ਆਦਮਪੁਰ ਸੀਟ ਤੋਂ ਬਲਵਿੰਦਰ ਕੁਮਾਰ ਨੂੰ ਜਿਤਾਉਣ ਬਸਪਾ ਵਰਕਰ : ਰਣਧੀਰ ਬੈਣੀਵਾਲ
ਆਦਮਪੁਰ ਸੀਟ ਤੋਂ ਬਲਵਿੰਦਰ ਕੁਮਾਰ ਨੂੰ ਜਿਤਾਉਣ ਬਸਪਾ ਵਰਕਰ : ਰਣਧੀਰ ਬੈਣੀਵਾਲ
Publish Date: Sun, 26 Apr 2026 07:54 PM (IST)
Updated Date: Sun, 26 Apr 2026 07:58 PM (IST)

- ਬਸਪਾ ਦੇ ਆਦਮਪੁਰ ਸੰਮੇਲਨ ’ਚ ਵਰਕਰਾਂ ਦਾ ਵੱਡਾ ਇਕੱਠ - ਸਾਰੇ ਵਰਗਾਂ ਨੂੰ ਨਾਲ ਲੈ ਕੇ ਸੂਬੇ ’ਚ ਸਰਕਾਰ ਬਣਾਏਗੀ ਬਸਪਾ : ਪ੍ਰਤਾਪ ਸਿੰਘ, ਡਾ. ਕਰੀਮਪੁਰੀ ਅਕਸ਼ੈਦੀਪ ਸ਼ਰਮਾ, ਪੰਜਾਬੀ ਜਾਗਰਣ ਆਦਮਪੁਰ : ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸੂਬੇ ਭਰ ’ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਪਾਰਟੀ ਵੱਲੋਂ ਸ਼ਨਿਚਰਵਾਰ ਨੂੰ ਵਿਧਾਨ ਸਭਾ ਹਲਕਾ ਆਦਮਪੁਰ ਵਿੱਚ ਵਰਕਰ ਸੰਮੇਲਨ ਕੀਤਾ ਗਿਆ, ਜਿਸ ਦੌਰਾਨ ਬਸਪਾ ਵਰਕਰਾਂ ਦਾ ਭਾਰੀ ਇਕੱਠ ਹੋਇਆ। ਹਲਕਾ ਆਦਮਪੁਰ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਦੀ ਅਗਵਾਈ ਵਿੱਚ ਹੋਏ ਇਸ ਸੰਮੇਲਨ ਵਿੱਚ ਪਾਰਟੀ ਦੇ ਸੈਂਟਰਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ, ਕੇਂਦਰੀ ਸਟੇਟ ਇੰਚਾਰਜ ਪ੍ਰਤਾਪ ਸਿੰਘ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਆਦਮਪੁਰ ਦੇ ਬਸਪਾ ਵਰਕਰਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਉਹ ਇਸ ਵਿਧਾਨ ਸਭਾ ਸੀਟ ਤੋਂ ਬਸਪਾ ਨੂੰ ਜਿਤਾ ਕੇ ਬਲਵਿੰਦਰ ਕੁਮਾਰ ਐਡਵੋਕੇਟ ਨੂੰ ਵਿਧਾਨ ਸਭਾ ਵਿੱਚ ਭੇਜਣ ਤੇ ਸੂਬੇ ਵਿੱਚ ਬਸਪਾ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਬਸਪਾ ਦੇ ਸੈਂਟਰਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪਿਛਲੇ 78 ਸਾਲਾਂ ਤੋਂ ਪੰਜਾਬ ਵਿੱਚ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਨੇ ਸੂਬੇ ਨੂੰ ਖੁਸ਼ਹਾਲ ਬਣਾਉਣ ਦੀ ਜਗ੍ਹਾ ਬਦਹਾਲੀ ਵੱਲ ਧੱਕਿਆ ਹੈ। ਸਿਹਤ, ਸਿੱਖਿਆ, ਰੁਜ਼ਗਾਰ ਦੇ ਮਾਮਲੇ ’ਚ ਸੂਬਾ ਲਗਾਤਾਰ ਪਿੱਛੇ ਜਾ ਰਿਹਾ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਖ਼ਰਾਬ ਹੈ, ਜਿਸ ਕਰ ਕੇ ਔਰਤਾਂ, ਵਪਾਰੀਆਂ ਸਮੇਤ ਆਮ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਦੇ ਲੋਕ ਜੇਕਰ ਸੂਬੇ ਨੂੰ ਖੁਸ਼ਹਾਲੀ ਤੇ ਤਰੱਕੀ ਵੱਲ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਉਹ ਇਸ ਵਾਰ ਬਸਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਜ਼ਰੂਰ ਦੇਣ। ਉਨ੍ਹਾਂ ਕਿਹਾ ਬਲਵਿੰਦਰ ਕੁਮਾਰ ਐਡਵੋਕੇਟ ਨੂੰ ਬਸਪਾ ਵੱਲੋਂ ਵਿਧਾਨਸਭਾ ਹਲਕਾ ਆਦਮਪੁਰ ਦਾ ਇੰਚਾਰਜ ਲਗਾਇਆ ਗਿਆ ਹੈ। ਆਦਮਪੁਰ ਦੇ ਬਸਪਾ ਵਰਕਰ ਉਨ੍ਹਾਂ ਨੂੰ ਇਸ ਸੀਟ ਤੋਂ ਜਿਤਾ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜਣ। ਕੇਂਦਰੀ ਸਟੇਟ ਇੰਚਾਰਜ ਪ੍ਰਤਾਪ ਸਿੰਘ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਵੀ ਪਿਛਲੀਆਂ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਵਾਂਗ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹਨ। ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ਦੇ ਲੋਕ ਇਸ ਵਾਰ ਬਸਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਜ਼ਰੂਰ ਦੇਣ। ਉਨ੍ਹਾਂ ਕਿਹਾ ਕਿ ਬਸਪਾ ਦਾ ਏਜੰਡਾ ਸਾਰੇ ਵਰਗਾਂ ਦੇ ਭਲੇ ਵਾਲਾ ਹੈ। ਬਸਪਾ ਸਾਰੇ ਵਰਗਾਂ ਨੂੰ ਨਾਲ ਲੈ ਕੇ 2027 ਵਿੱਚ ਸੂਬੇ ਵਿੱਚ ਸਰਕਾਰ ਬਣਾਏਗੀ। ਕੇਂਦਰੀ ਸਟੇਟ ਇੰਚਾਰਜ ਪ੍ਰਤਾਪ ਸਿੰਘ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਵੀ ਪਿਛਲੀਆਂ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਵਾਂਗ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹਨ।