ਕੈਬਨਿਟ ਮੰਤਰੀਚੀਮਾ ਨੇ ਕੇਪੀ ਨਾਲ ਪ੍ਰਗਟਾਇਆ ਦੁੱਖ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੋਹਿੰਦਰ ਸਿੰਘ ਕੇਪੀ ਦੇ ਪੁੱਤਰ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
Publish Date: Thu, 18 Sep 2025 08:07 PM (IST)
Updated Date: Thu, 18 Sep 2025 08:08 PM (IST)
-ਕਿਹਾ ਮੁਲਜ਼ਮਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਬਕਾ ਸੰਸਦ ਮੈਂਬਰ ਤੇ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਥੇ ਮਾਡਲ ਟਾਊਨ ਸਥਿਤ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੀ ਰਿਹਾਇਸ਼ ਵਿਖੇ ਪੁੱਜ ਕੇ ਕੈਬਨਿਟ ਮੰਤਰੀ ਨੇ ਇਸ ਦੁੱਖ ਦੀ ਘੜੀ ’ਚ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਪੁੱਤਰ ਦੇ ਇਸ ਤਰ੍ਹਾਂ ਵਿਛੋੜਾ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪ੍ਰਮਾਤਮਾ ਪਰਿਵਾਰ ਨੂੰ ਇਸ ਅਸਹਿ ਦੁੱਖ ਨੂੰ ਸਹਿਣ ਕਰਨ ਦੀ ਤਾਕਤ ਬਖਸ਼ੇ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਖੜ੍ਹੀ ਹੈ। ਮੁਲਜ਼ਮਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦਾ ਭਰੋਸਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਚੇਅਰਮੈਨ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪਵਨ ਕੁਮਾਰ ਟੀਨੂੰ ਤੇ ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ ਵੀ ਮੌਜੂਦ ਸਨ।