ਨਕੋਦਰ–ਨੂਰਮਹਿਲ ਮਾਰਗ ’ਤੇ ਚਲਦੀ ਕਾਰ ਨੂੰ ਲੱਗੀ ਅੱਗ
ਨਕੋਦਰ–ਨੂਰਮਹਿਲ ਮਾਰਗ ’ਤੇ ਚਲਦੀ ਕਾਰ ਨੂੰ ਅੱਗ, ਵੱਡਾ ਹਾਦਸਾ ਟਲਿਆ
Publish Date: Mon, 11 May 2026 09:25 PM (IST)
Updated Date: Mon, 11 May 2026 09:27 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ-ਨੂਰਮਹਿਲ ਮੁੱਖ ਮਾਰਗ ’ਤੇ ਸੋਮਵਾਰ ਦੁਪਹਿਰ ਰਿਲਾਇੰਸ ਪੈਟਰੋਲ ਪੰਪ ਦੇ ਸਾਹਮਣੇ ਇਕ ਚਲਦੀ ਕਾਰ ਅਚਾਨਕ ਅੱਗ ਦੀ ਲਪੇਟ ਵਿਚ ਆ ਗਈ। ਖੁਸ਼ਕਿਸਮਤੀ ਰਹੀ ਕਿ ਸਹੀ ਸਮੇਂ ਮਿਲੀ ਸਹਾਇਤਾ ਨਾਲ ਕਾਰ ਚਾਲਕ ਦੀ ਜਾਨ ਬਚ ਗਈ ਤੇ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਨਕੋਦਰ ਨਿਵਾਸੀ ਜਿੰਮੀ ਸਿੰਘ ਆਪਣੀ ਕਾਰ ਰਾਹੀਂ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਤੋਂ ਆਪਣੇ ਬੱਚੇ ਨੂੰ ਲੈਣ ਜਾ ਰਹੇ ਸਨ। ਜਿਵੇਂ ਹੀ ਉਹ ਰਿਲਾਇੰਸ ਪੰਪ ਨੇੜੇ ਪਹੁੰਚੇ, ਕਾਰ ਦੇ ਇੰਜਣ ’ਚ ਅਚਾਨਕ ਸ਼ਾਰਟ ਸਰਕਟ ਹੋਇਆ ਤੇ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਕੁਝ ਹੀ ਪਲਾਂ ਵਿਚ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਕਾਰ ਪੂਰੀ ਤਰ੍ਹਾਂ ਸੜ ਗਈ। ਇਸ ਦੌਰਾਨ ਪਿੱਛੇ ਆ ਰਹੇ ਪ੍ਰਦੀਪ ਕੁਮਾਰ ਅਤੇ ਉਸਦੇ ਸਾਥੀਆਂ ਨੇ ਤੁਰੰਤ ਕਾਰ ਰੋਕ ਕੇ ਚਾਲਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਅੱਗ ਬੁਝਾਉਣ ਲਈ ਪੈਟਰੋਲ ਪੰਪ ਤੋਂ ਮਦਦ ਮੰਗੀ ਪਰ ਉਥੋਂ ਲੋੜੀਂਦਾ ਸਹਿਯੋਗ ਨਾ ਮਿਲਣ ’ਤੇ ਲੋਕਾਂ ਵਿੱਚ ਨਾਰਾਜ਼ਗੀ ਵੀ ਦੇਖੀ ਗਈ। ਇਲਾਕੇ ਵਿੱਚ ਟ੍ਰੈਫਿਕ ਦਾ ਭਾਰੀ ਦਬਾਅ ਹੋਣ ਕਾਰਨ ਸਥਿਤੀ ਹੋਰ ਵੀ ਖਤਰਨਾਕ ਬਣ ਸਕਦੀ ਸੀ ਪਰ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾ ਲਿਆ। ਫਾਇਰ ਵਿਭਾਗ ਅਨੁਸਾਰ ਉਨ੍ਹਾਂ ਨੂੰ 2:02 ਵਜੇ ਸੂਚਨਾ ਮਿਲੀ ਅਤੇ 2:09 ਵਜੇ ਟੀਮ ਮੌਕੇ ’ਤੇ ਪਹੁੰਚ ਗਈ ਸੀ। ਅੱਗ ’ਤੇ ਕਾਬੂ ਪਾਉਣ ਤੋਂ ਬਾਅਦ ਟ੍ਰੈਫਿਕ ਨੂੰ ਮੁੜ ਸੁਚਾਰੂ ਕੀਤਾ ਗਿਆ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰ ਪੂਰੀ ਤਰ੍ਹਾਂ ਸੜ ਕੇ ਨਸ਼ਟ ਹੋ ਗਈ।