ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਜੋੜੇ ’ਤੇ ਪਰਚਾ
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਪਤੀ ਪਤਨੀ ’ਤੇ ਮਾਮਲਾ ਦਰਜ
Publish Date: Sat, 13 Dec 2025 07:16 PM (IST)
Updated Date: Sat, 13 Dec 2025 07:18 PM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਂਦਰੀ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪ੍ਰੀਤ ਵਾਸੀ ਗਾਂਧੀ ਕੈਂਪ ਨੇ ਸੋਸ਼ਲ ਮੀਡੀਆ ’ਤੇ ਇਕ ਇਸ਼ਤਿਹਾਰ ਦੇਖ ਕੇ ਕੋਰਟ ਕੰਪਲੈਕਸ ਲਾਗੇ ਸਥਿਤ ਇਕ ਟਰੈਵਲ ਏਜੰਟ ਦੇ ਦਫਤਰ ’ਚ ਹਰਦੀਪ ਸਿੰਘ ਤੇ ਉਸ ਦੀ ਪਤਨੀ ਅਰਣਜੀਤ ਕੌਰ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਉਸ ਨੂੰ ਵਿਦੇਸ਼ ਭੇਜਣ ਲਈ 6 ਲੱਖ ਰੁਪਏ ਮੰਗੇ ਤੇ ਭਰੋਸਾ ਦਿਵਾਇਆ ਕਿ ਦੋ ਮਹੀਨੇ ਦੇ ਅੰਦਰ ਅੰਦਰ ਉਸ ਦਾ ਵੀਜ਼ਾ ਲਗਵਾ ਕੇ ਵਿਦੇਸ਼ ਭੇਜ ਦਿੱਤਾ ਜਾਵੇਗਾ। ਉਨ੍ਹਾਂ ਦੇ ਭਰੋਸਾ ਦਿਵਾਉਣ ਤੇ ਉਸ ਨੇ 6 ਲੱਖ ਰੁਪਏ ਪਾਸਪੋਰਟ ਤੇ ਹੋਰ ਦਸਤਾਵੇਜ਼ ਉਨ੍ਹਾਂ ਦੋਵਾਂ ਨੂੰ ਦੇ ਦਿੱਤੇ। ਦੋ ਮਹੀਨੇ ਬੀਤਣ ਦੇ ਬਾਅਦ ਵੀ ਜਦੋਂ ਵੀਜ਼ਾ ਨਹੀਂ ਆਇਆ ਤਾਂ ਉਹ ਉਨ੍ਹਾਂ ਕੋਲ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਦੀ ਫਾਈਲ ਲੱਗੀ ਹੋਈ ਹੈ ਤੇ ਕੁਝ ਦਿਨਾਂ ’ਚ ਹੀ ਉਸ ਦਾ ਵੀਜ਼ਾ ਆ ਜਾਵੇਗਾ। ਜਦੋਂ ਕਾਫੀ ਮਹੀਨੇ ਬੀਤਣ ’ਤੇ ਵੀ ਵੀਜ਼ਾ ਨਹੀਂ ਆਇਆ ਤਾਂ ਉਸ ਨੇ ਉਨ੍ਹਾਂ ਦੇ ਦਫਤਰ ਜਾ ਕੇ ਪੈਸਿਆਂ ਦੀ ਮੰਗ ਕੀਤੀ ਤਾਂ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ। ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਕਮਿਸ਼ਨਰੇਟ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਜਿਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਦਿੱਤੀ। ਏਐੱਸਆਈ ਬਲਵਿੰਦਰ ਸਿੰਘ ਵੱਲੋਂ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਜੋੜੇ ਖਿਲਾਫ ਧਾਰਾ 316(2)318(4)13 ਪੀਟੀ ਪੀਆਰ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।