ਜਾਸ, ਜਲੰਧਰ : ਵਰਿਆਣਾ

ਜਾਸ, ਜਲੰਧਰ : ਵਰਿਆਣਾ ਡੰਪ ਸਾਈਟ ’ਤੇ ਜਮ੍ਹਾਂ ਹੋਏ ਕੂੜੇ ਨੂੰ ਖਤਮ ਕਰਨ ਲਈ ਸ਼ੁਰੂ ਕੀਤਾ ਗਿਆ 32 ਕਰੋੜ ਰੁਪਏ ਦਾ ਬਾਇਓ-ਮਾਈਨਿੰਗ ਪ੍ਰੋਜੈਕਟ 20 ਮਹੀਨਿਆਂ ਬਾਅਦ ਵੀ ਰਫ਼ਤਾਰ ਨਹੀਂ ਫੜ ਸਕਿਆ। ਇਸ ਪ੍ਰੋਜੈਕਟ ਤਹਿਤ 32 ਮਹੀਨਿਆਂ ’ਚ 7 ਲੱਖ ਟਨ ਕੂੜਾ ਖਤਮ ਕੀਤਾ ਜਾਣਾ ਹੈ ਪਰ ਹੁਣ ਤੱਕ ਸਿਰਫ ਇਕ ਲੱਖ ਟਨ ਕੂੜਾ ਹੀ ਖਤਮ ਕੀਤਾ ਗਿਆ ਹੈ। ਪ੍ਰੋਜੈਕਟ ਦੀ ਡੈੱਡਲਾਈਨ ਅਪ੍ਰੈਲ 2027 ਹੈ ਪਰ ਕੰਮ ਸਿਰੇ ਚੜ੍ਹਦਾ ਨਜ਼ਰ ਨਹੀਂ ਆਉਂਦਾ। ਬਾਇਓਮਾਈਨਿੰਗ ਪ੍ਰੋਜੈਕਟ ਕੇਂਦਰ ਸਰਕਾਰ ਦੇ ਸਫਾਈ ਸਰਵੇਖਣ 'ਤੇ ਭਾਰੀ ਪੈ ਸਕਦਾ ਹੈ। ਸਫਾਈ ਸਰਵੇਖਣ ਵਿਚ ਜਲੰਧਰ ਨਗਰ ਨਿਗਮ ਨੂੰ ਵੈਸਟ ਮੈਨੇਜਮੈਂਟ ਕਾਰਨ ਨੁਕਸਾਨ ਹੋ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਨਗਰ ਨਿਗਮ ਨੇ 20 ਮਹੀਨਿਆਂ ’ਚ ਲਗਪਗ 4.50 ਲੱਖ ਟਨ ਕੂੜਾ ਖਤਮ ਕਰਨਾ ਸੀ ਪਰ ਨਿਗਮ ਬੜੀ ਮੁਸ਼ਕਲ ਨਾਲ ਇਕ ਲੱਖ ਟਨ ਕੂੜਾ ਹੀ ਖਤਮ ਕਰ ਸਕਿਆ। ਇਸ ਦੌਰਾਨ 20 ਮਹੀਨਿਆਂ ’ਚ ਡੰਪ ਸਾਈਟ ’ਤੇ 2.50 ਲੱਖ ਟਨ ਨਵਾਂ ਕੂੜਾ ਵੀ ਆ ਗਿਆ ਹੈ। ਹੁਣ ਬਾਕੀ ਬਚੇ 12 ਮਹੀਨਿਆਂ ’ਚ ਕੰਪਨੀ ਨੇ 6 ਲੱਖ ਟਨ ਕੂੜਾ ਖਤਮ ਕਰਨਾ ਹੈ। ਠੇਕੇਦਾਰ ਕੰਪਨੀ ਦੀ ਰਫ਼ਤਾਰ ਸ਼ੁਰੂ ਤੋਂ ਹੀ ਮੱਠੀ ਰਹੀ ਹੈ। ਦੋ ਦਿਨ ਪਹਿਲਾਂ ਠੇਕੇਦਾਰ ਕੰਪਨੀ ਨਾਲ ਸਮੀਖਿਆ ਬੈਠਕ ਕੀਤੀ ਗਈ, ਜਿਸ ’ਚ ਕੂੜਾ ਖਤਮ ਕਰਨ ਦੀ ਰਫ਼ਤਾਰ ਵਧਾਉਣ ਲਈ ਵਾਧੂ ਮਸ਼ੀਨਰੀ ਲਾਉਣ ਅਤੇ ਇਕ ਨਵੀਂ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਪ੍ਰੋਜੈਕਟ ਦੇ ਇੰਚਾਰਜ ਤੇ ਨਗਰ ਨਿਗਮ ਦੇ ਐੱਸਈ ਜਸਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਨੂੰ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਨਵੀਂ ਮਸ਼ੀਨਰੀ ਸਥਾਪਤ ਕਰੇ। ਉਨ੍ਹਾਂ ਨੂੰ ਲਗਪਗ ਤਿੰਨ ਹਫ਼ਤੇ ਪਹਿਲਾਂ ਹੀ ਇਸ ਪ੍ਰੋਜੈਕਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਪਹਿਲਾਂ ਹੋਏ ਕੰਮ ਦੀ ਵਿਸਥਾਰਿਤ ਸਮੀਖਿਆ ਕਰਕੇ ਅੱਗੇ ਦੀ ਰਣਨੀਤੀ ਤੈਅ ਕਰਨਗੇ। ਉਮੀਦ ਹੈ ਕਿ ਕੰਮ ਸਮੇਂ 'ਤੇ ਨਿਪਟਾ ਲਿਆ ਜਾਵੇਗਾ।
---
ਨਗਰ ਨਿਗਮ ਤੇ ਕੰਪਨੀ ਦੀ ਲਾਪਰਵਾਹੀ ਸ਼ਹਿਰ ’ਤੇ ਭਾਰੀ
ਬਾਇਓਮਾਈਨਿੰਗ ਪ੍ਰੋਜੈਕਟ 'ਤੇ ਕੰਪਨੀ ਸ਼ੁਰੂ ਤੋਂ ਹੀ ਕੰਮ ’ਚ ਦੇਰੀ ਕਰ ਰਹੀ ਹੈ। ਲੰਬੇ ਸਮੇਂ ਤੱਕ ਮਸ਼ੀਨਰੀ ਨਹੀਂ ਲਾਈ ਗਈ। ਨਿਗਮ ਦੀ ਚਿਤਾਵਨੀ ਦੇ ਬਾਅਦ ਛੋਟੀ ਮਸ਼ੀਨ ਦਾ ਕਈ ਮਹੀਨਿਆਂ ਤੱਕ ਟ੍ਰਾਇਲ ਚੱਲਦਾ ਰਿਹਾ। ਨਗਰ ਨਿਗਮ ਨੇ ਕੰਪਨੀ 'ਤੇ ਕੋਈ ਕਾਰਵਾਈ ਵੀ ਨਹੀਂ ਕੀਤੀ। ਨਿਗਮ ਅਤੇ ਕੰਪਨੀ ਦੀ ਲਾਪਰਵਾਹੀ ਸ਼ਹਿਰ 'ਤੇ ਭਾਰੀ ਪੈ ਰਹੀ ਹੈ ਕਿਉਂਕਿ ਡੰਪ 'ਤੇ ਕੂੜਾ ਸੁੱਟਣ ਦੀ ਜਗ੍ਹਾ ਵੀ ਨਹੀਂ ਬਚੀ। ਇਸ ਦੇ ਨਾਲ ਹੀ ਮੀਂਹ ਕਾਰਨ ਵੀ ਕੰਮ ਪ੍ਰਭਾਵਿਤ ਹੋਇਆ ਹੈ। ਵਰਿਆਣਾ ਡੰਪ ਸਾਈਟ 'ਤੇ ਕੁੱਲ ਮਿਲਾ ਕੇ ਲਗਪਗ 18 ਲੱਖ ਟਨ ਕੂੜਾ ਇਕੱਠਾ ਹੋਇਆ ਹੈ। ਕੰਪਨੀ ਲਈ ਮੁਸ਼ਕਲ ਇਹ ਹੈ ਕਿ ਡੰਪ ਸਾਈਟ 'ਤੇ ਰੋਜ਼ਾਨਾ ਹੋਰ ਕੂੜਾ ਆ ਜਾਂਦਾ ਹੈ। ਕੰਪਨੀ ਦੀ ਮਸ਼ੀਨਰੀ ਪੁਰਾਣੇ ਕੂੜੇ ਨੂੰ ਹੀ ਖਤਮ ਕਰਦੀ ਹੈ ਤੇ ਮਸ਼ੀਨਰੀ ਨਵੇਂ ਗਿਲੇ ਕੂੜੇ ਨੂੰ ਪੁਰਾਣੇ ਕੂੜੇ ਤੋਂ ਵੱਖ ਨਹੀਂ ਸਕੀ। ਨਾਲ ਹੀ ਨਗਰ ਨਿਗਮ ਨੇ 11 ਲੱਖ ਟਨ ਕੂੜੇ ਨੂੰ ਖਤਮ ਕਰਨ ਲਈ 42 ਕਰੋੜ ਦਾ ਨਵਾਂ ਟੈਂਡਰ ਲਾਇਆ ਹੈ।
---
ਅੱਗ ਨਾਲ ਵੀ ਵਧੀ ਮੁਸ਼ਕਲ
ਜਾਸ, ਜਲੰਧਰ : ਵਰਿਆਣਾ ਡੰਪ ’ਤੇ ਗਰਮੀ ਦੇ ਮੌਸਮ ’ਚ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਵੀ ਕੰਮ ਪ੍ਰਭਾਵਿਤ ਹੁੰਦਾ ਹੈ। ਸੋਮਵਾਰ ਦੀ ਰਾਤ ਵੀ ਅੱਗ ਲੱਗਣ ਕਾਰਨ ਆਸ-ਪਾਸ ਦੇ ਇਲਾਕਿਆਂ ਵਿਚ ਲੋਕਾਂ ਨੂੰ ਧੂੰਏਂ ਕਾਰਨ ਪਰੇਸ਼ਾਨੀ ਹੋਈ। ਲੋਕਾਂ ਦੀ ਸੂਚਨਾ 'ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਕਈ ਘੰਟਿਆਂ ਬਾਅਦ ਅੱਗ 'ਤੇ ਕਾਬੂ ਪਾਇਆ। ਫਾਇਰ ਮੁਲਾਜ਼ਮ ਗੁਰਜੰਤ ਸਿੰਘ ਨੇ ਕਿਹਾ ਕਿ ਡੰਪ ’ਤੇ ਸੋਮਵਾਰ ਸ਼ਾਮ ਕਰੀਬ ਪੰਜ ਵਜੇ ਅੱਗ ਨਜ਼ਰ ਆਉਣ ਲੱਗੀ ਤੇ ਦੇਰ ਰਾਤ ਇਕ ਵੱਡੇ ਇਲਾਕੇ ’ਚ ਫੈਲ ਗਈ। ਛੇ ਗੱਡੀਆਂ ਨੂੰ ਮੌਕੇ 'ਤੇ ਲਾਇਆ ਗਿਆ। ਪੂਰੀ ਰਾਤ ਪਾਣੀ ਦਾ ਛਿੜਕਾਅ ਕਰ ਕੇ ਅੱਗ 'ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ। ਹਾਲਾਤ ਹੁਣ ਕਾਬੂ ’ਚ ਹਨ। ਨਗਰ ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਡੰਪ ਸਾਈਟ 'ਤੇ ਇਕ ਸੈਨਟਰੀ ਇੰਸਪੈਕਟਰ ਦੀ ਡਿਊਟੀ ਲਾਈ ਗਈ ਹੈ। ਉਸ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅੱਗ ਲੱਗਣ ਵਾਲੇ ਇਲਾਕੇ ’ਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਦਾ ਛਿੜਕਾਅ ਕਰਵਾਇਆ ਜਾਵੇ।