ਹੁਕਮਾਂ ਦੀ ਉਲੰਘਣਾ ’ਤੇ ਰੈਸਟੋਰੈਂਟ ਦੇ ਮਾਲਕ ਖਿਲਾਫ ਮਾਮਲਾ ਦਰਜ
ਪੁਲਿਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਰੈਸਟੋਰੈਂਟ ਦੇ ਮਾਲਕ ਦੇ ਖਿਲਾਫ ਮਾਮਲਾ ਦਰਜ
Publish Date: Tue, 16 Sep 2025 10:04 PM (IST)
Updated Date: Tue, 16 Sep 2025 10:05 PM (IST)
-ਦੇਰ ਰਾਤ ਤੱਕ ਗਾਹਕਾਂ ਨੂੰ ਮੁਹੱਈਆ ਕਰਵਾ ਰਿਹਾ ਸੀ ਖਾਣਾ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਸੱਤ ਦੀ ਪੁਲਿਸ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਪੀਪੀਆਰ ਮਾਲ ’ਚ ਸਥਿਤ ਇਕ ਰੈਸਟੋਰੈਂਟ ਦੇ ਮਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਤ ਦੇ ਮੁਖੀ ਸਬ ਇੰਸਪੈਕਟਰ ਰਮੇਸ਼ ਕੁਮਾਰ ਨੇ ਦੱਸਿਆ ਕਿ ਏਐੱਸਆਈ ਬਲਵਿੰਦਰ ਪਾਲ ਪੁਲਿਸ ਪਾਰਟੀ ਸਮੇਤ ਬੀਤੀ ਰਾਤ 12 ਵਜੇ ਦੇ ਕਰੀਬ ਇਲਾਕੇ ’ਚ ਗਸ਼ਤ ਕਰ ਰਹੇ ਸਨ। ਉਨ੍ਹਾਂ ਨੂੰ ਮੁਖਬਰ ਖਾਸ ਨੇ ਇਕ ਵੀਡੀਓ ਭੇਜੀ ਜਿਸ ’ਚ ਉਸ ਨੇ ਦੱਸਿਆ ਕਿ ਪੀਪੀਆਰ ਮਾਰਕੀਟ ’ਚ ਸਥਿਤ ਅੰਮ੍ਰਿਤਸਰੀ ਰਸੋਈ ਰੈਸਟੋਰੈਂਟ ਦਾ ਮਾਲਕ ਮਾਨਵ ਅਰੋੜਾ ਪੁਲਿਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਆਪਣਾ ਰੈਸਟੋਰੇਟ ਖੋਲ੍ਹ ਕੇ ਬੈਠਾ ਹੈ ਤੇ ਗਾਹਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਬਾਹਰ ਟੇਬਲ ਲਾ ਕੇ ਮੁਹੱਈਆ ਕਰਵਾ ਰਿਹਾ ਹੈ। ਜਿਸ ’ਤੇ ਫੌਰੀ ਕਾਰਵਾਈ ਕਰਦਿਆਂ ਏਐੱਸਆਈ ਬਲਵਿੰਦਰ ਪਾਲ ਨੇ ਤੁਰੰਤ ਪੀਪੀਆਰ ਮਾਰਕੀਟ ’ਚ ਛਾਪਾਮਾਰੀ ਕੀਤੀ ਤਾਂ ਉਕਤ ਰੈਸਟੋਰੈਂਟ ਖੁੱਲ੍ਹਾ ਪਾਇਆ ਗਿਆ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਰੈਸਟੋਰੈਂਟ ਦੇ ਮਾਲਕ ਮਾਨਵ ਅਰੋੜਾ ਖਿਲਾਫ ਬੀਐੱਨਐੱਸ ਦੀ ਧਾਰਾ 223 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਪੁਲਿਸ ਕਮਿਸ਼ਨਰ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ ਕੋਈ ਵੀ ਰੈਸਟੋਰੈਂਟ 11 ਵਜੇ ਤੋਂ ਬਾਅਦ ਖੁੱਲ੍ਹਾ ਨਹੀਂ ਰਹੇਗਾ ਤੇ ਨਾ ਹੀ ਕਿਸੇ ਗਾਹਕ ਨੂੰ ਇਸ ਤੋਂ ਬਾਅਦ ਕੋਈ ਚੀਜ਼ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਜੇ ਭਵਿੱਖ ’ਚ ਵੀ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।