ਜਾਸ, ਜਲੰਧਰ : ਲਾਇਲਪੁਰ

ਜਾਸ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ’ਚ ਸਿਵਲ ਡਿਫੈਂਸ ਏਅਰ ਰੇਡ ਤੇ ਬਲੈਕਆਊਟ ਮੌਕ ਡ੍ਰਿੱਲ ’ਚ ਕਿਸੇ ਵੀ ਸਥਿਤੀ ਨਾਲ ਨਿਪਟਣ ਦਾ ਅਭਿਆਸ ਕੀਤਾ ਗਿਆ। ਬਹੁਮੰਜ਼ਿਲਾਂ ਇਮਾਰਤ ’ਚ ਅੱਗ ਲੱਗਣ 'ਤੇ ਸਿਵਲ ਡਿਫੈਂਸ ਦੀ ਟੀਮ ਨੇ ਲੋਕਾਂ ਨੂੰ ਚੌਕਸ ਕੀਤਾ। ਬਚਾਅ ਟੁਕੜੀ ਲੋਕਾਂ ਨੂੰ ਸੁਰੱਖਿਅਤ ਬਚਾਉਣ ਦੀ ਮੁਹਿੰਮ 'ਤੇ ਡਟ ਗਈ। ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕਰਵਾਈ ਗਈ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਸ਼ੁਰੂ ਹੋਣ 'ਤੇ ਬਿਜਲੀ ਬੰਦ ਕਰ ਦਿੱਤੀ ਗਈ। ਇਸ ਦੌਰਾਨ ਸੜਕਾਂ ਤੇ ਇਮਾਰਤਾਂ ਪੂਰੀ ਤਰ੍ਹਾਂ ਹਨੇਰਾ ਛਾ ਗਿਆ। ਬਲੈਕਆਊਟ ਮਗਰੋਂ ਸਬੰਧਤ ਵਿਭਾਗਾਂ ਨੇ ਰਲ ਕੇ ਅੱਗ ਬੁਝਾਉਣ ਦੀ ਕਾਰਵਾਈ, ਭਾਲ ਤੇ ਬਚਾਅ ਆਪ੍ਰੇਸ਼ਨ, ਪਹਿਲੀ ਸਹਾਇਤਾ ਤੇ ਮੈਡੀਕਲ ਸਹਾਇਤਾ, ਜਖ਼ਮੀਆਂ ਨੂੰ ਸੁਰੱਖਿਅਤ ਬਚਾਉਣ, ਟ੍ਰੈਫਿਕ ਤੇ ਭੀੜ ਕਾਬੂ ਕਰਨ ਦੇ ਉਪਾਅ ਦੀ ਰਿਹਰਸਲ ਕੀਤੀ। ਡ੍ਰਿਲ ਦਾ ਸਮਾਪਤੀ 'ਆਲ ਕਲੀਅਰ' ਸਿਗਨਲ ਨਾਲ ਹੋਇਆ, ਜਿਸ ’ਚ 2 ਮਿੰਟ ਤੱਕ ਲਗਾਤਾਰ ਉੱਚੀ ਆਵਾਜ਼ ਵਾਲਾ ਸਾਇਰਨ ਵੱਜਿਆ। ਐੱਸਡੀਐੱਮ ਨਵਦੀਪ ਸਿੰਘ ਦੀ ਬ੍ਰੀਫਿੰਗ ਮਗਰੋਂ ਸ਼ੁਰੂ ਹੋਏ ਇਸ ਅਭਿਆਸ ਦਾ ਟੀਚਾ ਹੰਗਾਮੀ ਸਥਿਤੀ ’ਚ ਵੱਖ-ਵੱਖ ਵਿਭਾਗਾਂ ਦੀ ਤਿਆਰੀਆਂ ਤੇ ਆਪਸੀ ਤਾਲਮੇਲ ਨੂੰ ਪਰਖਣਾ ਸੀ। ਇਹ ਮੌਕ ਡ੍ਰਿਲ 'ਏਅਰ ਰੇਡ' ਚਿਤਾਵਨੀ ਸਿਗਨਲ ਨਾਲ ਸ਼ੁਰੂ ਹੋਈ। ਇਸ ਤੋਂ ਬਾਅਦ ਰਾਤ 8 ਵਜੇ ਤੋਂ 8:15 ਵਜੇ ਤੱਕ ਪੂਰੇ ਖੇਤਰ ’ਚ ਬਲੈਕਆਊਟ ਰੱਖਿਆ ਗਿਆ।
ਸਿਵਲ ਡਿਫੈਂਸ ਏਅਰ ਰੇਡ ਹੰਗਾਮੀ ਅਭਿਆਸ ਹੈ, ਜਿਸ ਦਾ ਟੀਚਾ ਯੁੱਧ, ਹਵਾਈ ਹਮਲੇ ਜਾਂ ਕੁਦਰਤੀ ਆਫਤ ਵਰਗੀਆਂ ਸਥਿਤੀਆਂ ’ਚ ਨਾਗਰਿਕ ਸੁਰੱਖਿਆ ਦੀਆਂ ਤਿਆਰੀਆਂ ਨੂੰ ਪਰਖਣਾ ਹੈ। ਇਸ ’ਚ ਸਾਇਰਨ ਵਜਾ ਕੇ, ਰੋਸ਼ਨੀ ਬੰਦ ਕਰਕੇ (ਬਲੈਕਆਊਟ) ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਤੇ ਬਚਾਅ ਕਾਰਜਾਂ ਦਾ ਸਿਖਲਾਈ ਦਿੱਤਾ ਜਾਂਦਾ ਹੈ। ਅਭਿਆਸ ਦੌਰਾਨ ਸਿਵਲ ਡਿਫੈਂਸ ਦੇ ਕਮਾਂਡੈਂਟ ਜਸਕਰਨ ਸਿੰਘ ਦੀ ਅਗਵਾਈ ’ਚ ਸਿਵਲ ਡਿਫੈਂਸ ਦੇ ਵਲੰਟੀਅਰਾਂ, ਜ਼ਿਲ੍ਹਾ ਪੁਲਿਸ, ਸਿਹਤ ਵਿਭਾਗ, ਨਗਰ ਨਿਗਮ, ਐੱਸਡੀਆਰਐੱਫ, ਐੱਨਸੀਸੀ ਅਤੇ ਹੋਮਗਾਰਡਜ਼ ਦੇ ਜਵਾਨਾਂ ਨੇ ਸਰਗਰਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਵੀ ਆਪੋ-ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਮੌਕ ਡ੍ਰਿਲ ’ਚ ਇਹ ਦੇਖਿਆ ਗਿਆ ਕਿ ਹੰਗਾਮੀ ਸਥਿਤੀ ’ਚ ਸਾਰੀਆਂ ਏਜੰਸੀਆਂ ਕਿੰਨੀ ਤੇਜ਼ੀ ਤੇ ਤਾਲਮੇਲ ਨਾਲ ਕੰਮ ਕਰਦੀਆਂ ਹਨ। ਜ਼ਖ਼ਮੀਆਂ ਨੂੰ ਸਟਰੈਚਰ 'ਤੇ ਲਿਆਉਣ, ਐਂਬੂਲੈਂਸ ਤੱਕ ਪਹੁੰਚਾਉਣ ਤੇ ਹਸਪਤਾਲ ਵਿਚ ਭਰਤੀ ਕਰਨ ਦੀ ਪੂਰੀ ਪ੍ਰਕਿਰਿਆ ਦਾ ਅਭਿਆਸ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਤਕਨੀਕ ਦਿਖਾਈ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਹ ਇਕ ਰੁਟੀਨ ਅਭਿਆਸ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੌਕ ਡ੍ਰਿਲਾਂ ਦਾ ਮੁੱਖ ਮਕਸਦ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਕਰਨਾ ਅਤੇ ਵਿਭਾਗਾਂ ਵਿਚਾਲੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨਾ ਹੈ। ਅਜਿਹੀ ਐਕਸਰਸਾਈਜ਼ ਨਾਲ ਨਾ ਸਿਰਫ ਪ੍ਰਸ਼ਾਸਨ ਦੀ ਮੁਸਤੈਦੀ ਦੀ ਜਾਂਚ ਹੁੰਦੀ ਹੈ, ਸਗੋਂ ਆਮ ਲੋਕਾਂ ਵਿਚ ਵੀ ਆਫਤ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਏਅਰ ਰੇਡ ਜਾਂ ਕਿਸੇ ਵੀ ਆਫਤ ਦੀ ਸਥਿਤੀ ’ਚ ਬਲੈਕਆਊਟ, ਸਾਇਰਨ ਤੇ ਬਚਾਅ ਕਾਰਜ ਦੀ ਜਾਣਕਾਰੀ ਹੋਣਾ ਹਰ ਨਾਗਰਿਕ ਲਈ ਜ਼ਰੂਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਵਿੱਖ ’ਚ ਵੀ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਅਭਿਆਸ ਕਰਵਾਏ ਜਾਣਗੇ। ਸਥਾਨਕ ਲੋਕਾਂ ਨੇ ਵੀ ਮੌਕ ਡ੍ਰਿਲ ’ਚ ਸਹਿਯੋਗ ਦਿੱਤਾ ਤੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖੀਆਂ। ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਇਰਨ ਦੇ ਸੰਕੇਤਾਂ ਨੂੰ ਸਮਝਣ ਤੇ ਕਿਸੇ ਵੀ ਹੰਗਾਮੀ ਸਥਿਤੀ ਵਿਚ ਅਫਵਾਹਾਂ 'ਤੇ ਧਿਆਨ ਨਾ ਦੇਣ।