ਹਮਲਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਪਿੰਡ ਮੁਹਦੀਪੁਰ ਅਰਾਈਆਂ ’ਚ ਰੰਜਿਸ਼ਨ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਵਾਲੇ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਤਿੰਨੋਂ ਮੁਲਜ਼ਮ ਸਕੇ ਭਰਾ ਹਨ। ਪੁਲਿਸ ਨੇ ਇਸ ਮਾਮਲੇ ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Thu, 28 May 2026 09:47 PM (IST)
Updated Date: Thu, 28 May 2026 09:49 PM (IST)

ਜਾਸ, ਜਲੰਧਰ : ਪਿੰਡ ਮੁਹਦੀਪੁਰ ਅਰਾਈਆਂ ’ਚ ਰੰਜਿਸ਼ਨ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਵਾਲੇ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਹ ਤਿੰਨੋਂ ਮੁਲਜ਼ਮ ਸਕੇ ਭਰਾ ਹਨ। ਪੁਲਿਸ ਨੇ ਇਸ ਮਾਮਲੇ ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਮੁਹਦੀਪੁਰ ਅਰਾਈਆਂ ਦੇ ਕੁਲਦੀਪ ਚੰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 19 ਮਈ 2026 ਦੀ ਰਾਤ ਕਰੀਬ ਸਾਢੇ 12 ਵਜੇ ਉਹ ਪਿੰਡ ’ਚ ਸਥਿਤ ਸੁਰਜੀਤ ਕੁਮਾਰ ਦੀ ਦੁਕਾਨ ਦੇ ਬਾਹਰ ਖੜ੍ਹਾ ਹੋ ਕੇ ਕੁਝ ਲੋਕਾਂ ਨਾਲ ਗੱਲਬਾਤ ਕਰ ਰਿਹਾ ਸੀ। ਇਸ ਦੌਰਾਨ ਉਥੇ ਪਿੰਡ ਦੇ ਸੁਰਜੀਤ ਕੁਮਾਰ, ਚਰਨਜੀਤ ਉਰਫ਼ ਡੋਗਰ ਤੇ ਸੋਮ ਲਾਲ ਉਰਫ਼ ਸੋਮਾ ਆ ਗਏ। ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ, ਜੋ ਦੇਖਦਿਆਂ ਹੀ ਦੇਖਦਿਆਂ ਵਿਵਾਦ ’ਚ ਬਦਲ ਗਈ। ਉਕਤ ਲੋਕਾਂ ਨੇ ਰਲ ਕੇ ਉਸ ਨਾਲ ਮਾਰਕੁੱਟ ਕੀਤੀ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਉਸ ਦੇ ਕਾਫੀ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਥਾਣਾ ਪਤਾਰਾ ਦੀ ਪੁਲਿਸ ਨੇ ਐੱਮਐੱਲਆਰ ਤੇ ਪੀੜਤ ਦੇ ਬਿਆਨਾਂ 'ਤੇ ਮੁਲਜ਼ਮ ਖ਼ਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਕਰ ਰਹੇ ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਹਰੇਕ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।