ਬੀਐੱਸਐੱਫ ਚੌਕ ਧਮਾਕਾ : 6 ਦਿਨ ਬਾਅਦ ਵੀ ਜਾਂਚ ਸਵਾਲਾਂ ਦੇ ਘੇਰੇ ’ਚ
ਧਮਾਕੇ ਪਿੱਛੇ ਕੌਣ ਅਤੇ
Publish Date: Mon, 11 May 2026 10:31 PM (IST)
Updated Date: Mon, 11 May 2026 10:33 PM (IST)
-ਧਮਾਕੇ ਪਿੱਛੇ ਕੌਣ ਤੇ ਕੀ ਸੀ ਮਕਸਦ, ਸੁਰੱਖਿਆ ਏਜੰਸੀਆਂ ਹਾਲੇ ਤੱਕ ਨਹੀਂ ਪੁੱਜੀਆਂ ਕਿਸੇ ਨਤੀਜੇ ’ਤੇ
-ਇੰਟਰਨੈੱਟ ਮੀਡੀਆ ’ਤੇ ਆਏ ਦਾਅਵਿਆਂ ਬਾਵਜੂਦ ਜਾਂਚ ਦੀ ਦਿਸ਼ਾ ਹਾਲੇ ਵੀ ਅਸਪੱਸ਼ਟ
ਸੁਕਰਾਂਤ, ਜਾਗਰਣ ਸੰਵਾਦਦਾਤਾ, ਜਲੰਧਰ
ਬੀਐੱਸਐੱਫ ਚੌਕ ਨੇੜੇ ਹੋਏ ਧਮਾਕੇ ਨੂੰ ਛੇ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਧਮਾਕੇ ਪਿੱਛੇ ਕੌਣ ਲੋਕ ਸਨ ਤੇ ਉਨ੍ਹਾਂ ਦਾ ਮਕਸਦ ਕੀ ਸੀ। ਘਟਨਾ ਤੋਂ ਬਾਅਦ ਪੰਜਾਬ ਪੁਲਿਸ, ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਖੁਫੀਆ ਵਿਭਾਗ ਲਗਾਤਾਰ ਜਾਂਚ ਵਿਚ ਜੁਟੇ ਹੋਏ ਹਨ ਪਰ ਹਾਲੇ ਤੱਕ ਕਿਸੇ ਵੀ ਜਥੇਬੰਦੀ ਜਾਂ ਵਿਅਕਤੀ ਦੀ ਭੂਮਿਕਾ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਇਸ ਕਾਰਨ ਇਹ ਮਾਮਲਾ ਹੁਣ ਕਈ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ।
ਧਮਾਕੇ ਤੋਂ ਬਾਅਦ ਇੰਟਰਨੈੱਟ ਮੀਡੀਆ ’ਤੇ ਇਕ ਕਥਿਤ ਅੱਤਵਾਦੀ ਜਥੇਬੰਦੀ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਸੀ। ਦਾਅਵਾ ਕਰਨ ਵਾਲੇ ਸੰਗਠਨ ਨੇ ਇਸ ਨੂੰ ਸੁਰੱਖਿਆ ਏਜੰਸੀਆਂ ਖ਼ਿਲਾਫ਼ ਕਾਰਵਾਈ ਦੱਸਿਆ ਪਰ ਪੁਲਿਸ ਨੇ ਹਾਲੇ ਤੱਕ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ। ਅਜਿਹੇ ’ਚ ਸਵਾਲ ਉੱਠ ਰਹੇ ਹਨ ਕਿ ਜੇ ਇਹ ਦਾਅਵਾ ਸਹੀ ਸੀ ਤਾਂ ਹੁਣ ਤੱਕ ਉਸ ਜਥੇਬੰਦੀ ਜਾਂ ਉਸ ਨਾਲ ਜੁੜੇ ਲੋਕਾਂ ਖ਼ਿਲਾਫ਼ ਕੋਈ ਵੱਡੀ ਕਾਰਵਾਈ ਕਿਉਂ ਨਹੀਂ ਹੋਈ। ਦੂਜੇ ਪਾਸੇ ਜੇ ਦਾਅਵਾ ਝੂਠਾ ਸੀ ਤਾਂ ਅਸਲ ਸਾਜ਼ਿਸ਼ਕਾਰ ਅਜੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ ਕਿਉਂ ਹਨ।
---
ਜਾਂਚ ’ਚ ਹੁਣ ਤੱਕ ਕੀ ਹੋਇਆ
ਘਟਨਾ ਤੋਂ ਬਾਅਦ ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਫੁਟੇਜ ਖੰਘਾਲਣੇ ਸ਼ੁਰੂ ਕਰ ਦਿੱਤੇ। ਜਾਂਚ ਵਿਚ ਕੁਝ ਸ਼ੱਕੀ ਸਰਗਰਮੀਆਂ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਸੂਤਰਾਂ ਅਨੁਸਾਰ ਕੁਝ ਫੁਟੇਜ ’ਚ ਸ਼ੱਕੀ ਵਾਹਨ ਤੇ ਲੋਕ ਨਜ਼ਰ ਆਏ ਹਨ ਪਰ ਪੁਲਿਸ ਨੇ ਅਜੇ ਤੱਕ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ। ਜਾਂਚ ਏਜੰਸੀਆਂ ਵੱਲੋਂ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ ਹੈ। ਕੁਝ ਲੋਕਾਂ ਨੂੰ ਹਿਰਾਸਤ ’ਚ ਲਏ ਜਾਣ ਦੀਆਂ ਚਰਚਾਵਾਂ ਰਹੀਆਂ ਪਰ ਕਿਸੇ ਗ੍ਰਿਫ਼ਤਾਰੀ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪੁਲਿਸ ਮੋਬਾਈਲ ਲੋਕੇਸ਼ਨ, ਇੰਟਰਨੈੱਟ ਮੀਡੀਆ ਖਾਤਿਆਂ ਤੇ ਸ਼ੱਕੀ ਸੰਪਰਕਾਂ ਦੀ ਤਕਨੀਕੀ ਜਾਂਚ ਵੀ ਕਰ ਰਹੀ ਹੈ। ਸਰਹੱਦ ਨਾਲ ਜੁੜੇ ਸੰਭਾਵਿਤ ਪੱਖ ਨੂੰ ਦੇਖਦਿਆਂ ਕੇਂਦਰੀ ਏਜੰਸੀਆਂ ਵੀ ਸਰਗਰਮ ਹਨ। ਸੀਮਾ ਸੁਰੱਖਿਆ ਬਲ ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ।