ਨਿਯਮ ਤੋੜਨ ’ਤੇ ਹੁਣ ਸਿੱਧਾ ਘਰੇ ਪੁੱਜੇਗਾ ਈ-ਚਲਾਨ
ਸ਼ਹਿਰ ਵਿੱਚ ਕੈਮਰਿਆਂ ਦੀ ਨਜ਼ਰ, ਹੁਣ ਨਿਯਮ ਤੋੜਿਆ ਤਾਂ ਸਿੱਧਾ ਘਰ ਪਹੁੰਚੇਗਾ ਈ-ਚਲਾਨ
Publish Date: Mon, 11 May 2026 09:33 PM (IST)
Updated Date: Mon, 11 May 2026 09:36 PM (IST)

-ਰੈੱਡ ਲਾਈਟ ਜੰਪ ਤੋਂ ਲੈ ਕੇ ਮੋਬਾਈਲ ’ਤੇ ਗੱਲ ਕਰਦੇ ਡਰਾਈਵਿੰਗ ਤੱਕ ਸਭ ਕੁਝ ਰਿਕਾਰਡ ਕਰੇਗਾ ਸਮਾਰਟ ਸਿਸਟਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਸ਼ਹਿਰ ’ਚ ਟ੍ਰੈਫਿਕ ਪ੍ਰਬੰਧ ਨੂੰ ਹਾਈਟੈਕ ਬਣਾਉਣ ਲਈ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈਟੀਐਮਐੱਸ) ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਸ਼ਹਿਰ ਦੇ ਮੁੱਖ ਚੌਕਾਂ, ਹਾਈਵੇ ਤੇ ਸੰਵੇਦਨਸ਼ੀਲ ਥਾਵਾਂ ’ਤੇ ਹਾਈ-ਰੈਜ਼ੋਲਿਊਸ਼ਨ ਕੈਮਰੇ ਲਾਏ ਗਏ ਹਨ, ਜੋ ਹੁਣ ਹਰ ਵਾਹਨ ਦੀ ਸਰਗਰਮੀ ’ਤੇ ਨਜ਼ਰ ਰੱਖ ਰਹੇ ਹਨ। ਟ੍ਰੈਫਿਕ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਈ-ਚਲਾਨ ਸਿਸਟਮ ਹੇਠ ਨਿਯਮ ਤੋੜਨ ਵਾਲਿਆਂ ਨੂੰ ਮੌਕੇ ’ਤੇ ਰੋਕਣਾ ਲਾਜ਼ਮੀ ਨਹੀਂ ਹੋਵੇਗਾ। ਕੈਮਰੇ ਆਪਣੇ-ਆਪ ਹੀ ਵਾਹਨ ਨੰਬਰ ਪੜ੍ਹ ਕੇ ਨਿਯਮ ਉਲੰਘਣਾ ਦਾ ਰਿਕਾਰਡ ਸਿੱਧਾ ਕੰਟਰੋਲ ਰੂਮ ਤੱਕ ਪਹੁੰਚਾਉਣਗੇ। ਇਸ ਤੋਂ ਬਾਅਦ ਈ-ਚਲਾਨ ਵਾਹਨ ਮਾਲਕ ਦੇ ਮੋਬਾਈਲ ਫੋਨ ਅਤੇ ਘਰ ਦੇ ਪਤੇ ’ਤੇ ਭੇਜ ਦਿੱਤਾ ਜਾਵੇਗਾ। ਸ਼ਹਿਰ ’ਚ ਲਾਏ ਗਏ ਇਹ ਕੈਮਰੇ ਆਟੋਮੈਟਿਕ ਨੰਬਰ ਪਲੇਟ ਰਿਕਗਨੀਸ਼ਨ (ਏਐੱਨਪੀਆਰ) ਤਕਨੀਕ ਨਾਲ ਲੈਸ ਹਨ। ਇਹ ਤਕਨੀਕ ਚੱਲਦੇ ਵਾਹਨ ਦੀ ਨੰਬਰ ਪਲੇਟ ਸਕੈਨ ਕਰਕੇ ਵਾਹਨ ਦਾ ਪੂਰਾ ਰਿਕਾਰਡ ਕੱਢ ਲੈਂਦੀ ਹੈ। ਜਿਵੇਂ ਹੀ ਕੋਈ ਵਾਹਨ ਟ੍ਰੈਫਿਕ ਨਿਯਮ ਤੋੜਦਾ ਹੈ, ਉਸ ਦੀ ਫੋਟੋ ਅਤੇ ਵੀਡੀਓ ਰਿਕਾਰਡ ਹੋ ਕੇ ਸਿਸਟਮ ਵਿੱਚ ਸੇਵ ਹੋ ਜਾਂਦੀ ਹੈ। ਇਸ ਤੋਂ ਬਾਅਦ ਵਾਹਨ ਦਾ ਨੰਬਰ ਵਾਹਨ ਡਾਟਾਬੇਸ ਨਾਲ ਮੈਚ ਕੀਤਾ ਜਾਂਦਾ ਹੈ ਤੇ ਚਲਾਨ ਜਨਰੇਟ ਹੋ ਜਾਂਦਾ ਹੈ। ਟ੍ਰੈਫਿਕ ਏਡੀਸੀਪੀ ਗੁਰਬਾਜ਼ ਸਿੰਘ ਦੇ ਮੁਤਾਬਕ ਸ਼ੁਰੂਆਤ ਵਿੱਚ ਰੈੱਡ ਲਾਈਟ ਜੰਪ, ਓਵਰਸਪੀਡਿੰਗ ਤੇ ਰੌਂਗ ਸਾਈਡ ਡਰਾਈਵਿੰਗ ’ਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ ਪਰ ਹੁਣ ਸਿਸਟਮ ਨੂੰ ਹੋਰ ਐਡਵਾਂਸ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਬਿਨਾਂ ਹੈਲਮਟ, ਬਿਨਾਂ ਸੀਟ ਬੈਲਟ, ਮੋਬਾਈਲ ਫੋਨ ’ਤੇ ਗੱਲ ਕਰਦੇ ਹੋਏ ਡਰਾਈਵਿੰਗ, ਟ੍ਰਿਪਲ ਰਾਈਡਿੰਗ ਤੇ ਗਲਤ ਪਾਰਕਿੰਗ ਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗੀ। ਅਜਿਹੇ ਮਾਮਲਿਆਂ ’ਚ ਚਲਾਨ ਸਿੱਧਾ ਵਾਹਨ ਮਾਲਕ ਦੇ ਮੋਬਾਈਲ ’ਤੇ ਮੈਸੇਜ ਵਜੋਂ ਪੁੱਜੇਗਾ। ---------------------------------- ਹੁਣ ਮੈਨੁਅਲ ਰੋਕ-ਟੋਕ ਘੱਟ ਹੋਵੇਗੀ ਪਹਿਲਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਸੜਕ ’ਤੇ ਵਾਹਨ ਰੋਕ ਕੇ ਚਲਾਨ ਕੱਟਦੇ ਸਨ ਪਰ ਹੁਣ ਇਹ ਪ੍ਰਕਿਰਿਆ ਕਾਫ਼ੀ ਹੱਦ ਤੱਕ ਡਿਜ਼ੀਟਲ ਹੋ ਚੁੱਕੀ ਹੈ। ਇਸ ਨਾਲ ਜਿੱਥੇ ਟ੍ਰੈਫਿਕ ਪੁਲਿਸ ਦਾ ਕੰਮ ਆਸਾਨ ਹੋਵੇਗਾ, ਉੱਥੇ ਵਾਹਨ ਚਾਲਕਾਂ ਲਈ ਬਹਾਨੇਬਾਜ਼ੀ ਦੀ ਗੁੰਜਾਇਸ਼ ਵੀ ਘੱਟ ਹੋ ਜਾਵੇਗੀ। ਕੈਮਰੇ ਹਰ ਸਮੇਂ ਰਿਕਾਰਡਿੰਗ ਕਰਨਗੇ ਤੇ ਸਬੂਤ ਵਜੋਂ ਫੋਟੋ ਅਤੇ ਵੀਡੀਓ ਸਿਸਟਮ ਵਿੱਚ ਮੌਜੂਦ ਰਹਿਣਗੇ। ਸ਼ਹਿਰ ਦੇ ਪੀਏਪੀ ਚੌਕ, ਬੀਐੱਸਐੱਫ ਚੌਕ, ਬੀਐੱਮਸੀ ਚੌਕ ਅਤੇ ਗੁਰੂ ਨਾਨਕ ਮਿਸ਼ਨ ਚੌਕ ਸਮੇਤ ਕਈ ਮੁੱਖ ਥਾਵਾਂ ’ਤੇ ਇਹ ਪ੍ਰਬੰਧ ਲਾਗੂ ਕੀਤਾ ਜਾ ਚੁੱਕਾ ਹੈ। ਇੱਥੇ ਰੈੱਡ ਲਾਈਟ ਪਾਰ ਕਰਦੇ ਹੀ ਕੈਮਰਾ ਵਾਹਨ ਦੀ ਫੋਟੋ ਕੈਦ ਕਰ ਲੈਂਦਾ ਹੈ। ਕਈ ਵਾਹਨ ਚਾਲਕ ਅਜੇ ਵੀ ਇਹ ਸਮਝਦੇ ਹਨ ਕਿ ਜੇ ਪੁਲਿਸ ਮੁਲਾਜ਼ਮ ਮੌਕੇ ’ਤੇ ਮੌਜੂਦ ਨਹੀਂ ਹੈ ਤਾਂ ਚਲਾਨ ਨਹੀਂ ਹੋਵੇਗਾ ਪਰ ਸਮਾਰਟ ਸਿਸਟਮ ਵਿੱਚ ਅਜਿਹਾ ਸੰਭਵ ਨਹੀਂ ਹੈ। ------------------------------- ਮਾਹਰ ਵਿਨੋਦ ਅਗਰਵਾਲ, ਰੋਡ ਸੇਫਟੀ ਕਮੇਟੀ ਦੇ ਸਟੇਟ ਮੈਂਬਰ, ਮੁਤਾਬਕ ਕਈ ਵਾਰ ਲੋਕ ਜਲਦਬਾਜ਼ੀ ਵਿੱਚ ਛੋਟੀ ਗਲਤੀ ਕਰ ਦਿੰਦੇ ਹਨ ਪਰ ਕੈਮਰਾ ਹਰ ਗਤੀਵਿਧੀ ਰਿਕਾਰਡ ਕਰ ਲੈਂਦਾ ਹੈ। ਅਜਿਹੇ ’ਚ ‘ਗਲਤੀ ਨਾਲ ਹੋ ਗਿਆ’ ਵਰਗੀਆਂ ਦਲੀਲਾਂ ਹੁਣ ਜ਼ਿਆਦਾ ਕੰਮ ਨਹੀਂ ਆਉਣਗੀਆਂ। ------------------------------ ਲੋਕਾਂ ਨੂੰ ਕਿਵੇਂ ਹੋ ਸਕਦੀ ਹੈ ਪਰੇਸ਼ਾਨੀ ਈ-ਚਲਾਨ ਸਿਸਟਮ ਸ਼ੁਰੂ ਹੋਣ ਤੋਂ ਬਾਅਦ ਕਈ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਸਭ ਤੋਂ ਵੱਡੀ ਸਮੱਸਿਆ ਗਲਤ ਜਾਂ ਪੁਰਾਣੀ ਵਾਹਨ ਜਾਣਕਾਰੀ ਦੀ ਹੁੰਦੀ ਹੈ। ਜੇ ਵਾਹਨ ਵਿਕ ਚੁੱਕਾ ਹੈ ਪਰ ਆਰਸੀ ਟਰਾਂਸਫਰ ਨਹੀਂ ਹੋਈ ਤਾਂ ਚਲਾਨ ਪੁਰਾਣੇ ਮਾਲਕ ਕੋਲ ਪੁੱਜ ਸਕਦਾ ਹੈ। ਇਸੇ ਤਰ੍ਹਾਂ ਕਈ ਲੋਕ ਮੋਬਾਈਲ ਨੰਬਰ ਅਪਡੇਟ ਨਹੀਂ ਕਰਵਾਉਂਦੇ, ਜਿਸ ਕਾਰਨ ਉਨ੍ਹਾਂ ਨੂੰ ਚਲਾਨ ਦੀ ਜਾਣਕਾਰੀ ਸਮੇਂ ’ਤੇ ਨਹੀਂ ਮਿਲਦੀ। ਕੁਝ ਮਾਮਲਿਆਂ ਵਿੱਚ ਨੰਬਰ ਪਲੇਟ ਗੰਦੀ ਜਾਂ ਟੁੱਟੀ ਹੋਣ ਕਾਰਨ ਕੈਮਰਾ ਗਲਤ ਰੀਡਿੰਗ ਵੀ ਕਰ ਸਕਦਾ ਹੈ। ਇਸ ਨਾਲ ਗਲਤ ਚਲਾਨ ਦੀਆਂ ਸ਼ਿਕਾਇਤਾਂ ਸਾਹਮਣੇ ਆ ਸਕਦੀਆਂ ਹਨ। ਉੱਥੇ ਹੀ ਕਈ ਲੋਕ ਇਹ ਸੋਚ ਕੇ ਚਲਾਨ ਨਜ਼ਰਅੰਦਾਜ਼ ਕਰ ਦਿੰਦੇ ਹਨ ਕਿ ਬਾਅਦ ਵਿੱਚ ਭਰ ਦੇਵਾਂਗੇ ਪਰ ਲਗਾਤਾਰ ਚਲਾਨ ਲੰਬਿਤ ਰਹਿਣ ’ਤੇ ਵਾਹਨ ਸਬੰਧੀ ਕੰਮਾਂ ’ਚ ਦਿੱਕਤ ਆ ਸਕਦੀ ਹੈ। ----------------------- ਇਨ੍ਹਾਂ ਸਾਵਧਾਨੀਆਂ ਨਾਲ ਬਚ ਸਕਦੇ ਹੋ ਚਲਾਨ ਤੋਂ ਹਮੇਸ਼ਾ ਟ੍ਰੈਫਿਕ ਸਿਗਨਲ ਦਾ ਪਾਲਣ ਕਰੋ ਰੈੱਡ ਲਾਈਟ ’ਤੇ ਸਟਾਪ ਲਾਈਨ ਤੋਂ ਪਿੱਛੇ ਵਾਹਨ ਰੋਕੋ ਬਾਈਕ ਚਲਾਉਂਦੇ ਸਮੇਂ ਹੈਲਮਟ ਜ਼ਰੂਰ ਪਾਓ ਕਾਰ ਵਿੱਚ ਸੀਟ ਬੈਲਟ ਲਾਜ਼ਮੀ ਤੌਰ ’ਤੇ ਲਾਓ ਡਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਗਲਤ ਦਿਸ਼ਾ ’ਚ ਵਾਹਨ ਨਾ ਚਲਾਓ ਵਾਹਨ ਦੀ ਨੰਬਰ ਪਲੇਟ ਸਾਫ ਤੇ ਸਹੀ ਰੱਖੋ ਆਰਸੀ ’ਚ ਮੋਬਾਈਲ ਨੰਬਰ ਤੇ ਪਤਾ ਅਪਡੇਟ ਰੱਖੋ ਓਵਰਸਪੀਡਿੰਗ ਤੋਂ ਬਚੋ ਵਾਹਨ ਕਿਤੇ ਵੀ ਗਲਤ ਤਰੀਕੇ ਨਾਲ ਪਾਰਕ ਨਾ ਕਰੋ। ਮਾਹਰ ਵਿਨੋਦ ਅਗਰਵਾਲ ਦਾ ਕਹਿਣਾ ਹੈ ਕਿ ਕੈਮਰਿਆਂ ਤੋਂ ਬਚਣ ਦੀ ਕੋਸ਼ਿਸ਼ ਕਰਨ ਦੀ ਬਜਾਏ ਨਿਯਮਾਂ ਦੀ ਪਾਲਣਾ ਕਰਨਾ ਹੀ ਸਭ ਤੋਂ ਸੁਰੱਖਿਅਤ ਤਰੀਕਾ ਹੈ। ਕਈ ਲੋਕ ਨੰਬਰ ਪਲੇਟ ਲੁਕਾਉਣ ਜਾਂ ਮੋੜਣ ਵਰਗੀਆਂ ਹਰਕਤਾਂ ਕਰਦੇ ਹਨ ਪਰ ਅਜਿਹਾ ਕਰਨਾ ਵੀ ਕਾਨੂੰਨੀ ਤੌਰ ’ਤੇ ਅਪਰਾਧ ਹੈ ਅਤੇ ਵੱਖਰੀ ਕਾਰਵਾਈ ਹੋ ਸਕਦੀ ਹੈ। ----------------------------- -------------------------- ਸਮਾਰਟ ਟ੍ਰੈਫਿਕ ਸਿਸਟਮ ਦਾ ਮਕਸਦ ਸਿਰਫ਼ ਚਲਾਨ ਕੱਟਣਾ ਨਹੀਂ, ਸਗੋਂ ਸੜਕ ਹਾਦਸਿਆਂ ਨੂੰ ਘਟਾਉਣਾ ਅਤੇ ਟ੍ਰੈਫਿਕ ਪ੍ਰਬੰਧ ਨੂੰ ਬਿਹਤਰ ਬਣਾਉਣਾ ਹੈ। ਲਗਾਤਾਰ ਵੱਧ ਰਹੀ ਵਾਹਨਾਂ ਦੀ ਗਿਣਤੀ ਤੇ ਟ੍ਰੈਫਿਕ ਦਬਾਅ ਨੂੰ ਦੇਖਦੇ ਹੋਏ ਹੁਣ ਤਕਨੀਕ ਰਾਹੀਂ ਨਿਗਰਾਨੀ ਜ਼ਰੂਰੀ ਹੋ ਗਈ ਹੈ। ਅਜਿਹੇ ’ਚ ਸ਼ਹਿਰ ਵਾਸੀਆਂ ਲਈ ਇਹੀ ਬਿਹਤਰ ਹੋਵੇਗਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਕਿਉਂਕਿ ਹੁਣ ਸੜਕ ’ਤੇ ਹਰ ਗਲਤੀ ਕੈਮਰਿਆਂ ਦੀ ਨਜ਼ਰ ’ਚ ਹੈ। ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ