ਪੈਸੇ ਦੀ ਅੰਨੀ ਲਾਲਸਾ ਪ੍ਰਦੂਸ਼ਣ ਲਈ ਜ਼ਿੰਮੇਵਾਰ: ਸੰਤ ਸੀਚੇਵਾਲ
ਪੈਸੇ ਦੀ ਅੰਨੀ ਲਾਲਸਾ ਪ੍ਰਦੂਸ਼ਣ ਲਈ ਜਿੰਮੇਵਾਰ- ਸੰਤ ਸੀਚੇਵਾਲ
Publish Date: Thu, 07 May 2026 08:23 PM (IST)
Updated Date: Thu, 07 May 2026 08:26 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ- ‘ਪੰਜਾਬ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਰਗਾ ਕੱਦਾਵਾਰ ਸਿਆਸੀ ਆਗੂ ਪੰਜਾਬ ਦੀ ਕਿਸੇ ਵੀ ਸਿਆਸੀ ਧਿਰ ਕੋਲ ਨਹੀਂ ਹੈ। ਪੰਜਾਬ ਦੇ ਵਧੇਰੇ ਲੋਕਾਂ ਦੀ ਪਸੰਦ ਭਗਵੰਤ ਮਾਨ ਹਨ, ਇਸੇ ਲਈ 2027 ਵਿੱਚ ਹੋਣ ਵਾਲੀ ਸੱਤਾ ਦੀ ਲੜਾਈ ’ਚ ਆਪ ਦਾ ਪੱਲਾ ਭਾਰੂ ਰਹਿਣ ਦੀ ਸੰਭਾਵਨਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਰਾਜ ਸਭਾ ’ਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਕ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੁਝ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਮਾਨ ਕੋਲ ਸਿਆਸੀ ਯੋਗਤਾ ਹੈ, ਜਿਹੜੀ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਨਜ਼ਰ ਆ ਰਹੀ ਹੈ। ਆਪ ਦੇ 6 ਰਾਜ ਸਭਾ ਮੈਂਬਰਾਂ ਵੱਲੋਂ ਭਾਜਪਾ ਵਿੱਚ ਚਲੇ ਜਾਣ ਦੇ ਚਰਚਿਤ ਮੁੱਦੇ ਦੇ ਸੰਦਰਭ ਵਿੱਚ ਸੰਤ ਸੀਚੇਵਾਲ ਨੇ ਕਿਹਾ ਕਿ ਇਸ ਦੀ ਬੁਣਤੀ ਕਾਫੀ ਦੇਰ ਪਹਿਲਾਂ ਤੋਂ ਬਣੀ ਜਾ ਰਹੀ ਸੀ।
ਸਮਾਜਿਕ ਤੇ ਧਾਰਮਿਕ ਖੇਤਰ ਵਿੱਚ ਵੱਡਾ ਰੁਤਬਾ ਹੋਣ ਦੇ ਬਾਵਜੂਦ ਰਾਜ ਸਭਾ ਦਾ ਮੈਂਬਰ ਬਣ ਜਾਣ ਦੇ ਸੰਦਰਭ ਵਿੱਚ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਆਮ ਤੌਰ ‘ਤੇ ਸਿਆਸੀ ਆਗੂ ਆਮ ਲੋਕਾਂ ਦੀ ਬਿਹਤਰੀ ਨੂੰ ਤਰਜੀਹ ਨਹੀਂ ਦਿੰਦੇ। ਇੱਛਾ ਸ਼ਕਤੀ ਬਲਵਾਨ ਹੋਵੇ ਤਾਂ ਸਿਆਸਤ ਰਾਹੀਂ ਲੋਕਾਂ ਲਈ ਕੁਝ ਚੰਗਾ ਕਰ ਸਕਣ ਦੀਆਂ ਸੰਭਾਵਨਾ ਹੁੰਦੀਆਂ ਹਨ। ਇਸੇ ਸੰਦਰਭ ਵਿੱਚ ਮੈਂ ਰਾਜ ਸਭਾ ਵਿੱਚ ਜਾਣਾ ਠੀਕ ਸਮਝਿਆ। ਪ੍ਰਦੂਸ਼ਣ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸੰਤ ਸੀਚੇਵਾਲ ਨੇ ਕਿਹਾ ਕਿ ਧਨਾਢਾਂ ਦੀ ਮਹਾਂ ਲਾਲਚੀ ਬਿਰਤੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ। ਉਨ੍ਹਾਂ ਇੱਕ ਹੈਰਾਨੀ ਜਨਕ ਵਰਤਾਰੇ ਦਾ ਹਵਾਲਾ ਦਿੱਤਾ।
ਉਨ੍ਹਾਂ ਕਿਹਾ ਕਿ ਉਦਯੋਗ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਬਿਜਲਈ ਲਾਭ ਲੈਣ ਲਈ ਕੁਝ ਧਨਾਢ ਉਦਯੋਗਪਤੀਆਂ ਵੱਲੋਂ ਬੁੱਢੇ ਦਰਿਆ ਵਿੱਚ ਸਾਇਨਾਡ ਪਾਇਆ ਜਾਂਦਾ ਰਿਹਾ ਹੈ। ਅਕਾਲੀ-ਭਾਜਪਾ ਦਰਮਿਆਨ ਸਿਆਸੀ ਸਮਝੌਤੇ ਦੀਆਂ ਕਨਸੋਆਂ ਬਾਰੇ ਸੰਤ ਸੀਚੇਵਾਲ ਨੇ ਕਿਹਾ ਕਿ ਸਿਆਸਤ ਦੇ ਅਸਥਿਰ ਦੌਰ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਕਲਾਬਾਜ਼ੀ ਤੋਂ ਇਨਕਾਰੀ ਨਹੀਂ ਕੀਤਾ ਜਾ ਸਕਦਾ। ਮਿਲਣੀ ਦੇ ਆਖਰ ਵਿੱਚ ਸੰਤ ਸੀਚੇਵਾਲ ਨੇ ਦੁਹਰਾਇਆ ਕਿ ਪੈਸੇ ਦੀ ਅੰਨੀ ਲਾਲਸਾ ਹਵਾ ਪਾਣੀ ਨੂੰ ਜ਼ਹਿਰੀਲਾ ਕਰਨ ਲਈ ਜ਼ਿੰਮੇਵਾਰ ਹੈ।