ਆਰਟੀਓ ਪਹੁੰਚੇ ਬਿਨੇ ਕਾਰਾਂ ਨੂੰ ਸੇਵਾ ਕੇਂਦਰ ਭੇਜਿਆ, ਲੋਕਾਂ ਨੂੰ ਨਹੀਂ ਪਤਾ ਕਿੱਥੇ ਕਰਨ ਅਰਜ਼ੀ

-ਸੇਵਾ ਕੇਂਦਰਾਂ ’ਚ ਪਹਿਲੇ ਦਿਨ ਅਰਜ਼ੀਆਂ ਦੀ ਗਿਣਤੀ ਰਹੀ ਆਮ
-ਆਰਟੀਓ ਦੀਆਂ 28 ਸੇਵਾਵਾਂ ਸੇਵਾ ਕੇਂਦਰਾਂ ਦੇ ਹਵਾਲੇ, ਕੁੱਲ 56 ਸੇਵਾਵਾਂ ਲੋਕਾਂ ਨੂੰ ਮਿਲਣਗੀਆਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਰਕਾਰ ਨੇ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਅੱਜ ਤੋਂ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕਰ ਦਿੱਤੀਆਂ ਪਰ ਬਿਨੈਕਾਰਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਅਰਜ਼ੀ ਕਿੱਥੇ ਦੇਣ। ਵੀਰਵਾਰ ਤੋਂ ਆਰਟੀਓ ਦੀਆਂ 28 ਸੇਵਾਵਾਂ ਸੇਵਾ ਕੇਂਦਰਾਂ ਨੂੰ ਸੌਂਪ ਦਿੱਤੀਆਂ ਗਈਆਂ ਪਰ ਜਾਣਕਾਰੀ ਦੀ ਕਮੀ ਕਾਰਨ ਕਈ ਲੋਕ ਸਿੱਧੇ ਆਰਟੀਓ ਦਫ਼ਤਰ ਅਰਜ਼ੀ ਲੈ ਕੇ ਪਹੁੰਚ ਗਏ, ਜਿੱਥੋਂ ਉਨ੍ਹਾਂ ਨੂੰ ਸੇਵਾ ਕੇਂਦਰ ਜਾਣ ਲਈ ਕਿਹਾ ਗਿਆ। ਪ੍ਰਸ਼ਾਸਨਿਕ ਕੰਪਲੈਕਸ ਦੇ ਸੇਵਾ ਕੇਂਦਰ ’ਚ ਕੁਝ ਅਰਜ਼ੀਆਂ ਵੱਧੀਆਂ ਪਰ ਸ਼ਹਿਰ ਦੇ ਹੋਰ ਇਲਾਕਿਆਂ ਦੇ ਸੇਵਾ ਕੇਂਦਰਾਂ ‘ਤੇ ਟੋਕਨ ਦੀ ਗਿਣਤੀ ਨਹੀਂ ਵਧਾਈ ਗਈ। ਜਿੱਥੇ ਪਹਿਲਾਂ 150 ਹੁੰਦੇ ਸੀ, ਅੱਜ ਵੀ ਉਹੀ ਰਹੀ। ਜਾਣਕਾਰੀ ਨਾ ਹੋਣ ਕਾਰਨ ਬਿਨੈਕਾਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਪਹਿਲੇ ਦਿਨ ਲਰਨਿੰਗ ਲਾਇਸੈਂਸ ਦੀਆਂ ਅਰਜ਼ੀਆਂ ਸੇਵਾ ਕੇਂਦਰਾਂ ਨਾਲ ਨਾਲ ਆਰਟੀਓ ਦਫ਼ਤਰ ‘ਚ ਵੀ ਲਈਆਂ ਗਈਆਂ। ਸੇਵਾ ਕੇਂਦਰਾਂ ’ਚ ਕੰਮ ਕਰ ਰਹੇ ਕਰਮਚਾਰੀਆਂ ਨੇ ਕਿਹਾ ਕਿ ਸੇਵਾਵਾਂ ਤਾਂ ਵਧਾ ਦਿੱਤੀਆਂ ਪਰ ਕਰਮਚਾਰੀਆਂ ਦੀ ਗਿਣਤੀ ਨਹੀਂ ਵਧਾਈ। ਪਹਿਲੇ ਦਿਨ ਤਾਂ ਘੱਟ ਮੁਸ਼ਕਲ ਆਈ ਪਰ ਜਦੋਂ ਸੇਵਾਵਾਂ 56 ਹੋ ਜਾਣਗੀਆਂ ਤਾਂ ਕੰਮ ’ਤੇ ਅਸਰ ਪਵੇਗਾ ਹੀ। ਆਰ.ਟੀ.ਓ ’ਚ ਚਾਲਾਨ ਭੁਗਤਾਨ, ਜੁਰਮਾਨਾ ਭਰਨੇ ਵਰਗੇ ਕੰਮ ਆਮ ਤਰੀਕੇ ਨਾਲ ਚੱਲਦੇ ਰਹੇ ਜਦਕਿ ਬਾਕੀ ਸੇਵਾ ਵਿੰਡੋ ਬੰਦ ਰਹੀਆਂ। ਆਪਣੇ ਕੰਮ ਲਈ ਆਏ ਲੋਕ ਆਰ.ਟੀ.ਓ. ਕਰਮਚਾਰੀਆਂ ਤੇ ਏਜੰਟਾਂ ਨਾਲ ਪੁੱਛਦੇ ਦਿਖਾਈ ਦਿੱਤੇ। ਬਸਤੀ ਬਾਵਾ ਖੇਲ ਤੋਂ ਆਏ ਪ੍ਰਿੰਸ ਨੇ ਕਿਹਾ ਕਿ ਉਸ ਨੇ ਬਾਈਕ ਖਰੀਦੀ ਹੈ ਤੇ ਉਹ ਇਸ ਨੂੰ ਆਪਣੇ ਨਾਮ ‘ਤੇ ਕਰਵਾਉਣਾ ਚਾਹੁੰਦਾ ਸੀ। ਜਦ ਉਹ ਆਰ.ਟੀ.ਓ. ਦਫ਼ਤਰ ਆਇਆ ਤਾਂ ਪਤਾ ਲੱਗਿਆ ਇਹ ਕੰਮ ਸੇਵਾ ਕੇਂਦਰ ’ਤੇ ਹੁੰਦਾ ਹੈ। ਇੱਥੇ ਤਾਂ ਸੇਵਾ ਕੇਂਦਰ ਨੇੜੇ ਹੈ ਪਰ ਜਿਹੜੇ ਲੋਕ ਦੂਰੋਂ ਆਉਣਗੇ, ਉਨ੍ਹਾਂ ਨੂੰ ਤਾਂ ਮੁਸ਼ਕਲ ਹੋਵੇਗੀ। ਲੋਕਾਂ ਨੂੰ ਇਹ ਜਾਣਕਾਰੀ ਕਿਵੇਂ ਹੋਵੇਗੀ ਕਿ ਵਿਭਾਗ ਦੇ ਚੱਕਰ ਨਹੀਂ ਕੱਟਣੇ, ਸਿੱਧਾ ਨੇੜਲੇ ਸੇਵਾ ਕੇਂਦਰ ਜਾਣਾ ਚਾਹੀਦਾ ਹੈ। ਆਰ.ਸੀ. ਲਈ ਮੋਬਾਈਲ ਨੰਬਰ ਅੱਪਡੇਟ ਕਰਵਾਉਣ ਆਏ ਸੇਵਕ ਰਾਮ ਨੇ ਕਿਹਾ ਕਿ ਉਹ ਇਕ ਕੰਪਨੀ ‘ਚ ਡਰਾਈਵਰ ਹੈ ਤੇ ਆਰ.ਸੀ. ’ਚ ਨੰਬਰ ਅੱਪਡੇਟ ਕਰਵਾਉਣ ਆਇਆ ਸੀ ਪਰ ਹੁਣ ਉਸ ਨੂੰ ਸੇਵਾ ਕੇਂਦਰ ਜਾਣਾ ਪਵੇਗਾ। ਜਿੱਥੇ ਅਰਜ਼ੀ ਦੇਣ ਤੋਂ ਬਾਅਦ ਉਸ ਦਾ ਕੰਮ ਹੋਵੇਗਾ। ਹੁਣ ਦੇਖਣਾ ਇਹ ਹੈ ਕਿ ਕੰਮ ਆਸਾਨ ਹੋਇਆ ਹੈ ਜਾਂ ਔਖਾ।
---
ਕੰਮ ਨਹੀਂ ਸੇਵਾਵਾਂ ਦਿੱਤੀਆਂ ਨੇ ਸੇਵਾ ਕੇਂਦਰਾਂ ਨੂੰ
ਜਿਹੜੇ ਕੰਮ ਵਿਭਾਗ ਨੇ ਕਰਨੇ ਹਨ ਉਹ ਉੱਥੇ ਹੀ ਹੋਣਗੇ। ਸੇਵਾ ਕੇਂਦਰ ’ਚ ਅਰਜ਼ੀਆਂ ਦਿੱਤੀਆਂ ਜਾਣਗੀਆਂ, ਜਿਹੜੀਆਂ ਵਿਭਾਗ ਕੋਲ ਭੇਜੀਆਂ ਜਾਣਗੀਆਂ। ਉੱਥੋਂ ਅਪਰੂਵਲ ਹੋ ਕੇ ਕੰਮ ਮੁੜ ਸੇਵਾ ਕੇਂਦਰ ਵੱਲ ਆਵੇਗਾ। ਬਿਨੈਕਾਰ ਓਥੋਂ ਹੀ ਆਪਣਾ ਦਸਤਾਵੇਜ਼ ਲਵੇਗਾ। ਡਰਾਈਵਿੰਗ ਲਾਇਸੈਂਸ ਦਾ ਟੈਸਟ ਤੇ ਫੋਟੋ ਲਈ ਆਵੇਦਕਾਂ ਨੂੰ ਆਰ.ਟੀ.ਓ. ਆਉਣਾ ਹੀ ਪਵੇਗਾ। ਚਾਲਾਨ ਦੀ ਮਨਜ਼ੂਰੀ ਤੇ ਜੁਰਮਾਨਾ ਵੀ ਆਰ.ਟੀ.ਓ. ’ਚ ਹੀ ਭਰਿਆ ਜਾਵੇਗਾ।
ਵਿਸ਼ਾਲ ਗੋਇਲ, ਏ.ਆਰ.ਟੀ.ਓ., ਜਲੰਧਰ
---
ਆਰ.ਟੀ.ਓ. ਦੇ ਜਿਹੜੇ ਕੰਮ ਸੇਵਾ ਕੇਂਦਰਾਂ ਰਾਹੀਂ ਹੋਣਗੇ, ਉਨ੍ਹਾਂ ਮੁਤਾਬਕ ਲਰਨਿੰਗ ਲਾਇਸੈਂਸ, ਲਰਨਿੰਗ ਲਾਇਸੈਂਸ ‘ਤੇ ਨਾਮ ਬਦਲਣਾ, ਪਤਾ ਬਦਲਣਾ, ਡੁਪਲੀਕੇਟ ਲਰਨਿੰਗ ਲਾਇਸੈਂਸ, ਡੁਪਲੀਕੇਟ ਡਰਾਈਵਿੰਗ ਲਾਇਸੈਂਸ, ਡਰਾਈਵਿੰਗ ਲਾਇਸੈਂਸ ਰਿਨਿਊਅਲ, ਡਰਾਈਵਿੰਗ ਲਾਇਸੈਂਸ ਰੀਪਲੇਸਮੈਂਟ, ਡਰਾਈਵਿੰਗ ਲਾਇਸੈਂਸ ‘ਤੇ ਪਤਾ ਜਾਂ ਨਾਮ ਬਦਲਣਾ, ਜਨਮ ਤਾਰੀਖ ਬਦਲਣਾ, ਲਰਨਿੰਗ ਲਾਇਸੈਂਸ ਐਕਸਟੈਂਸ਼ਨ, ਡੁਪਲੀਕੇਟ ਸਰਟੀਫਿਕੇਟ ਦੀ ਰਜਿਸਟ੍ਰੇਸ਼ਨ, ਨੋ ਓਬਜੈਕਸ਼ਨ ਸਰਟੀਫਿਕੇਟ ਆਫ਼ ਆਰ.ਸੀ., ਰਜਿਸਟ੍ਰੇਸ਼ਨ ‘ਤੇ ਪਤਾ ਬਦਲਣਾ, ਆਰ.ਸੀ. ‘ਤੇ ਪਤਾ ਬਦਲਣਾ, ਵਾਹਨ ਦੀ ਮਾਲਕੀ ਬਦਲਣਾ, ਐਡੀਸ਼ਨਲ ਲਾਈਫਟਾਈਮ ਟੈਕਸ, ਮੋਬਾਈਲ ਨੰਬਰ ਅੱਪਡੇਟ ਤੇ ਇੰਸ਼ੋਰੈਂਸ ਦਾ ਫਿਟਨੈੱਸ ਸਰਟੀਫਿਕੇਟ ਆਦਿ ਸ਼ਾਮਲ ਹੈ।