ਆਮ ਲੋਕਾਂ ਨਾਲ ਧੱਕੇਸ਼ਾਹੀ ਵਧੀ : ਐਡਵੋਕੇਟ ਬਲਵਿੰਦਰ
‘ਆਪ’ ਸਰਕਾਰ ਵਿਚ ਹਲਕਾ ਆਦਮਪੁਰ ਵਿਚ ਆਮ ਲੋਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀਰਵਾਰ ਇਥੇ ਡੀਐੱਸਪੀ ਦਫ਼ਤਰ ਆਦਮਪੁਰ ਦੇ ਬਾਹਰ ਪ੍ਰਦਰਸ਼ਨ ਕੀਤਾ।
Publish Date: Thu, 28 May 2026 11:02 PM (IST)
Updated Date: Thu, 28 May 2026 11:04 PM (IST)

ਅਕਸ਼ੇ ਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ‘ਆਪ’ ਸਰਕਾਰ ਵਿਚ ਹਲਕਾ ਆਦਮਪੁਰ ਵਿਚ ਆਮ ਲੋਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਵੀਰਵਾਰ ਇਥੇ ਡੀਐੱਸਪੀ ਦਫ਼ਤਰ ਆਦਮਪੁਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਮੌਕੇ ਬਸਪਾ ਦੇ ਹਲਕਾ ਆਦਮਪੁਰ ਤੋਂ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਵੀ ਪੁੱਜੇ। ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਪੁਲਿਸ ਪ੍ਰਸ਼ਾਸ਼ਨ ਬਿਲਕੁਲ ਸੱਤਾਧਾਰੀ ਧਿਰ ਦੇ ਹਿਸਾਬ ਨਾਲ ਹੀ ਕੰਮ ਕਰ ਰਿਹਾ ਹੈ ਤੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਤੇ ਉਨ੍ਹਾਂ ਦੇ ਸੰਵਿਧਾਨਕ ਹੱਕ ਕੁਚਲੇ ਜਾ ਰਹੇ ਤੇ ਸੱਤਾਧਾਰੀ ਧਿਰ ਦੇ ਦਬਾਅ ਹੇਠ ਲੋਕਾਂ ’ਤੇ ਝੂਠੇ ਪਰਚੇ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਸਪਾ ਲੋਕਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ ਤੇ ਹਲਕੇ ’ਚ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦੇਵੇਗੀ। ਇਸ ਮੌਕੇ ਬਸਪਾ ਆਗੂ ਬਲਦੇਵ ਖੋਜਕੀਪੁਰ, ਮਦਨ ਮੱਦੀ, ਹਰਜਿੰਦਰ ਬਿੱਲਾ, ਜਸਬੀਰ ਪੰਡੋਰੀ, ਸੁਰਤੀ ਲਾਲ, ਮਨਜੀਤ ਦੁਖਿਆਰਾ, ਬੂਟਾ ਸਿੰਘ ਪਤਾਰਾ, ਡਾ. ਭੁਪਿੰਦਰ, ਸੁਖਦੇਵ ਬਿਆਸ ਪਿੰਡ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਬਸਪਾ ਆਗੂਆਂ ਨੇ ਕਿਹਾ ਕਿ ਆਪ ਦੇ ਰਾਜ ’ਚ ਵਧੇ ਨਸ਼ਿਆਂ ਨੂੰ ਠੱਲ੍ਹ ਪਾਈ ਜਾਵੇ। ਮੌਕੇ ’ਤੇ ਪੁੱਜੇ ਡੀਐੱਸਪੀ ਰਾਜੀਵ ਕੁਮਾਰ ਨੇ ਸੁਣਵਾਈ ਹੋਣ ਦਾ ਭਰੋਸਾ ਦਿੱਤਾ ਤੇ ਧਰਨਾ ਖ਼ਤਮ ਕੀਤਾ। ਇਸ ਮੌਕੇ ’ਤੇ ਬੰਤ ਜੈਤੇਵਲੀ, ਸੁਭਾਸ਼ ਪਤਾਰਾ, ਦਿਲਬਾਗ ਮੁਜੱਫਰਪੁਰ, ਅਮਰੀਕ ਦੂਹੜੇ, ਸਾਗਰ ਬਿਆਸ ਪਿੰਡ, ਗੁਰਮੀਤ ਚੁੰਬਰ ਆਦਿ ਵੀ ਹਾਜ਼ਰ ਸਨ।