਿਤਾ ਨੇ ਹਿਊਮੈਨਿਟੀਜ਼ ਸਟ੍ਰੀਮ ’ਚ 99 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਉਹ ਕੈਂਬ੍ਰਿਜ ਇਨੋਵੇਟਿਵ ਸਕੂਲ ਦੀ ਵਿਦਿਆਰਥਣ ਹੈ। ਉਸ ਨੇ ਦੱਸਿਆ ਕਿ ਉਸ ਨੇ ਟਾਈਮ ਟੇਬਲ ਅਨੁਸਾਰ ਪੜ੍ਹਾਈ ਕੀਤੀ। ਪੜ੍ਹਨ ਲਈ ਘੰਟੇ ਤੈਅ ਨਹੀਂ ਕੀਤੇ ਪਰ ਇਹ ਜ਼ਰੂਰ ਧਿਆਨ ਰੱਖਿਆ ਕਿ ਜਿੰਨਾ ਵੀ ਸਮਾਂ ਪੜ੍ਹਾਈ ਲਈ ਦਿੱਤਾ, ਪੂਰੀ ਲਗਨ ਨਾਲ ਦਿੱਤਾ। ਹਰ ਇਕ ਸ਼ਬਦ ਲਿਖ ਕੇ ਆਪਣੀ ਤਿਆਰੀ ਨੂੰ ਸ਼ੁਰੂ ਤੋਂ ਹੀ ਪੱਕਾ ਕੀਤਾ। ਇਸੇ ਕਰ ਕੇ ਵਧੀਆ ਅੰਕ ਆਏ। ਉਹ ਡੀਏਵੀ ਯੂਨੀਵਰਸਿਟੀ ਤੋਂ ਬੀਐੱਸਸੀ ਸਾਇਕੋਲੋਜੀ ਕਰਨਾ ਚਾਹੁੰਦੀ ਹੈ। ਉਸ ਨੂੰ ਡਾਂਸ ਤੇ ਨਾਵਲ ਪੜ੍ਹਨ ਦਾ ਵੀ ਸ਼ੌਕ ਹੈ।
--------------------------