ਗੜ੍ਹਸ਼ੰਕਰ ਚੋਣਾਂ 'ਚ ਵੱਡਾ ਹੰਗਾਮਾ : ਅੱਧੀ ਰਾਤ ਨੂੰ ਸ਼ਰਾਬ ਵੰਡਣ ਤੋਂ ਰੋਕਣ 'ਤੇ ਚੱਲਿਆ ਖੰਡਾ, 2 ਭਾਜਪਾ ਮਹਿਲਾ ਉਮੀਦਵਾਰਾਂ ਸਮੇਤ 5 'ਤੇ ਪਰਚਾ ਦਰਜ
ਪੁਲਿਸ ਮੁਤਾਬਕ ਬੀਤੀ 26 ਮਈ ਨੂੰ ਚੋਣਾਂ ਲਈ ਵੋਟਾਂ ਪੈਣ ਤੋ ਪਹਿਲਾ ਰਾਤ ਕਰੀਬ 1:00 ਵਜੇ ਜਦੋਂ ਕ੍ਰਿਪਾਲ ਰਾਮ ਪੁੱਤਰ ਪਿਆਰਾ ਸਿੰਘ ਵਾਸੀ ਵਾਰਡ ਨੰਬਰ 11, ਅੰਬੇਦਕਰ ਨਗਰ, ਗੜ੍ਹਸ਼ੰਕਰ ਅਤੇ ਉਸ ਦਾ ਭਤੀਜਾ ਸੁਖਪ੍ਰੀਤ ਸਿੰਘ ਘਰ ਜਾ ਰਹੇ ਸਨ, ਤਾਂ ਪੁੱਡਾ ਕਾਲੋਨੀ ਪਾਰਕ ਨੇੜੇ ਦੋ ਕਾਰਾਂ ਖੜ੍ਹੀਆਂ ਸਨ।
Publish Date: Wed, 27 May 2026 12:12 PM (IST)
Updated Date: Wed, 27 May 2026 12:24 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਗੜ੍ਹਸ਼ੰਕਰ ਨਗਰ ਕੌਂਸਲ ਚੋਣਾਂ ਲਈ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਥਿਤ ਤੌਰ 'ਤੇ ਸ਼ਰਾਬ ਵੰਡਣ ਅਤੇ ਰੋਕਣ ਵਾਲਿਆਂ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਗੜ੍ਹਸ਼ੰਕਰ ਪੁਲਿਸ ਨੇ 5 ਲੋਕਾਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ, ਦਿ ਰਿਪ੍ਰੀਜ਼ੈਂਟੇਸ਼ਨ ਆਫ ਪੀਪਲ ਐਕਟ ਅਤੇ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ। ਇਸ ਮੁਕੱਦਮੇ ਵਿੱਚ ਗੜ੍ਹਸ਼ੰਕਰ ਦੇ ਵਾਰਡ ਨੰਬਰ 3 ਅਤੇ 5 ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਮਹਿਲਾ ਉਮੀਦਵਾਰਾਂ ਸਮੇਤ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।
ਕਿਸ-ਕਿਸ ਖ਼ਿਲਾਫ਼ ਦਰਜ ਹੋਇਆ ਮੁਕੱਦਮਾ
ਪੁਲਿਸ ਮੁਤਾਬਕ ਨਾਮਜ਼ਦ ਮੁਲਜ਼ਮਾਂ ਵਿੱਚ ਅਭਿਸ਼ੇਕ ਵਾਸੀ ਪਾਹਲੇਵਾਲ, ਆਲਮ ਵਾਸੀ ਬੀਰਮਪੁਰ, ਰਾਕੇਸ਼ ਕੁਮਾਰ ਉਰਫ਼ ਨੀਟੂ ਵਾਸੀ ਗੜ੍ਹਸ਼ੰਕਰ, ਗੜ੍ਹਸ਼ੰਕਰ ਦੇ ਵਾਰਡ ਨੰਬਰ 5 ਤੋਂ ਭਾਜਪਾ ਦੀ ਉਮੀਦਵਾਰ ਜੋਗਿੰਦਰ ਕੌਰ ਅਤੇ ਵਾਰਡ ਨੰਬਰ 3 ਤੋਂ ਉਮੀਦਵਾਰ ਵਿਜੇ ਕੁਮਾਰੀ ਸ਼ਾਮਲ ਹਨ।
ਵਿਰੋਧ ਕਰਨ 'ਤੇ ਖੰਡੇ ਨਾਲ ਕਥਿਤ ਹਮਲਾ
ਪੁਲਿਸ ਮੁਤਾਬਕ ਬੀਤੀ 26 ਮਈ ਨੂੰ ਚੋਣਾਂ ਲਈ ਵੋਟਾਂ ਪੈਣ ਤੋ ਪਹਿਲਾ ਰਾਤ ਕਰੀਬ 1:00 ਵਜੇ ਜਦੋਂ ਕ੍ਰਿਪਾਲ ਰਾਮ ਪੁੱਤਰ ਪਿਆਰਾ ਸਿੰਘ ਵਾਸੀ ਵਾਰਡ ਨੰਬਰ 11, ਅੰਬੇਦਕਰ ਨਗਰ, ਗੜ੍ਹਸ਼ੰਕਰ ਅਤੇ ਉਸ ਦਾ ਭਤੀਜਾ ਸੁਖਪ੍ਰੀਤ ਸਿੰਘ ਘਰ ਜਾ ਰਹੇ ਸਨ, ਤਾਂ ਪੁੱਡਾ ਕਾਲੋਨੀ ਪਾਰਕ ਨੇੜੇ ਦੋ ਕਾਰਾਂ ਖੜ੍ਹੀਆਂ ਸਨ। ਕਾਰਾਂ 'ਤੇ ਭਾਜਪਾ ਦੇ ਝੰਡੇ ਲੱਗੇ ਹੋਏ ਸਨ ਅਤੇ ਅੰਦਰ ਉਪਰੋਕਤ ਦੋਸ਼ੀਆਂ ਤੋ ਇਲਾਵਾ ਹੋਰ ਅਣਪਛਾਤੇ ਵਿਅਕਤੀ ਵੀ ਮੌਜੂਦ ਸਨ ਜੋ ਲੋਕਾਂ ਨੂੰ ਕਥਿਤ ਤੌਰ 'ਤੇ ਸ਼ਰਾਬ ਵੰਡ ਰਹੇ ਸਨ। ਦੋਸ਼ ਹੈ ਕਿ ਮੁਲਜ਼ਮਾਂ ਕੋਲ ਵੋਟਰ ਸੂਚੀਆਂ, ਪਾਰਟੀ ਝੰਡੇ ਅਤੇ ਉਮੀਦਵਾਰਾਂ ਦੇ ਪੋਸਟਰ ਵੀ ਮੌਜੂਦ ਸਨ, ਜਿਨ੍ਹਾਂ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਜਦੋਂ ਕ੍ਰਿਪਾਲ ਰਾਮ ਨੇ ਉਨ੍ਹਾਂ ਨੂੰ ਚੋਣਾਂ ਦੌਰਾਨ ਇਹ ਗੈਰ-ਕਾਨੂੰਨੀ ਕੰਮ ਕਰਨ ਤੋਂ ਰੋਕਿਆ ਤਾਂ ਮੁਲਜ਼ਮ ਅਭਿਸ਼ੇਕ ਅਤੇ ਰਾਕੇਸ਼ ਕੁਮਾਰ ਉਰਫ਼ ਨੀਟੂ ਗੁੱਸੇ ਵਿੱਚ ਆ ਗਏ। ਉਨ੍ਹਾਂ ਦੇ ਕਹਿਣ 'ਤੇ ਇੱਕ ਸਾਥੀ ਨੇ ਆਲਟੋ ਕਾਰ ਵਿੱਚੋਂ ਲੋਹੇ ਦਾ ਦੋ-ਧਾਰਾ ਖੰਡਾ (ਹਥਿਆਰ) ਕੱਢ ਕੇ ਸੁਖਪ੍ਰੀਤ 'ਤੇ ਕਥਿਤ ਤੌਰ 'ਤੇ ਹਮਲਾ ਕਰ ਦਿੱਤਾ। ਆਪਣੇ ਬਚਾਅ ਲਈ ਜਦੋਂ ਦੋਵਾਂ ਨੇ ਰੌਲਾ ਪਾਇਆ ਤਾ ਨੇੜੇ ਦੇ ਲੋਕ ਇਕੱਠੇ ਹੋਏ ਤਾਂ ਸਾਰੇ ਮੁਲਜ਼ਮ ਆਪਣੀਆਂ ਕਾਰਾਂ ਮੌਕੇ 'ਤੇ ਹੀ ਛੱਡ ਕੇ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ।
ਪੁਲਿਸ ਵੱਲੋਂ ਗੱਡੀਆਂ ਤੇ ਸ਼ਰਾਬ ਬਰਾਮਦ
ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਕਾਰਾਂ (ਆਲਟੋ ਅਤੇ ਕਰੇਟਾ) ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਤਲਾਸ਼ੀ ਦੌਰਾਨ ਗੱਡੀਆਂ ਵਿੱਚੋਂ 8 ਬੋਤਲਾਂ ਮਾਰਕਾ ਸਿਗਨੇਚਰ ਬ੍ਰਾਂਡ ਵ੍ਹਿਸਕੀ, 3 ਬੋਤਲਾਂ ਰੋਇਲ ਸਟੈਗ ਬ੍ਰਾਂਡ ਵ੍ਹਿਸਕੀ, 23 ਬੋਤਲਾਂ ਮੈਕਡੌਵੈਲ ਬ੍ਰਾਂਡ ਵ੍ਹਿਸਕੀ, 13 ਬੋਤਲਾਂ ਰਾਜਧਾਨੀ ਬ੍ਰਾਂਡ ਵ੍ਹਿਸਕੀ, 8 ਬੋਤਲਾਂ ਬੀਅਰ ਅਤੇ ਇੱਕ ਤੇਜ਼ਦਾਰ ਹਥਿਆਰ ਲੋਹੇ ਦਾ ਦੋ-ਧਾਰਾ ਖੰਡਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ।