ਬਸਪਾ ਨੇ ਬਾਬਾ ਸਾਹਿਬ ਦਾ 135ਵਾਂ ਜਨਮ ਦਿਨ ਮਨਾਇਆ
ਬਸਪਾ ਨੇ ਬਾਬਾ ਸਾਹਿਬ ਦਾ 135ਵਾਂ ਜਨਮ ਦਿਨ ਮਨਾਇਆ
Publish Date: Sun, 26 Apr 2026 08:14 PM (IST)
Updated Date: Sun, 26 Apr 2026 08:16 PM (IST)

- ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕਜੁੱਟ ਹੋਈਏ : ਕਰੀਮਪੁਰੀ ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ ਜਲੰਧਰ : ਬਸਪਾ ਹਲਕਾ ਜਲੰਧਰ ਵੈਸਟ ਵੱਲੋਂ ਭਾਰਤ ਰਤਨ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਬਸਤੀ ਦਾਨਿਸ਼ਮੰਦਾ ਹਲਕਾ ਇੰਚਾਰਜ ਐਡਵੋਕੇਟ ਪ੍ਰਿਤਪਾਲ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਦੇ ਤੌਰ ’ਤੇ ਆਏ। ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਪੰਜਾਬ, ਜਸਵੰਤ ਰਾਏ ਆਫਿਸ ਇੰਚਾਰਜ ਅਤੇ ਬਸਪਾ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ ਵਿਸ਼ੇਸ਼ ਮਹਿਮਾਨ ਸਨ। ਡਾ. ਕਰੀਮਪੁਰੀ ਨੇ ਬਾਬਾ ਸਾਹਿਬ ਨੂੰ ਸ਼ਰਧਾ ਸੁਮਨ ਅਰਪਿਤ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦਾ ਸਾਰੇ ਸਮਾਜ ਨੂੰ ਇੱਕੋ ਹੀ ਸੁਨੇਹਾ ਸੀ ਕਿ ਜੇਕਰ ਤੁਸੀਂ ਕਾਰਵਾਂ ਅੱਗੇ ਨਾ ਵਧਾ ਸਕੇ ਤਾਂ ਪਿੱਛੇ ਵੀ ਲੈ ਕੇ ਨਾ ਜਾਣਾ। ਸਾਹਿਬ ਕਾਂਸ਼ੀ ਰਾਮ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਆਪਣਾ ਸਫਰ ਸਾਈਕਲ ’ਤੇ ਸਮਾਜ ਨੂੰ ਇੱਕਜੁੱਟ ਕਰਨ ਵਾਸਤੇ ਕੀਤਾ। ਉਨ੍ਹਾਂ ਕਿਹਾ ਕਿ ਹੁਕਮਰਾਨਾ ਨਾਲ ਮੱਥਾ ਲਾਉਣ ਵਾਲੇ ਬਣੋ। ਡਾ. ਕਰੀਮਪੁਰੀ ਨੇ ਕਿਹਾ ਕਿ 2027 ਦੀ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਾਬਾ ਸਾਹਿਬ ਦੇ ਸੁਪਨਿਆਂ ਦੀ ਸਰਕਾਰ ਬਣਾਈਏ ਕਿਉਂਕਿ ਜਾਗਿਆ ਹੋਇਆ ਸਮਾਜ ਗੁਲਾਮ ਵਿਵਸਥਾ ਲਈ ਖਤਰਨਾਕ ਹੋ ਸਕਦਾ ਹੈ। 2027 ਵਿੱਚ ਗੁਲਾਮੀ ਦੇ ਸੰਗਲ ਕੱਟਣ ਲਈ ਸਮਾਜ ਨੂੰ ਇੱਕਜੁੱਟ ਹੋਣਾ ਪੈਣਾ ਹੈ। ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਅੱਜ ਦੀਆਂ ਸਿਆਸੀ ਪਾਰਟੀਆਂ ਸਾਡੇ ਸਮਾਜ ਦੇ ਲੋਕਾਂ ਨੂੰ ਹਮੇਸ਼ਾ ਹੀ ਵਰਤਦੀਆਂ ਆਈਆਂ ਹਨ। ਸਕੂਲ ਬੰਦ ਕੀਤੇ ਜਾ ਰਹੇ ਹਨ, ਮਹਿੰਗਾਈ ਕਰ ਕੇ ਹਰ ਪਾਸੇ ਬੇਹਾਲੀ ਹੋਈ ਪਈ ਹੈ। ਇਸ ਲਈ ਸਾਰੇ ਸਮਾਜ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਅਤੇ ਬਸਪਾ ਦਾ ਸਾਥ ਦੇਣ ਦੀ ਜ਼ਰੂਰਤ ਹੈ। ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ’ਤੇ ਹਿਮਾਚਲ ਪ੍ਰਦੇਸ਼ ਦੇ ਪਾਰਟੀ ਦੇ ਸਾਬਕਾ ਕੋਡੀਨੇਟਰ ਵੀਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਰੇ ਹੀ ਮਹਿਮਾਨਾਂ ਨੇ ਹਲਕਾ ਵੈਸਟ ਦੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਐਡਵੋਕੇਟ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਨੇ ਦਲਿਤ ਵਰਗ ਲਈ ਜਿੱਥੇ ਇੰਨਾ ਕੰਮ ਕੀਤਾ ਉੱਥੇ ਹੀ ਉਨ੍ਹਾਂ ਨੇ ਭਾਰਤ ਵਾਸੀਆਂ ਲਈ ਅਤੇ ਵਿਸ਼ੇਸ਼ ਕਰ ਕੇ ਔਰਤਾਂ ਨੂੰ ਸੰਵਿਧਾਨ ਰਾਹੀਂ ਬਰਾਬਰਤਾ ਦੇ ਅਧਿਕਾਰ ਦਿੱਤੇ। ਮੌਜੂਦਾ ਸਰਕਾਰਾਂ ਸੰਵਿਧਾਨ ਨੂੰ ਦਰਕਿਨਾਰ ਕਰਦੇ ਹੋਏ ਆਪਣੀ ਮਨਮਰਜ਼ੀ ਕਰ ਰਹੀਆਂ ਹਨ। ਇਸ ਮੌਕੇ ਬੱਚਿਆਂ ਨੇ ਨਾਟਕ ਪੇਸ਼ ਕੀਤੇ ਤੇ ਅੱਜ ਦੇ ਸਮਾਜ ਵਿੱਚ ਹੋ ਰਹੇ ਜ਼ੁਲਮਾਂ ਦੀ ਤਸਵੀਰ ਉਜਾਗਰ ਕੀਤੀ। ਸੀਨੀਅਰ ਆਗੂ ਵਿਜੇ ਯਾਦਵ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ। ਬਸਪਾ ਬੈਸਟ ਦੇ ਪ੍ਰਧਾਨ ਕਰਮ ਚੰਦ ਤੇ ਸੁਨੀਤਾ ਨੇ ਪੜ੍ਹਾਈ ’ਚ ਵਧੀਆ ਨੰਬਰ ਹਾਸਲ ਕਰਨ ਵਾਲੇ ਬੱਚਿਆਂ ਨੂੰ ਕਿਤਾਬਾਂ ਤੇ ਪੈੱਨ ਵੰਡੇ। ਬਹੁਤ ਸਾਰੇ ਸਾਥੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਪ੍ਰੋਗਰਾਮ ਸਫਲ ਹੋਇਆ।