ਛੇਤੀ ਹੱਲ ਹੋਣਗੀਆਂ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ : ਭਗਤ
ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੰਭੀਰ ਨਜ਼ਰ ਆਏ ਕੈਬਨਿਟ ਮੰਤਰੀ
Publish Date: Tue, 26 May 2026 09:23 PM (IST)
Updated Date: Tue, 26 May 2026 09:25 PM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸਰਕਟ ਹਾਊਸ ਜਲੰਧਰ ’ਚ ਡੀਪੂ ਹੋਲਡਰ ਯੂਨੀਅਨ ਦੇ ਵਫ਼ਦ ਨਾਲ ਮਹੱਤਵਪੂਰਨ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ। ਮੀਟਿੰਗ ਦੌਰਾਨ ਡੀਪੂ ਹੋਲਡਰਾਂ ਨੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਘੱਟ ਕਮਿਸ਼ਨ, ਟੀਡੀਐਸ ਕਟੌਤੀ ਅਤੇ ਲੰਬੇ ਸਮੇਂ ਤੱਕ ਭੁਗਤਾਨ ਪੈਂਡਿੰਗ ਰਹਿਣ ਦੇ ਮਸਲੇ ਮੁੱਖ ਤੌਰ ‘ਤੇ ਉਠਾਏ। ਮੀਟਿੰਗ ’ਚ ਡੀਐੱਫਐੱਸਸੀ ਨਰਿੰਦਰ ਸਿੰਘ ਅਤੇ ਯੂਨੀਅਨ ਦੇ ਪ੍ਰਧਾਨ ਅਸ਼ੋਕ ਸਰੀਨ ਸਮੇਤ ਅਸ਼ਵਨੀ ਸਿੱਕਾ, ਪ੍ਰਵੇਸ਼ ਕਪੂਰ, ਹਰਜੋਤ ਸਿੰਘ ਲੱਕੀ, ਰਾਜੂ ਬਵੇਜਾ, ਗੁਰਚਰਨ ਦਾਸ, ਰਮਨ ਤੋਖੀ, ਦੀਪਕ ਜੌੜਾ, ਨੰਦ ਲਾਲ ਭਗਤ, ਦਰਸ਼ਨ ਲਾਲ, ਸਰੋਜ ਰਾਣੀ, ਰਵਿੰਦਰ ਕੌਰ ਅਤੇ ਬਿਮਲਾ ਦੇਵੀ ਸਮੇਤ ਹੋਰ ਮੈਂਬਰ ਮੌਜੂਦ ਰਹੇ। ਡੀਪੂ ਹੋਲਡਰ ਯੂਨੀਅਨ ਦੇ ਵਫ਼ਦ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਪੰਜਾਬ ਵਿੱਚ ਉਨ੍ਹਾਂ ਨੂੰ ਸਿਰਫ 90 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਦਿੱਤਾ ਜਾ ਰਿਹਾ ਹੈ, ਜਦਕਿ ਉਸ ‘ਤੇ ਵੀ 5 ਫੀਸਦੀ ਟੀਡੀਐੱਸ ਕੱਟਿਆ ਜਾਂਦਾ ਹੈ। ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿਚ ਡੀਪੂ ਹੋਲਡਰਾਂ ਨੂੰ 200 ਤੋਂ 300 ਰੁਪਏ ਪ੍ਰਤੀ ਕੁਇੰਟਲ ਤੱਕ ਕਮਿਸ਼ਨ ਮਿਲ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਡੀਪੂ ਹੋਲਡਰ ਆਰਥਿਕ ਤੌਰ ‘ਤੇ ਕਾਫੀ ਪਰੇਸ਼ਾਨ ਹਨ। ਯੂਨੀਅਨ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਹੀ ਬਹੁਤ ਘੱਟ ਕਮਿਸ਼ਨ ਮਿਲਣ ਦੇ ਬਾਵਜੂਦ ਕਈ-ਕਈ ਮਹੀਨਿਆਂ ਤੱਕ ਭੁਗਤਾਨ ਜਾਰੀ ਨਹੀਂ ਕੀਤਾ ਜਾਂਦਾ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਅਤੇ ਪਰਿਵਾਰ ਦਾ ਖਰਚਾ ਚਲਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਕਮਿਸ਼ਨ ਵਧਾਉਣ ਅਤੇ ਸਮੇਂ ਸਿਰ ਭੁਗਤਾਨ ਯਕੀਨੀ ਬਣਾਉਣ ਦੀ ਮੰਗ ਕੀਤੀ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਯੂਨੀਅਨ ਮੈਂਬਰਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਮੁੱਖ ਮੰਤਰੀ ਸਾਹਮਣੇ ਪ੍ਰਮੁੱਖਤਾ ਨਾਲ ਰੱਖਿਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਡੀਪੂ ਹੋਲਡਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਰਕਾਰ ਪੱਧਰ ‘ਤੇ ਉਚਿਤ ਤੇ ਸਕਾਰਾਤਮਕ ਯਤਨ ਕੀਤੇ ਜਾਣਗੇ। ਪੰਜਾਬ ਸਰਕਾਰ ਆਮ ਲੋਕਾਂ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ। ਮੀਟਿੰਗ ਦੌਰਾਨ ਡੀਪੂ ਹੋਲਡਰਾਂ ਨੇ ਆਪਣੀਆਂ ਸਮੱਸਿਆਵਾਂ ਵਿਸਥਾਰ ਨਾਲ ਰੱਖਦਿਆਂ ਸਰਕਾਰ ਤੋਂ ਜਲਦ ਰਾਹਤ ਦੀ ਉਮੀਦ ਪ੍ਰਗਟਾਈ।