ਜ਼ਿਲ੍ਹੇ ਵਿਚ ਜਨਗਣਨਾ-2026-27 ਦੀ ਪ੍ਰਕਿਰਿਆ ਨੂੰ ਸ਼ੁਰੂ ਕਰਵਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਣਕਾਰੀ https://se.census.gov.in ’ਤੇ 14 ਮਈ ਤੱਕ ਆਨਲਾਈਨ ਭਰ ਸਕਦੇ ਹਨ ਜਿਸ ਨਾਲ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਉਨ੍ਹਾਂ ਲਈ ਬਹੁਤ ਸੁਖਾਲੀ ਹੋ ਜਾਵੇਗੀ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਜ਼ਿਲ੍ਹੇ ਵਿਚ ਜਨਗਣਨਾ-2026-27 ਦੀ ਪ੍ਰਕਿਰਿਆ ਨੂੰ ਸ਼ੁਰੂ ਕਰਵਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਣਕਾਰੀ https://se.census.gov.in ’ਤੇ 14 ਮਈ ਤੱਕ ਆਨਲਾਈਨ ਭਰ ਸਕਦੇ ਹਨ ਜਿਸ ਨਾਲ ਮਰਦਮਸ਼ੁਮਾਰੀ ਦੀ ਪ੍ਰਕਿਰਿਆ ਉਨ੍ਹਾਂ ਲਈ ਬਹੁਤ ਸੁਖਾਲੀ ਹੋ ਜਾਵੇਗੀ।
ਜਨਗਣਨਾ ਦੀ ਸ਼ੁਰੂਆਤ ਮੌਕੇ ਆਪਣੀ ਰਜਿਸਟਰੇਸ਼ਨ ਕਰਵਾਉਂਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਨਗਣਨਾ ਵਿਚ ਲੋਕਾਂ ਦੀ ਭਰਵੀਂ ਹਿੱਸੇਦਾਰੀ ਬਹੁਤ ਲਾਜ਼ਮੀ ਹੈ ਜਿਸ ਲਈ ਸਾਰਿਆਂ ਨੂੰ ਇਸ ਪ੍ਰਕਿਰਿਆ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 14 ਮਈ ਤੱਕ ਜ਼ਿਲ੍ਹਾ ਵਾਸੀ ਆਪਣੀ ਜਾਣਕਾਰੀ ਆਨਲਾਈਨ ਭਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਪਰਿਵਾਰ ਆਪਣੀ ਜਾਣਕਾਰੀ ਆਨਲਾਈਨ ਨਹੀਂ ਸਾਂਝੀ ਕਰ ਸਕਦਾ ਤਾਂ ਉਹ 15 ਮਈ ਤੋਂ ਘਰ-ਘਰ ਆ ਕੇ ਸਰਵੇਖਣ ਕਰਨ ਵਾਲੇ ਗਿਣਤੀਕਾਰਾਂ ਰਾਹੀਂ ਆਪਣੇ ਪਰਿਵਾਰਾਂ ਦੀ ਜਾਣਕਾਰੀ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਬਹੁਤ ਹੀ ਸੁਖਾਲੀ ਅਤੇ ਸੌਖੇ ਹੀ ਸਮਝ ਆ ਜਾਣ ਵਾਲੀ ਹੈ, ਜਿਸ ਨੂੰ ਲੋਕਾਂ ਵਲੋਂ ਆਸਾਨੀ ਨਾਲ ਆਨਲਾਈਨ ਮੁਕੰਮਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਵੈ-ਗਣਨਾ ਉਪਰੰਤ ਫਰਵਰੀ 2027 ਵਿਚ ਇਕ ਵਿਸਥਾਰ ਸਰਵੇਖਣ ਵੀ ਕੀਤਾ ਜਾਵੇਗਾ, ਜਿਨ੍ਹਾਂ ਪਰਿਵਾਰਾਂ ਨੇ ਪਹਿਲਾਂ ਹੀ ਆਨਲਾਈਨ ਸਵੈ-ਗਣਨਾ ਕਰ ਲਈ ਹੋਵੇਗੀ, ਉਹ ਗਿਣਤੀਕਾਰ ਨੂੰ ਸਿਰਫ਼ ਆਪਣੀ ਸਵੈ-ਗਣਨਾ ਵਾਲੀ ਆਈ.ਡੀ. ਦਿਖਾ ਕੇ ਪ੍ਰਕਿਰਿਆ ਨੂੰ ਆਸਾਨ ਬਣਾ ਸਕਦੇ ਹਨ।
ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਆਪਣੀ ਰਜਿਸਟਰੇਸ਼ਨ ਆਨਲਾਈਨ ਕਰਵਾਉਂਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਪੋਰਟਲ ਜਾਂ ਗਿਣਤੀਕਾਰਾਂ ਰਾਹੀਂ ਜਨਗਣਨਾ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਮੁਕੰਮਲ ਜਾਣਕਾਰੀ ਹਾਸਲ ਹੋ ਸਕੇ। ਉਨ੍ਹਾਂ ਕਿਹਾ ਕਿ 15 ਦਿਨਾਂ ਤੱਕ 24X7 ਚੱਲਣ ਵਾਲੇ ਪੋਰਟਲ https://se.census.gov.in ’ਤੇ ਲੋਕ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੋਰਟਲ ’ਤੇ ਮਕਾਨਾਂ ਅਤੇ ਆਬਾਦੀ ਦੀ ਜਾਣਕਾਰੀ ਲਈ ਆਸਾਨ ਸਵਾਲ ਦਿੱਤੇ ਗਏ ਹਨ ਜਿਸ ਨੂੰ ਸਹਿਜੇ ਹੀ ਭਰਿਆ ਜਾ ਸਕਦਾ ਹੈ।