Big News : ਪੰਜਾਬ 'ਚ PSTET ਪ੍ਰੀਖਿਆ ਮੁਲਤਵੀ, ਹੁਣ ਇਸ ਦਿਨ ਹੋਵੇਗੀ ‘ਅਗਨੀ ਪ੍ਰੀਖਿਆ’
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਕਈ ਉਮੀਦਵਾਰਾਂ ਵੱਲੋਂ ਰਜਿਸਟ੍ਰੇਸ਼ਨ ਦੌਰਾਨ ਆਪਣੀ ਮੌਜੂਦਾ ਤਾਇਨਾਤੀ ਸਬੰਧੀ ਜਾਣਕਾਰੀ ਪੂਰੀ ਨਹੀਂ ਭਰੀ ਗਈ ਸੀ। ਡਾਟਾ ਵਿੱਚ ਰਹਿ ਗਈਆਂ ਕਮੀਆਂ ਨੂੰ ਠੀਕ ਕਰਨ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ।
Publish Date: Sat, 18 Apr 2026 06:44 PM (IST)
Updated Date: Sat, 18 Apr 2026 06:47 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਹਜ਼ਾਰਾਂ ਅਧਿਆਪਕਾਂ ਲਈ ਇੱਕ ਮਹੱਤਵਪੂਰਨ ਅਪਡੇਟ ਸਾਹਮਣੇ ਆਇਆ ਹੈ। ਅਧਿਕਾਰਤ ਸੂਤਰਾਂ ਅਨੁਸਾਰ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸਸੀਈਆਰਟੀ), ਪੰਜਾਬ ਵੱਲੋਂ ਜਾਰੀ ਤਾਜ਼ਾ ਸੋਧ ਪੱਤਰ ਅਨੁਸਾਰ, ਐਤਵਾਰ ਨੂੰ ਹੋਣ ਵਾਲੀ ਪੀਐੱਸਟੀਈਟੀ (ਇਨ-ਸਰਵਿਸ ਟੀਚਰ) ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ।
ਹੁਣ ਇਸ ਤਾਰੀਕ ਨੂੰ ਹੋਵੇਗੀ ਪ੍ਰੀਖਿਆ
ਐਸਸੀਈਆਰਟੀ ਵੱਲੋਂ ਜਾਰੀ ਜਨਤਕ ਨੋਟਿਸ ਅਨੁਸਾਰ, 19 ਅਪ੍ਰੈਲ 2026 ਨੂੰ ਹੋਣ ਵਾਲੀਆਂ ਪੀਐਸਟੀਈਟੀ-1 ਅਤੇ ਪੀਐਸਟੀਈਟੀ-2 ਪ੍ਰੀਖਿਆਵਾਂ ਹੁਣ 26 ਅਪ੍ਰੈਲ 2026 (ਐਤਵਾਰ) ਨੂੰ ਕਰਵਾਈਆਂ ਜਾਣਗੀਆਂ।
ਮੁਲਤਵੀ ਕਰਨ ਦਾ ਕਾਰਨ
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਕਈ ਉਮੀਦਵਾਰਾਂ ਵੱਲੋਂ ਰਜਿਸਟ੍ਰੇਸ਼ਨ ਦੌਰਾਨ ਆਪਣੀ ਮੌਜੂਦਾ ਤਾਇਨਾਤੀ ਸਬੰਧੀ ਜਾਣਕਾਰੀ ਪੂਰੀ ਨਹੀਂ ਭਰੀ ਗਈ ਸੀ। ਡਾਟਾ ਵਿੱਚ ਰਹਿ ਗਈਆਂ ਕਮੀਆਂ ਨੂੰ ਠੀਕ ਕਰਨ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ।
ਅਧਿਆਪਕਾਂ ਲਈ ਅਹਿਮ ਹਦਾਇਤਾਂ
* ਪਹਿਲਾਂ ਜਾਰੀ ਕੀਤੇ ਸਾਰੇ ਐਡਮਿਟ ਕਾਰਡ ਹੁਣ ਰੱਦ ਕਰ ਦਿੱਤੇ ਗਏ ਹਨ ਅਤੇ ਇਹ ਵੈਧ ਨਹੀਂ ਰਹਿਣਗੇ।
* ਉਮੀਦਵਾਰ ਨਵੇਂ ਐਡਮਿਟ ਕਾਰਡ ਅਤੇ ਅਪਡੇਟ ਜਾਣਕਾਰੀ ਲਈ ਵਿਭਾਗ ਦੀ ਅਧਿਕਾਰਤ ਵੈੱਬਸਾਈਟ www.ssapunjab.org ‘ਤੇ ਨਿਗਰਾਨੀ ਰੱਖਣ।
* ਪਹਿਲਾਂ ਤੋਂ ਰਜਿਸਟਰਡ ਉਮੀਦਵਾਰ ਆਪਣੇ ਵੇਰਵਿਆਂ ਵਿੱਚ ਸੁਧਾਰ ਕਰਨ ਲਈ ਪੋਰਟਲ https://online.ctestservices.com/pstet26/ 'ਤੇ ਜਾ ਸਕਦੇ ਹਨ। ਇਹ ਸੁਵਿਧਾ 18 ਅਪ੍ਰੈਲ 2026 (ਦੁਪਹਿਰ) ਤੋਂ ਸ਼ੁਰੂ ਹੋ ਕੇ 19 ਅਪ੍ਰੈਲ 2026 (ਸ਼ਾਮ 5 ਵਜੇ) ਤੱਕ ਉਪਲਬਧ ਰਹੇਗੀ।
ਅਧਿਆਪਕਾਂ ਨੂੰ ਮਿਲੀ ਰਾਹਤ, ਪਰ ਸਸ਼ੋਪੰਜ ਬਰਕਰਾਰ
ਪ੍ਰੀਖਿਆ ਨੂੰ ਲੈ ਕੇ ਅਧਿਆਪਕਾਂ ਵਿੱਚ ਕਾਫ਼ੀ ਤਣਾਅ ਬਣਿਆ ਹੋਇਆ ਸੀ। ਕਈ ਅਜਿਹੇ ਅਧਿਆਪਕ ਵੀ ਸਨ ਜੋ ਪਹਿਲਾਂ ਹੀ ਪ੍ਰੀਖਿਆ ਪਾਸ ਕਰ ਚੁੱਕੇ ਹਨ, ਪਰ ਨਿਯਮਾਂ ਵਿੱਚ ਸਪੱਸ਼ਟਤਾ ਦੀ ਘਾਟ ਕਾਰਨ ਉਹ ਮੁੜ ਪ੍ਰੀਖਿਆ ਦੇਣ ਲਈ ਤਿਆਰੀ ਕਰ ਰਹੇ ਸਨ।
ਪ੍ਰੀਖਿਆ ਮੁਲਤਵੀ ਹੋਣ ਨਾਲ ਅਧਿਆਪਕਾਂ ਨੂੰ ਕੁਝ ਰਾਹਤ ਮਿਲੀ ਹੈ ਅਤੇ ਤਿਆਰੀ ਲਈ ਵਾਧੂ ਸਮਾਂ ਵੀ ਮਿਲਿਆ ਹੈ। ਹਾਲਾਂਕਿ, ਪਹਿਲਾਂ ਤੋਂ ਯੋਗ ਅਧਿਆਪਕਾਂ ਦੀ ਸਥਿਤੀ ਸਬੰਧੀ ਵਿਭਾਗ ਵੱਲੋਂ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਹਾਲੇ ਵੀ ਜਾਰੀ ਹੈ।