ਬੀਬੀ ਮਾਨ ਵੱਲੋਂ ਖੇਡ ਸਟੇਡੀਅਮ ਦਾ ਉਦਘਾਟਨ
ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਪਿੰਡ ਕਾਂਗਣਾ ਵਿੱਚ ਖੇਡ ਸਟੇਡੀਅਮ ਦਾ ਉਦਘਾਟਨ
Publish Date: Mon, 04 May 2026 07:13 PM (IST)
Updated Date: Mon, 04 May 2026 07:14 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਹਲਕਾ ਨਕੋਦਰ ਦੇ ਪਿੰਡ ਕਾਂਗਣਾ ਵਿੱਚ ਲਗਭਗ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਧੁਨਿਕ ਖੇਡ ਸਟੇਡੀਅਮ ਦਾ ਉਦਘਾਟਨ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕੇ ਵਿੱਚ ਬਣ ਰਹੇ ਲਗਭਗ 30 ਖੇਡ ਸਟੇਡੀਅਮਾਂ ਵਿੱਚੋਂ ਇਹ ਪਹਿਲਾ ਸਟੇਡੀਅਮ ਤਿਆਰ ਹੋਇਆ ਹੈ, ਜੋ ਪਿੰਡ ਵਾਸੀਆਂ ਦੀ ਮਿਹਨਤ ਅਤੇ ਸਹਿਯੋਗ ਦਾ ਨਤੀਜਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰੋਜੈਕਟ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਸਟੇਡੀਅਮ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਵੇਂ ਕਿ ਸੁਰੱਖਿਅਤ ਬਾਊਂਡਰੀ, ਐਂਟਰੀ-ਐਗਜ਼ਿਟ ਗੇਟ, 6 ਫੁੱਟ ਚੌੜਾ ਵਾਕਿੰਗ ਟ੍ਰੈਕ ਫੁੱਟਲਾਈਟਾਂ ਸਮੇਤ, ਹਰੀ-ਭਰੀ ਟਰਫ, ਬੈਠਕ ਲਈ ਬੈਂਚ, ਬੱਚਿਆਂ ਲਈ ਖੇਡ ਖੇਤਰ, ਸਟੋਰੇਜ ਰੂਮ ਅਤੇ ਔਰਤਾਂ-ਮਰਦਾਂ ਲਈ ਵੱਖਰੇ ਸੁਵਿਧਾਜਨਕ ਪਖਾਨੇ। ਇਸ ਤੋਂ ਇਲਾਵਾ ਹਾਈ ਮਾਸਟ ਲਾਈਟਾਂ ਨਾਲ ਪੂਰੇ ਮੈਦਾਨ ਨੂੰ ਰੋਸ਼ਨ ਕੀਤਾ ਗਿਆ ਹੈ। ਸਟੇਡੀਅਮ ’ਚ ਫੁੱਟਬਾਲ, ਵਾਲੀਬਾਲ, ਹਾਕੀ ਆਦਿ ਖੇਡਾਂ ਲਈ ਕੋਰਟ ਤਿਆਰ ਕੀਤੇ ਗਏ ਹਨ ਤੇ ਖਿਡਾਰੀਆਂ ਲਈ ਜ਼ਰੂਰੀ ਖੇਡ ਕਿੱਟਾਂ ਅਤੇ ਸਾਮਾਨ ਵੀ ਉਪਲੱਬਧ ਕਰਵਾਇਆ ਜਾਵੇਗਾ। ਵੱਡੇ ਮੈਦਾਨਾਂ ਵਿੱਚ 400 ਮੀਟਰ ਦਾ 6 ਲੇਨ ਰਨਿੰਗ ਟ੍ਰੈਕ ਵੀ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਤਿੰਨ ਪੜਾਵਾਂ ਵਿੱਚ ਕੋਚਾਂ ਦੀ ਨਿਯੁਕਤੀ ਕਰਕੇ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਐਕਸੀਅਨ ਪੰਚਾਇਤੀ ਰਾਜ ਜਸਵੀਰ ਸਿੰਘ, ਬੀ.ਡੀ.ਓ. ਅਭੈ ਚੰਦਰ, ਐਸ.ਐਚ.ਓ. ਦਿਲਬਾਗ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਟਾਹਲੀ, ਬਲਾਕ ਸੰਮਤੀ ਚੇਅਰਮੈਨ ਚਰਨਜੀਤ ਸਿੰਘ ਬਿੱਲਾ, ਵਾਈਸ ਚੇਅਰਮੈਨ ਜੀਵਨ ਸਿੰਘ, ਸਰਪੰਚ ਕੁਲਦੀਪ ਸਿੰਘ ਸਮੇਤ ਕਈ ਪੰਚਾਇਤੀ ਅਤੇ ਸਮਾਜਿਕ ਆਗੂ ਹਾਜ਼ਰ ਸਨ।