ਵੋਟਰਾਂ ਨੂੰ ਚਾਹ-ਪਾਣੀ ਪਿਲਾਉਣ ਲਈ ਮੈਦਾਨ ’ਚ ਉਤਰੇ ਉਮੀਦਵਾਰ
ਉਮੀਦਵਾਰਾਂ ਨੇ ਵੋਟਰਾਂ ਨੂੰ ਪਿਲਾਇਆ ਚਾਹ-ਪਾਣੀ, ਖੁਦ ਮੈਦਾਨ ਵਿੱਚ ਉਤਰੇ
Publish Date: Tue, 26 May 2026 11:00 PM (IST)
Updated Date: Tue, 26 May 2026 11:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਕੌਂਸਲ ਚੋਣਾਂ ਲਈ ਆਦਮਪੁਰ ਤੇ ਕਰਤਾਰਪੁਰ ’ਚ ਚੋਣ ਉਮੀਦਵਾਰਾਂ ਨੇ ਆਪਣੇ ਪੱਧਰ ‘ਤੇ ਪੋਲਿੰਗ ਬੂਥਾਂ ਦੇ ਬਾਹਰ ਲੋਕਾਂ ਲਈ ਚਾਹ ਅਤੇ ਪਾਣੀ ਦਾ ਪ੍ਰਬੰਧ ਕੀਤਾ ਸੀ। ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਹੀ ਨਹੀਂ, ਸਗੋਂ ਹੋਰ ਵਿਰੋਧੀ ਪਾਰਟੀਆਂ ਨੇ ਵੀ ਬੂਥਾਂ ‘ਤੇ ਆਪਣੇ ਵਰਕਰਾਂ ਲਈ ਚਾਹ-ਪਾਣੀ ਦਾ ਪ੍ਰਬੰਧ ਕੀਤਾ। ਨਗਰ ਕੌਂਸਲ ਕਰਤਾਰਪੁਰ ਦੇ ਸਾਬਕਾ ਪ੍ਰਧਾਨ ਤੇ ਹੁਣ ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸੂਰਜ ਭਾਨ ਅਤੇ ਆਦਮਪੁਰ ਦੀ ਸਾਬਕਾ ਕੌਂਸਲਰ ਤੇ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 7 ਤੋਂ ਚੋਣ ਲੜ ਰਹੀ ਮਹਿਲਾ ਉਮੀਦਵਾਰ ਕਿੰਨੂ ਪਾਰਟੀ ਵਰਕਰਾਂ ਤੇ ਆਪਣੇ ਨੇੜਲਿਆਂ ਨੂੰ ਪਾਣੀ ਪਿਲਾਉਂਦੇ ਅਤੇ ਫਲ ਵੰਡਦੇ ਨਜ਼ਰ ਆਏ। ਸੂਰਜ ਭਾਨ ਨੇ ਕਿਹਾ ਕਿ ਵੋਟ ਕੋਈ ਵੀ ਕਿਸੇ ਨੂੰ ਪਾਏ ਪਰ ਇਸ ਭਿਆਨਕ ਗਰਮੀ ਵਿੱਚ ਲੋਕਾਂ ਨੂੰ ਦਿੱਕਤ ਨਹੀਂ ਆਉਣੀ ਚਾਹੀਦੀ, ਇਸ ਲਈ ਉਹ ਫਲ ਅਤੇ ਪਾਣੀ ਵੰਡ ਰਹੇ ਹਨ। ਆਦਮਪੁਰ ਦੇ ਵਾਰਡ ਨੰਬਰ 7 ਦੀ ਆਪ ਉਮੀਦਵਾਰ ਕਿੰਨੂ ਨੇ ਕਿਹਾ ਕਿ ਉਹ ਕਈ ਬੂਥਾਂ ‘ਤੇ ਡਿਊਟੀ ਕਰ ਰਹੇ ਮੁਲਾਜ਼ਮਾਂ ਲਈ ਪਾਣੀ ਲੈ ਕੇ ਗਈ ਪਰ ਸੁਰੱਖਿਆ ‘ਤੇ ਤਾਇਨਾਤ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਪਛਾਣਿਆ ਨਹੀਂ। ---------------------- ਪਾਣੀ-ਚਾਹ ਦੀ ਸੇਵਾ ਕਰਦੀ ਰਹੀ ਕਾਂਗਰਸ ਉਮੀਦਵਾਰ ਜਲੰਧਰ ਜ਼ਿਲ੍ਹੇ ਦੀਆਂ ਪੰਜ ਨਗਰ ਕੌਂਸਲਾਂ ਆਦਮਪੁਰ, ਕਰਤਾਰਪੁਰ, ਨਕੋਦਰ, ਨੂਰਮਹਿਲ ਅਤੇ ਫਿਲੌਰ, ਨਾਲ ਹੀ ਨਗਰ ਪੰਚਾਇਤ ਲੋਹੀਆਂ ਖਾਸ ਅਤੇ ਮਹਿਤਪੁਰ ਦੇ ਕੁੱਲ 99 ਵਾਰਡਾਂ ਦੇ 133 ਬੂਥਾਂ ‘ਤੇ ਤਪਦੀ ਦੁਪਹਿਰ ਵਿੱਚ ਵੀ ਵੋਟਿੰਗ ਲਈ ਲੋਕਾਂ ਦਾ ਉਤਸ਼ਾਹ ਬਣਿਆ ਰਿਹਾ। ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਅਤੇ ਆਜ਼ਾਦ ਸਮੇਤ ਕੁੱਲ 341 ਉਮੀਦਵਾਰ ਮੈਦਾਨ ਵਿੱਚ ਹਨ। ਜ਼ਿਲ੍ਹੇ ਵਿਚ ਦੁਪਹਿਰ ਤੱਕ ਕਿਸੇ ਵੀ ਤਰ੍ਹਾਂ ਦੀ ਵਿਵਾਦਤ ਜਾਂ ਹਿੰਸਕ ਘਟਨਾ ਸਾਹਮਣੇ ਨਹੀਂ ਆਈ। ਇਸ ਦੌਰਾਨ ਸਿਆਸਤ ਦੇ ਨਾਲ ਸੇਵਾ ਭਾਵਨਾ ਦੀ ਵੀ ਮਿਸਾਲ ਵੇਖਣ ਨੂੰ ਮਿਲੀ। ਜਦੋਂ ਲੋਕ ਗਰਮੀ ਵਿੱਚ ਵੋਟ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਸਨ, ਤਾਂ ਨਗਰ ਕੌਂਸਲ ਦੇ ਵਾਰਡ ਨੰਬਰ 7 ਤੋਂ ਕਾਂਗਰਸ ਦੀ ਉਮੀਦਵਾਰ ਗੁਰਮੀਤ ਕੌਰ ਸਾਹਨੀ ਖੁਦ ਹੀ ਲੋਕਾਂ ਨੂੰ ਪਾਣੀ ਅਤੇ ਚਾਹ ਪਿਲਾਉਣ ਦੀ ਸੇਵਾ ਵਿੱਚ ਜੁਟ ਗਈ। ਕਈ ਲੋਕਾਂ ਨੇ ਉਨ੍ਹਾਂ ਨੂੰ ਬੈਠਣ ਅਤੇ ਹੋਰਾਂ ਨੂੰ ਪਾਣੀ ਪਿਲਾਉਣ ਲਈ ਕਿਹਾ ਪਰ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਆਪਣੇ ਲੋਕਾਂ ਲਈ ਉਨ੍ਹਾਂ ਦਾ ਫਰਜ਼ ਹੈ। ਚਾਹੇ ਲੋਕ ਵੋਟ ਕਿਸੇ ਨੂੰ ਵੀ ਪਾਉਣ, ਪਰ ਇਸ ਗਰਮੀ ਵਿੱਚ ਕਿਸੇ ਨੂੰ ਪਾਣੀ ਪਿਲਾ ਕੇ ਉਨ੍ਹਾਂ ਨੂੰ ਮਨ ਦੀ ਤਸੱਲੀ ਮਿਲੀ ਹੈ।