ਪਾਕਿ ਤੋਂ ਮਿਲੇ ਸਿਰੋਪਾਓ ਨਾਲ ਮਾਨ ਸਨਮਾਨਿਤ
ਸਿਮਰਜੀਤ ਸਿੰਘ ਮਾਨ ਨੂੰ ਪਾਕਿਸਤਾਨ ਤੋਂ ਮਿਲੇ ਸਿਰਪਾਓ ਨਾਲ ਬੀਬੀ ਸੰਧੂ ਨੇ ਕੀਤਾ ਸਨਮਾਨ
Publish Date: Wed, 22 Apr 2026 07:09 PM (IST)
Updated Date: Wed, 22 Apr 2026 07:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਵੱਲੋਂ ਪਾਕਿਸਤਾਨ ਲਈ ਭੇਜੇ ਗਏ ਸੁਖਾਵੇਂ ਸੰਦੇਸ਼ ਨੂੰ ਉਥੇ ਚੰਗਾ ਹੁੰਗਾਰਾ ਮਿਲਿਆ ਹੈ। ਇਸ ਸੰਦਰਭ ’ਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਅਬਦਾਲ (ਰਾਵਲਪਿੰਡੀ) ਵਿਖੇ ਜਥੇ ’ਚ ਸ਼ਾਮਲ ਪਾਰਟੀ ਦੀ ਮੀਤ ਪ੍ਰਧਾਨ ਬੀਬੀ ਮਨਦੀਪ ਕੌਰ ਸੰਧੂ ਰਾਹੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ ਸਿਰੋਪਾਓ ਤੇ ਪ੍ਰਸ਼ਾਦ ਅੱਜ ਮਾਨ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਭੇਟ ਕੀਤੇ ਗਏ। ਇਸ ਮੌਕੇ ਬੀਬੀ ਸੰਧੂ ਨੇ ਦੱਸਿਆ ਕਿ ਪਾਕਿਸਤਾਨ ’ਚ ਸਿਮਰਜੀਤ ਸਿੰਘ ਮਾਨ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ, ਜਿਸ ਦੀ ਉਥੋਂ ਦੇ ਸਿੱਖਾਂ ਤੇ ਮੁਸਲਿਮ ਭਾਈਚਾਰੇ ਨੇ ਰੱਜ ਕੀਤੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਮਾਨ ਨੂੰ ਦੌਰੇ ਲਈ ਸੱਦਾ ਵੀ ਦਿੱਤਾ ਗਿਆ ਹੈ। ਬੀਬੀ ਸੰਧੂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਯਾਤਰਾ ਦੌਰਾਨ ਸਿੱਖ ਜਥਿਆਂ ਲਈ ਰਿਹਾਇਸ਼, ਟਰਾਂਸਪੋਰਟ, ਮੈਡੀਕਲ ਸਮੇਤ ਹੋਰ ਸਹੂਲਤਾਂ ਹੋਰ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਨਾਲ ਹੀ ਗੁਰਧਾਮਾਂ ’ਚ ਲੰਗਰ ਦੇ ਨਾਲ-ਨਾਲ ਕੰਟੀਨ ਸਹੂਲਤ ਸ਼ੁਰੂ ਕਰਨ ਦੀ ਵੀ ਗੱਲ ਕੀਤੀ ਗਈ ਤਾਂ ਜੋ ਸ਼ਰਧਾਲੂ ਅੰਦਰ ਹੀ ਆਪਣੇ ਸਾਕ-ਸਬੰਧੀਆਂ ਨਾਲ ਚਾਹ-ਪਾਣੀ ਪੀ ਸਕਣ। ਉਨ੍ਹਾਂ ਕਿਹਾ ਕਿ ਜਥਿਆਂ ਵਿੱਚ ਵੱਡੀ ਗਿਣਤੀ ਬਜ਼ੁਰਗ ਤੇ ਬਿਮਾਰ ਸ਼ਰਧਾਲੂ ਹੁੰਦੇ ਹਨ, ਜੋ ਕਈ ਵਾਰ ਲੰਗਰ ਹਾਲ ਤੱਕ ਨਹੀਂ ਪੁੱਜ ਸਕਦੇ। ਇਸ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਔਕਾਫ ਬੋਰਡ ਵੱਲੋਂ ਵਧੀਆ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਅੰਤ ’ਚ ਬੀਬੀ ਸੰਧੂ ਵੱਲੋਂ ਸਿਮਰਜੀਤ ਸਿੰਘ ਮਾਨ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲੇ ਸਨਮਾਨ ਵਜੋਂ ਸਿਰੋਪਾਓ, ਲੋਈ ਤੇ ਪ੍ਰਸ਼ਾਦ ਭੇਟ ਕਰਕੇ ਸਨਮਾਨਿਤ ਕੀਤਾ ਗਿਆ।