ਇਨਸਾਫ਼ ਨਾ ਮਿਲਣ ’ਤੇ ਧਰਨੇ ਦੀ ਚਿਤਾਵਨੀ
ਬਿਲਗਾ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਦੋਸ਼, ਇਨਸਾਫ ਨਾ ਮਿਲਣ ’ਤੇ ਧਰਨੇ ਦੀ ਚੇਤਾਵਨੀ
Publish Date: Fri, 15 May 2026 07:51 PM (IST)
Updated Date: Fri, 15 May 2026 07:54 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਬਿਲਗਾ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਵਿਧਵਾ ਔਰਤ ਗੁਰਪ੍ਰੀਤ ਕੌਰ ਨੇ ਇਨਸਾਫ ਨਾ ਮਿਲਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ’ਚ ਹਮਲੇ ਤੇ ਭੰਨਤੋੜ ਦੀ ਸ਼ਿਕਾਇਤ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਨਸਾਫ ਲਈ ਉਹ ਕਾਫੀ ਸਮੇਂ ਤੋਂ ਪੁਲਿਸ ਤੇ ਪ੍ਰਸ਼ਾਸਨਿਕ ਦਫਤਰਾਂ ਦੇ ਚੱਕਰ ਕੱਟ ਰਹੀ ਹੈ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ।
ਪਿੰਡ ਮਠੁੱਡਾ ਖੁਰਦ ਦਾ ਧਰਮਵੀਰ ਮਾਨ, ਜੋ ਆਪਣੇ ਨਾਨਕੇ ਪਿੰਡ ਬੇਗਮਪੁਰ ’ਚ ਰਹਿੰਦਾ ਹੈ, ਨੇ ਵਿਦੇਸ਼ ਜਾਣ ਲਈ ਉਸ ਕੋਲੋਂ ਦੋ ਲੱਖ ਰੁਪਏ ਉਧਾਰ ਲਏ ਸਨ। ਉਨ੍ਹਾਂ ਦੇ ਅਨੁਸਾਰ ਦਸੰਬਰ 2025 ’ਚ ਧਰਮਵੀਰ ਮਾਨ ਨੇ ਲਿਖਤੀ ਰੂਪ ’ਚ ਭਰੋਸਾ ਦਿੱਤਾ ਸੀ ਕਿ ਉਹ ਜਲਦੀ ਪੈਸੇ ਵਾਪਸ ਕਰ ਦੇਵੇਗਾ। ਜਦੋਂ ਪੈਸੇ ਵਾਪਸ ਮੰਗੇ ਗਏ ਤਾਂ ਧਰਮਵੀਰ ਮਾਨ ਨੇ ਘਰ ’ਚ ਦਾਖਲ ਹੋ ਕੇ ਭੰਨਤੋੜ ਕੀਤੀ ਤੇ ਦਾਤਰ ਨਾਲ ਉਸ ਤੇ ਉਸਦੇ ਬੇਟੇ ’ਤੇ ਹਮਲਾ ਕੀਤਾ। ਇਸ ਘਟਨਾ ਦੀ ਸੂਚਨਾ ਬਿਲਗਾ ਥਾਣੇ ਅਤੇ 112 ਨੰਬਰ ’ਤੇ ਦਿੱਤੀ ਗਈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹ ਇੱਕ ਵਿਧਵਾ ਔਰਤ ਹੈ ਤੇ ਆਪਣੇ ਛੋਟੇ ਬੇਟੇ ਨਾਲ ਰਹਿੰਦੀ ਹੈ। ਉਨ੍ਹਾਂ ਨੂੰ ਧਰਮਵੀਰ ਮਾਨ ਤੋਂ ਜਾਨ-ਮਾਲ ਦਾ ਖਤਰਾ ਹੈ।
ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮ ਉਸ ਦੀ ਕਰਿਆਨੇ ਦੀ ਦੁਕਾਨ ਤੋਂ ਪਹਿਲਾਂ 9500 ਰੁਪਏ ਅਤੇ ਬਾਅਦ ਵਿੱਚ 5000 ਰੁਪਏ ਲੈ ਗਿਆ, ਨਾਲ ਹੀ ਉਸਦੇ ਬੇਟੇ ਦਾ ਮੋਬਾਈਲ ਫੋਨ ਵੀ ਖੋਹ ਕੇ ਲੈ ਗਿਆ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਹੈ। ਮਾਮਲੇ ਸਬੰਧੀ ਐੱਸ.ਐੱਸ.ਪੀ. ਜਲੰਧਰ ਦਿਹਾਤੀ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਜੇ ਜਲਦ ਕਾਰਵਾਈ ਨਾ ਹੋਈ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮਾਮਲੇ ਸਬੰਧੀ ਜਦੋਂ ਬਿਲਗਾ ਥਾਣੇ ਦੇ ਐੱਸ.ਐੱਚ.ਓ. ਬਗੀਚਾ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਧਰਮਵੀਰ ਮਾਨ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।