ਭਾਜਪਾ ਨੇ ਮਾਨ ਸਰਕਾਰ ਖ਼ਿਲਾਫ਼ ਕੱਢਿਆ ਵਿਸ਼ਾਲ ਰੋਸ ਮਾਰਚ
ਭਾਜਪਾ ਨੇ ਭਗਵੰਤ ਮਾਨ ਪੰਜਾਬ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਮਾਰਚ ਕੱਢਿਆ
Publish Date: Fri, 08 May 2026 09:49 PM (IST)
Updated Date: Sat, 09 May 2026 04:15 AM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਦਿਨੀਂ ਅੰਮ੍ਰਿਤਸਰ ਤੇ ਜਲੰਧਰ ’ਚ ਹੋਏ ਬੰਬ ਧਮਾਕਿਆਂ ਲਈ ਭਾਰਤੀ ਜਨਤਾ ਪਾਰਟੀ ’ਤੇ ਲਾਏ ਗਏ ਬੇ-ਬੁਨਿਆਦ ਤੇ ਝੂਠੇ ਦੋਸ਼ਾਂ ਦੇ ਵਿਰੋਧ ’ਚ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਜਲੰਧਰ ’ਚ ਭਗਵੰਤ ਮਾਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਸਥਾਨਕ ਕਚਹਿਰੀ ਚੌਕ ਤੋਂ ਲੈ ਕੇ ਪੁਲਿਸ ਕਮਿਸ਼ਨਰ ਦਫ਼ਤਰ ਤੱਕ ਕੱਢਿਆ ਗਿਆ ਤੇ ਉਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪ ਕੇ ਭਗਵੰਤ ਮਾਨ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਭਾਜਪਾ ਕੋਰ ਗਰੁੱਪ ਦੇ ਮੈਂਬਰਾਂ ਵੱਲੋਂ ਕੀਤੀ ਗਈ। ਇਸ ਰੋਸ ਮਾਰਚ ’ਚ ਵੱਡੀ ਗਿਣਤੀ ’ਚ ਭਾਜਪਾ ਵਰਕਰਾਂ ਨੇ ਸ਼ਮੂਲੀਅਤ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਤੌਰ ’ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਮੇਅਰ ਤੇ ਸੂਬਾ ਮਹਾਮੰਤਰੀ ਰਾਕੇਸ਼ ਰਾਠੌਰ, ਪ੍ਰਦੇਸ਼ ਉੱਪ ਪ੍ਰਧਾਨ ਤੇ ਸਾਬਕਾ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਪ੍ਰਦੇਸ਼ ਸਕੱਤਰ ਅਨਿਲ ਸੱਚਰ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਅਮਰਜੀਤ ਸਿੰਘ ਅਮਰੀ, ਸਾਬਕਾ ਪ੍ਰਦੇਸ਼ ਪ੍ਰਧਾਨ ਭਾਰਤੀ ਜਨਤਾ ਯੁਵਾ ਮੋਰਚਾ ਸਨੀ ਸ਼ਰਮਾ ਮੁੱਖ ਰੂਪ ’ਚ ਹਾਜ਼ਰ ਸਨ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਤੇ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਭਾਜਪਾ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਦੇਸ਼ ਤੇ ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਨਾਲ ਆਮ ਆਦਮੀ ਪਾਰਟੀ ਦੀ ਗੰਢ-ਤੁੱਪ ਹੁਣ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ। ਇਸ ਮੌਕੇ ਕ੍ਰਿਸ਼ਨ ਦੇਵ ਭੰਡਾਰੀ ਨੇ ਕਿਹਾ ਕਿ ਪੰਜਾਬ ’ਚ ਤਾਨਾਸ਼ਾਹੀ ਤੇ ਝੂਠ ਦੀ ਰਾਜਨੀਤੀ ਹੋਰ ਜ਼ਿਆਦਾ ਸਮਾਂ ਨਹੀਂ ਚੱਲ ਸਕਦੀ। ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਜਪਾ ’ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਦਾਗ਼ਦਾਰ ਕਿਰਦਾਰ ਤੇ ਨਾਕਾਮੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਮੁੱਖ ਤੌਰ ’ਤੇ ਰਾਜਨ ਅੰਗੂਰਾਲ, ਵਿਪਨ ਸੱਭਰਵਾਲ, ਜ਼ਿਲ੍ਹਾ ਮਹਾਮੰਤਰੀ ਰਾਜੇਸ਼ ਕਪੂਰ, ਅਮਰਜੀਤ ਸਿੰਘ ਗੋਲਡੀ, ਮੀਡੀਆ ਇੰਚਾਰਜ ਅਮਿਤ ਭਾਟੀਆ, ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਦਵਿੰਦਰ ਭਾਰਦਵਾਜ, ਭੁਪਿੰਦਰ ਕੁਮਾਰ, ਅਸ਼ਵਨੀ ਭੰਡਾਰੀ, ਦਰਸ਼ਨ ਲਾਲ ਭਗਤ, ਅਨਿਲ ਠਾਕੁਰ ਤੇ ਹੋਰ ਭਾਜਪਾ ਵਰਕਰ ਹਾਜ਼ਰ ਸਨ।