ਹਥਿਆਰਾਂ ਦੇ ਜ਼ੋਰ ’ਤੇ ਨਕਦੀ, ਮੋਬਾਈਲ ਤੇ ਸਿਲੰਡਰ ਚੋਰੀ
-ਹੈਲਮਟ ਪਾ ਕੇ ਆਏ
Publish Date: Fri, 01 May 2026 09:17 PM (IST)
Updated Date: Fri, 01 May 2026 09:20 PM (IST)
-ਹੈਲਮਟ ਪਾ ਕੇ ਆਏ ਲੁਟੇਰੇ, ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਿਸ ਕਰ ਰਹੀ ਜਾਂਚ
ਜਾਸ, ਜਲੰਧਰ : ਜਲੰਧਰ ਦੇ ਸੋਢਲ ਰੋਡ ’ਤੇ ਸਥਿਤ ਕਾਲੀ ਮਾਤਾ ਮੰਦਰ ਨੇੜੇ ਧਰਮ ਕੰਢੇ ’ਤੇ ਦੇਰ ਰਾਤ ਲੁੱਟ ਹੋ ਗਈ। ਲਗਪਗ ਸਵੇਰੇ 3 ਵਜੇ ਤੇ 45 ਮਿੰਟ 'ਤੇ ਦੋ ਅਣਜਾਣ ਲੁਟੇਰੇ ਬਾਈਕ 'ਤੇ ਸਵਾਰ ਹੋ ਕੇ ਪੁੱਜੇ ਤੇ ਉਥੇ ਮੌਜੂਦ ਇਕ ਨੌਜਵਾਨ ਕੋਲੋਂ ਹਥਿਆਰਾਂ ਦੇ ਜ਼ੋਰ ’ਤੇ ਨਕਦੀ, ਮੋਬਾਈਲ ਫੋਨ ਤੇ ਦੋ ਸਿਲੰਡਰ ਲੁੱਟ ਕੇ ਫਰਾਰ ਹੋ ਗਏ। ਲੁਟੇਰੇ ਆਪਣੀ ਪਛਾਣ ਛੁਪਾਉਣ ਲਈ ਹੈਲਮਟ ਪਾ ਕੇ ਆਏ ਸਨ। ਇਹ ਘਟਨਾ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ, ਜਿਸ ਦੇ ਆਧਾਰ 'ਤੇ ਪੁਲਿਸ ਜਾਂਚ ਕਰ ਰਹੀ ਹੈ। ਧਰਮ ਕੰਢੇ ਦੇ ਮਾਲਕ ਅਭਿਮਨਿਊ ਨੇ ਦੱਸਿਆ ਕਿ ਰਾਤ ਨੂੰ ਉਨ੍ਹਾਂ ਦਾ ਮੁਲਾਜ਼ਮ ਡਿਊਟੀ 'ਤੇ ਮੌਜੂਦ ਸੀ। ਇਸ ਦੌਰਾਨ ਦੋ ਨੌਜਵਾਨ ਬਾਈਕ 'ਤੇ ਆਏ ਤੇ ਮੁਲਾਜ਼ਮ ਨੂੰ ਡਰਾਉਣ ਕੇ ਉਸ ਕੋਲੋਂ ਲਗਪਗ 15 ਹਜ਼ਾਰ ਰੁਪਏ ਨਕਦ ਤੇ ਮੋਬਾਈਲ ਫੋਨ ਖੋਹ ਲਿਆ। ਇਸ ਤੋਂ ਬਾਅਦ ਉਥੇ ਰੱਖੇ ਦੋ ਗੈਸ ਸਿਲੰਡਰ ਵੀ ਚੁੱਕ ਲਏ ਤੇ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੀ ਜਾਣਕਾਰੀ ਸਵੇਰੇ ਲਗਪਗ 10 ਵਜੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਦਿੱਤੀ ਗਈ। ਜਾਣਕਾਰੀ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ’ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।