ਮਹਿੰਗਾਈ ਦਾ ਵੱਡਾ ਝਟਕਾ: ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਉਛਾਲ, ਢਾਬਾ ਮਾਲਕਾਂ ਦਾ ਦਰਦ-"ਕਿਵੇਂ ਬਾਲੀਏ ਰੋਜ਼ੀ-ਰੋਟੀ ਦੀ ਅੱਗ?"
ਕੌਮਾਂਤਰੀ ਪੱਧਰ ’ਤੇ ਈਰਾਨ-ਅਮਰੀਕਾ ਅਤੇ ਇਜ਼ਰਾਈਲ ਦਰਮਿਆਨ ਵਧਦੇ ਤਣਾਅ ਦਾ ਅਸਰ ਹੁਣ ਸਥਾਨਕ ਬਾਜ਼ਾਰਾਂ ਵਿੱਚ ਵੀ ਸਾਫ਼ ਦਿਖਾਈ ਦੇਣ ਲੱਗਾ ਹੈ। ਤੇਲ ਕੰਪਨੀਆਂ ਵੱਲੋਂ ਵਪਾਰਕ ਗੈਸ ਸਿਲਿੰਡਰ ਦੀਆਂ ਕੀਮਤਾਂ ਵਿੱਚ ਕੀਤੇ ਗਏ ਬੇਤਹਾਸ਼ਾ ਵਾਧੇ ਨੇ ਹੋਟਲ, ਰੈਸਟੋਰੈਂਟ ਅਤੇ ਕੇਟਰਿੰਗ ਉਦਯੋਗ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਹੁਸ਼ਿਆਰਪੁਰ ਦੇ ਕਾਰੋਬਾਰੀਆਂ ਨੇ ਇਸ ਵਾਧੇ ਨੂੰ ‘ਵਪਾਰ ਵਿਰੋਧੀ’ ਕਰਾਰ ਦਿੰਦਿਆਂ ਗੰਭੀਰ ਚਿੰਤਾ ਜਤਾਈ ਹੈ।
Publish Date: Fri, 01 May 2026 03:58 PM (IST)
Updated Date: Fri, 01 May 2026 04:03 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ। ਕੌਮਾਂਤਰੀ ਪੱਧਰ ’ਤੇ ਈਰਾਨ-ਅਮਰੀਕਾ ਅਤੇ ਇਜ਼ਰਾਈਲ ਦਰਮਿਆਨ ਵਧਦੇ ਤਣਾਅ ਦਾ ਅਸਰ ਹੁਣ ਸਥਾਨਕ ਬਾਜ਼ਾਰਾਂ ਵਿੱਚ ਵੀ ਸਾਫ਼ ਦਿਖਾਈ ਦੇਣ ਲੱਗਾ ਹੈ। ਤੇਲ ਕੰਪਨੀਆਂ ਵੱਲੋਂ ਵਪਾਰਕ ਗੈਸ ਸਿਲਿੰਡਰ ਦੀਆਂ ਕੀਮਤਾਂ ਵਿੱਚ ਕੀਤੇ ਗਏ ਬੇਤਹਾਸ਼ਾ ਵਾਧੇ ਨੇ ਹੋਟਲ, ਰੈਸਟੋਰੈਂਟ ਅਤੇ ਕੇਟਰਿੰਗ ਉਦਯੋਗ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਹੁਸ਼ਿਆਰਪੁਰ ਦੇ ਕਾਰੋਬਾਰੀਆਂ ਨੇ ਇਸ ਵਾਧੇ ਨੂੰ ‘ਵਪਾਰ ਵਿਰੋਧੀ’ ਕਰਾਰ ਦਿੰਦਿਆਂ ਗੰਭੀਰ ਚਿੰਤਾ ਜਤਾਈ ਹੈ।
ਹੁਸ਼ਿਆਰਪੁਰ ਵਿੱਚ 19 ਕਿਲੋਗ੍ਰਾਮ ਦੇ ਵਪਾਰਕ ਸਿਲੰਡਰ ਦੀ ਕੀਮਤ 2198.50 ਰੁਪਏ ਤੋਂ ਵੱਧ ਕੇ 3191.50 ਰੁਪਏ ਹੋ ਗਈ ਹੈ, ਜਿਸ ਨਾਲ ਹੋਟਲ, ਰੈਸਟੋਰੈਂਟ, ਢਾਬਿਆਂ, ਹਲਵਾਈਆਂ ਅਤੇ ਕੇਟਰਿੰਗ ਕਾਰੋਬਾਰ ਨੂੰ ਸਿੱਧਾ ਝਟਕਾ ਲੱਗਿਆ ਹੈ।
ਕੀਮਤਾਂ ਵਿੱਚ ਭਾਰੀ ਵਾਧਾ ਅਤੇ ਕੋਟਾ ਪ੍ਰਣਾਲੀ ਦੀ ਮਾਰ
ਹੁਸ਼ਿਆਰਪੁਰ ਦੀ ਇੱਕ ਗੈਸ ਏਜੰਸੀ ਦੇ ਮਾਲਕ ਨੇ ਦੱਸਿਆ ਕਿ 19 ਕਿਲੋਗ੍ਰਾਮ ਵਾਲੇ ਵਪਾਰਕ ਗੈਸ ਸਿਲੰਡਰ ਦੀ ਕੀਮਤ, ਜੋ ਪਹਿਲਾਂ 2198.50 ਰੁਪਏ ਸੀ, ਹੁਣ ਵੱਧ ਕੇ 3191.50 ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਕੀਮਤਾਂ ਹੀ ਨਹੀਂ ਵਧੀਆਂ, ਸਗੋਂ ਤੇਲ ਕੰਪਨੀਆਂ ਨੇ ਖਪਤ ਦੇ ਅਧਾਰ ’ਤੇ ਗਾਹਕਾਂ ਲਈ ਕੋਟਾ ਵੀ ਨਿਰਧਾਰਿਤ ਕਰ ਦਿੱਤਾ ਹੈ।
ਹੁਣ ਸਪਲਾਈ ਉਸੇ ਕੋਟੇ ਦੇ ਅਨੁਸਾਰ ਦਿੱਤੀ ਜਾ ਰਹੀ ਹੈ, ਜਿਸ ਕਾਰਨ ਬਾਜ਼ਾਰ ਵਿੱਚ ਸਿਲੰਡਰਾਂ ਦੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਮੰਗ ਦੇ ਮੁਕਾਬਲੇ ਸਪਲਾਈ ਘੱਟ ਪੈ ਰਹੀ ਹੈ।
ਰੈਸਟੋਰੈਂਟ ਮਾਲਕਾਂ ਦੀ ਚਿੰਤਾ: ਸਰਵਾਈਵਲ ’ਤੇ ਸੰਕਟ
ਸਥਾਨਕ ਨਿੱਜੀ ਰੈਸਟੋਰੈਂਟ ਦੇ ਮਾਲਕ ਸੰਜੀਵ ਸੈਣੀ ਨੇ ਕਿਹਾ ਕਿ ਗੈਸ ਦੀਆਂ ਕੀਮਤਾਂ ਵਿੱਚ ਇਸ ਤਰ੍ਹਾਂ ਦੇ ਵੱਡੇ ਵਾਧੇ ਨਾਲ ਉਨ੍ਹਾਂ ਦਾ ਮਾਰਜਨ ਪ੍ਰੋਫਿਟ ਲਗਪਗ ਖਤਮ ਹੋਣ ਦੇ ਕੰਢੇ ’ਤੇ ਹੈ।
ਉਨ੍ਹਾਂ ਕਿਹਾ, “ਜਿਸ ਰਫ਼ਤਾਰ ਨਾਲ ਖਰਚੇ ਵਧ ਰਹੇ ਹਨ, ਉਸ ਹਿਸਾਬ ਨਾਲ ਜਲਦੀ ਹੀ ਕਈ ਕਾਰੋਬਾਰ ਬੰਦ ਹੋਣ ਦੀ ਨੌਬਤ ਆ ਸਕਦੀ ਹੈ। ਇੱਕ ਪਾਸੇ ਮਾਰਕੀਟ ਵਿੱਚ ਮੁਕਾਬਲਾ ਵਧ ਰਿਹਾ ਹੈ ਅਤੇ ਦੂਜੇ ਪਾਸੇ ਮਹਿੰਗਾਈ ਕਾਰਨ ਗਾਹਕ ਘੱਟ ਰਹੇ ਹਨ। ਸਾਡੇ ਲਈ ਸਰਵਾਈਵ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ।”
ਸੈਣੀ ਨੇ ਦੱਸਿਆ ਕਿ ਪਹਿਲਾਂ ਹੀ ਮਹਿੰਗਾਈ ਕਾਰਨ ਕਾਰੋਬਾਰ ਵਿੱਚ ਲਗਪਗ 15 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ। ਹੁਣ ਗੈਸ ਦੇ ਰੇਟ ਵਧਣ ਨਾਲ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਦੇ ਰੇਟ ਵਧਾਉਣੇ ਪੈਣਗੇ, ਜਿਸ ਨਾਲ ਗਾਹਕ ਹੋਰ ਘਟ ਸਕਦੇ ਹਨ।
ਹੋਟਲ ਉਦਯੋਗ ’ਤੇ ਮਾੜਾ ਪ੍ਰਭਾਵ ਅਤੇ ਬਦਲਵੇਂ ਸਰੋਤਾਂ ਦੀ ਕਮੀ
ਨਿੱਜੀ ਹੋਟਲ ਮਾਲਕ ਤਿਲਕ ਰਾਜ ਗੁਪਤਾ ਨੇ ਕਿਹਾ ਕਿ ਹੋਟਲ ਇੰਡਸਟਰੀ ਪਹਿਲਾਂ ਹੀ ਮੰਦਵਾੜੇ ਦਾ ਸਾਹਮਣਾ ਕਰ ਰਹੀ ਹੈ ਅਤੇ ਹੁਣ ਇਹ ਵਾਧਾ ਹੋਰ ਵੱਡਾ ਝਟਕਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਗੈਸ ਤੋਂ ਇਲਾਵਾ ਬਾਜ਼ਾਰ ਵਿੱਚ ਉਪਲਬਧ ਵਿਕਲਪ, ਜਿਵੇਂ ਕਿ ਬਿਜਲੀ ਜਾਂ ਕੋਲਾ ਆਦਿ, ਹੋਰ ਵੀ ਮਹਿੰਗੇ ਹਨ, ਜਿਸ ਨਾਲ ਖਰਚੇ ਘਟਾਉਣ ਦਾ ਕੋਈ ਰਾਹ ਨਹੀਂ ਬਚਦਾ।
ਉਨ੍ਹਾਂ ਦੱਸਿਆ ਕਿ 5 ਕਿਲੋ ਵਾਲੇ ਸਿਲੰਡਰ ਦੀ ਕੀਮਤ ਵਿੱਚ ਵੀ 261 ਰੁਪਏ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਜੇ ਡੀਜ਼ਲ ਅਤੇ ਪੈਟਰੋਲ ਦੇ ਰੇਟ ਵੀ ਵਧੇ, ਤਾਂ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਹੋਰ ਵਧ ਜਾਣਗੀਆਂ। ਉਨ੍ਹਾਂ ਕਿਹਾ ਕਿ ਵਧਦੇ ਖਰਚਿਆਂ ਕਾਰਨ ਹੁਣ ਸਟਾਫ ਅਤੇ ਕਾਰੀਗਰਾਂ ਨੂੰ ਤਨਖਾਹਾਂ ਦੇਣਾ ਵੀ ਮੁਸ਼ਕਿਲ ਬਣਦਾ ਜਾ ਰਿਹਾ ਹੈ।
ਕੇਟਰਿੰਗ ਕਾਰੋਬਾਰ ’ਚ ਮੰਦਾ: ਗਾਹਕਾਂ ਦੀ ਸੰਖਿਆ ਘਟਣ ਦਾ ਡਰ
ਕੇਟਰਿੰਗ ਕਾਰੋਬਾਰੀ ਵਿਕਾਸ ਬਸੀ ਨੇ ਦੱਸਿਆ ਕਿ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਆਰਡਰਾਂ ’ਤੇ ਨਿਰਭਰ ਕਰਦਾ ਹੈ।
ਉਨ੍ਹਾਂ ਕਿਹਾ,“ਇੱਕ ਸਿਲਿੰਡਰ ’ਤੇ ਲਗਪਗ 1000 ਰੁਪਏ ਦਾ ਵਾਧਾ ਗਾਹਕ ਕੋਲੋਂ ਵਸੂਲਣਾ ਬਹੁਤ ਔਖਾ ਹੈ। ਸਾਨੂੰ ਡਰ ਹੈ ਕਿ ਲੋਕ ਹੁਣ ਖਰਚਾ ਘਟਾਉਣ ਲਈ ਮਹਿਮਾਨਾਂ ਦੀ ਗਿਣਤੀ ਘੱਟ ਕਰਨਗੇ ਜਾਂ ਕੇਟਰਿੰਗ ਦੀ ਬਜਾਏ ਘਰ ਵਿੱਚ ਹੀ ਪ੍ਰਬੰਧ ਕਰਨਗੇ।” ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਇਸ ਵੇਲੇ ਵਿਆਹਾਂ ਦਾ ਸੀਜ਼ਨ ਨਹੀਂ ਹੈ ਪਰ ਆਉਣ ਵਾਲੇ ਸਮੇਂ ਲਈ ਚਿੰਤਾ ਬਣੀ ਹੋਈ ਹੈ।
ਰੋਜ਼ਗਾਰ ’ਤੇ ਵੀ ਖਤਰਾ
ਕਾਰੋਬਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਹਾਲਾਤ ਇੰਝ ਹੀ ਰਹੇ ਤਾਂ ਕਰਮਚਾਰੀਆਂ ਨੂੰ ਤਨਖਾਹ ਦੇਣੀਆਂ ਔਖੀਆਂ ਹੋ ਜਾਣਗੀਆਂ ਅਤੇ ਕਈ ਥਾਵਾਂ ’ਤੇ ਸਟਾਫ ਘਟਾਉਣਾ ਪੈ ਸਕਦਾ ਹੈ।
ਸਰਕਾਰ ਤੋਂ ਰਾਹਤ ਦੀ ਮੰਗ
ਕੁੱਲ ਮਿਲਾ ਕੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਇਹ ਵੱਡਾ ਵਾਧਾ ਕਾਰੋਬਾਰੀਆਂ ਲਈ ਗੰਭੀਰ ਚੁਣੌਤੀ ਬਣ ਗਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਕੋਈ ਰਾਹਤ ਦਿੱਤੀ ਜਾਵੇ। ਦੂਜੇ ਪਾਸੇ, ਆਮ ਲੋਕਾਂ ਲਈ ਵੀ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸਦਾ ਸਿੱਧਾ ਅਸਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਤੇ ਪਵੇਗਾ ਅਤੇ ਮਹਿੰਗਾਈ ਹੋਰ ਵਧਣ ਦੀ ਸੰਭਾਵਨਾ ਹੈ।