ਵਿਦਿਆਰਥੀਆਂ ਲਈ ਵੱਡੀ ਖ਼ਬਰ: ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲੇ ਦੇ ਚਾਹਵਾਨਾਂ ਲਈ ਨਵੀਂ ਗਾਈਡਲਾਈਨਜ਼ ਜਾਰੀ, ਰਜਿਸਟ੍ਰੇਸ਼ਨ ਸ਼ੁਰੂ
ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਨਵੇਂ ਅਕਾਦਮਿਕ ਸੈਸ਼ਨ ਲਈ ਦਾਖ਼ਲਾ ਨੀਤੀ ਜਾਰੀ ਕਰ ਦਿੱਤੀ ਹੈ। ਇਸ ਨੀਤੀ ਤਹਿਤ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਫਿਰੋਜ਼ਪੁਰ, ਗੁਰਦਾਸਪੁਰ, ਸੰਗਰੂਰ ਅਤੇ ਤਲਵਾੜਾ ਵਿੱਚ ਸਥਿਤ ਮੈਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ।
Publish Date: Fri, 29 May 2026 03:15 PM (IST)
Updated Date: Fri, 29 May 2026 03:22 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਨਵੇਂ ਅਕਾਦਮਿਕ ਸੈਸ਼ਨ ਲਈ ਦਾਖ਼ਲਾ ਨੀਤੀ ਜਾਰੀ ਕਰ ਦਿੱਤੀ ਹੈ। ਇਸ ਨੀਤੀ ਤਹਿਤ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਫਿਰੋਜ਼ਪੁਰ, ਗੁਰਦਾਸਪੁਰ, ਸੰਗਰੂਰ ਅਤੇ ਤਲਵਾੜਾ ਵਿੱਚ ਸਥਿਤ ਮੈਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ।
ਦਾਖਲੇ ਲਈ “ਸੋਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੂਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਆਫ ਪੰਜਾਬ” ਵੱਲੋਂ ਸਾਂਝਾ ਪ੍ਰਵੇਸ਼ ਟੈਸਟ ਲਿਆ ਜਾਵੇਗਾ। ਇਹ ਪ੍ਰੀਖਿਆ 100 ਅੰਕਾਂ ਦੀ ਹੋਵੇਗੀ, ਜਿਸ ਵਿੱਚ ਅੰਗਰੇਜ਼ੀ, ਗਣਿਤ ਅਤੇ ਵਿਗਿਆਨ ਦੇ ਪ੍ਰਸ਼ਨ ਸ਼ਾਮਲ ਹੋਣਗੇ। ਹਰ ਵਿਸ਼ੇ ਵਿੱਚ ਘੱਟੋ-ਘੱਟ 33 ਫੀਸਦੀ ਅਤੇ ਕੁੱਲ 50 ਫੀਸਦੀ ਅੰਕ ਲੈਣਾ ਲਾਜ਼ਮੀ ਹੋਵੇਗਾ। ਜੇਕਰ ਦੋ ਵਿਦਿਆਰਥੀਆਂ ਦੇ ਅੰਕ ਬਰਾਬਰ ਹੋਣ ਤਾਂ ਵੱਡੀ ਉਮਰ ਵਾਲੇ ਨੂੰ ਤਰਜੀਹ ਮਿਲੇਗੀ।
ਲੋੜੀਂਦੀ ਵਿਦਿਅਕ ਯੋਗਤਾ
11ਵੀਂ ਜਮਾਤ ਲਈ: ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਦੇ 10ਵੀਂ ਜਮਾਤ ’ਚ ਘੱਟੋ-ਘੱਟ 70% ਅੰਕ ਅਤੇ ਐੱਸ.ਸੀ./ਐੱਸ.ਟੀ. ਸ਼੍ਰੇਣੀ ਦੇ ਵਿਦਿਆਰਥੀਆਂ ਦੇ ਘੱਟੋ-ਘੱਟ 65% ਅੰਕ ਹੋਣੇ ਜ਼ਰੂਰੀ ਹਨ।
9ਵੀਂ ਜਮਾਤ ਲਈ (ਸਿਰਫ਼ ਤਲਵਾੜਾ ਸਕੂਲ): ਤਲਵਾੜਾ ਦੇ ਮੈਰੀਟੋਰੀਅਸ ਸਕੂਲ ਵਿੱਚ ਸਿਰਫ਼ ਵਿਦਿਆਰਥਣਾਂ (ਕੁੜੀਆਂ) ਨੂੰ ਹੀ 9ਵੀਂ ਜਮਾਤ ਵਿੱਚ ਦਾਖ਼ਲਾ ਮਿਲੇਗਾ। ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਰਕਾਰੀ ਸਕੂਲ ਤੋਂ 8ਵੀਂ ਜਮਾਤ ਪਾਸ ਹੋਣਾ ਲਾਜ਼ਮੀ ਹੈ।
ਰਾਖਵੇਂਕਰਨ (ਰਿਜ਼ਰਵੇਸ਼ਨ) ਦੇ ਮੁੱਖ ਨਿਯਮ
ਸਰਕਾਰ ਵੱਲੋਂ ਨਵੀਂ ਨੀਤੀ ਵਿੱਚ ਲੋੜਵੰਦ ਵਰਗਾਂ ਲਈ ਵਿਸ਼ੇਸ਼ ਰਾਖਵਾਂਕਰਨ ਤੈਅ ਕੀਤਾ ਗਿਆ ਹੈ:
ਆਟਾ-ਦਾਲ ਸਕੀਮ/ਸਮਾਰਟ ਕਾਰਡ ਧਾਰਕ: ਪੰਜਾਬ ਸਰਕਾਰ ਵੱਲੋਂ ਤਸਦੀਕਸ਼ੁਦਾ ਵੈਧ ਸਮਾਰਟ ਕਾਰਡ ਵਾਲੇ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ 10% ਸੀਟਾਂ ਰਾਖਵੀਆਂ ਹਨ।
ਦਿਵਿਆਂਗ/ਅਪਾਹਜ ਵਿਦਿਆਰਥੀ: 40% ਜਾਂ ਇਸ ਤੋਂ ਵੱਧ ਅਪੰਗਤਾ ਵਾਲੇ ਵਿਦਿਆਰਥੀਆਂ ਲਈ ਕੋਟਾ ਤੈਅ ਕੀਤਾ ਗਿਆ ਹੈ, ਜਿਸ ਵਿੱਚ ਕੁੜੀਆਂ ਲਈ 10% ਅਤੇ ਮੁੰਡਿਆਂ ਲਈ 5% ਸੀਟਾਂ ਰਾਖਵੀਆਂ ਹਨ।
ਔਰਤਾਂ ਦੀ ਅਗਵਾਈ ਵਾਲੇ ਪਰਿਵਾਰ: ਜਿਨ੍ਹਾਂ ਪਰਿਵਾਰਾਂ ਦੇ ਮੁਖੀ ਔਰਤਾਂ ਹਨ, ਉਨ੍ਹਾਂ ਦੀਆਂ ਧੀਆਂ ਲਈ 20% ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।
ਮਹੱਤਵਪੂਰਨ ਨਿਯਮ
ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਦਾਖਲਾ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਤੋਂ ਸਿਰਫ਼ ਰਜਿਸਟ੍ਰੇਸ਼ਨ ਫੀਸ ਹੀ ਲਈ ਜਾਵੇਗੀ, ਇਸ ਤੋਂ ਇਲਾਵਾ ਕੋਈ ਹੋਰ ਫੰਡ ਜਾਂ ਫੀਸ ਨਹੀਂ ਵਸੂਲੀ ਜਾਵੇਗੀ। ਜੇਕਰ ਕੋਈ ਵਿਦਿਆਰਥੀ ਜਾਅਲੀ ਜਾਂ ਫਰਜ਼ੀ ਦਸਤਾਵੇਜ਼ਾਂ ਦੇ ਅਧਾਰ ’ਤੇ ਦਾਖ਼ਲਾ ਲੈਂਦਾ ਫੜਿਆ ਗਿਆ ਤਾਂ ਉਸ ਦਾ ਦਾਖਲਾ ਤੁਰੰਤ ਰੱਦ ਕਰ ਦਿੱਤਾ ਜਾਵੇਗਾ ਅਤੇ ਉਸ ਦੇ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ।
ਚੁਣੇ ਗਏ ਵਿਦਿਆਰਥੀਆਂ ਨੂੰ ਆਨਲਾਈਨ ਕਾਉਂਸਲਿੰਗ ਤੋਂ ਬਾਅਦ ਇੱਕ ਹਫ਼ਤੇ ਅੰਦਰ ਅਲਾਟ ਕੀਤੇ ਸਕੂਲ ਵਿੱਚ ਰਿਪੋਰਟ ਕਰਨੀ ਹੋਵੇਗੀ ਨਹੀਂ ਤਾਂ ਸੀਟ ਖਾਲੀ ਮੰਨੀ ਜਾਵੇਗੀ।