ਸ਼ਹਿਰ ’ਚ ਮੁੜ ਸਰਗਰਮ ਹੋਇਆ ਭੌਂਤੂ ਗੈਂਗ, ਟਾਇਰ ਪੰਚਰ ਦਾ ਬਹਾਨਾ ਬਣਾ ਕੇ ਉਡਾ ਰਹੇ ਨਕਦੀ ਤੇ ਬੈਗ
ਸ਼ਹਿਰ ’ਚ ਮੁੜ ਸਰਗਰਮ ਹੋਇਆ ਭੌਂਤੂ ਗੈਂਗ, ਟਾਇਰ ਪੰਚਰ ਦਾ ਬਹਾਨਾ ਬਣਾ ਕੇ ਉਡਾ ਰਹੇ ਨਕਦੀ ਤੇ ਬੈਗ
Publish Date: Mon, 11 May 2026 09:52 PM (IST)
Updated Date: Mon, 11 May 2026 09:54 PM (IST)

-ਰੇਕੀ ਤੋਂ ਬਾਅਦ ਚੁਣਦੇ ਹਨ ਸ਼ਿਕਾਰ, ਇਕ ਚੌਂਕ ਤੋਂ ਦੂਜੇ ਚੌਂਕ ਤੱਕ ਗੈਂਗ ਦਾ ਨੈੱਟਵਰਕ ਸਰਗਰਮ -ਰੇਕੀ ਤੋਂ ਬਾਅਦ ਚੁਣਦੇ ਹਨ ਸ਼ਿਕਾਰ, ਗੈਂਗ ’ਚ ਨਾਬਾਲਿਗ ਵੀ ਸ਼ਾਮਲ, ਇਕ ਚੌਂਕ ਤੋਂ ਦੂਜੇ ਚੌਂਕ ਤੱਕ ਗੈਂਗ ਦਾ ਨੈੱਟਵਰਕ ਸਰਗਰਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਵਿੱਚ ਇੱਕ ਵਾਰ ਫਿਰ ਭੌਂਤੂ ਗੈਂਗ ਸਰਗਰਮ ਹੋ ਗਿਆ ਹੈ। ਗੈਂਗ ਦੇ ਮੈਂਬਰ ਬਹੁਤ ਹੀ ਸ਼ਾਤਿਰ ਤਰੀਕੇ ਨਾਲ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕਿਤੇ ਗੱਡੀ ਵਿੱਚੋਂ ਪੈਟਰੋਲ ਕੱਢ ਦਿੱਤਾ ਜਾਂਦਾ ਹੈ ਤਾਂ ਕਿਤੇ ਵਾਹਨ ਦਾ ਟਾਇਰ ਪੰਚਰ ਹੋਣ ਦੀ ਗੱਲ ਕਹਿ ਕੇ ਚਾਲਕ ਨੂੰ ਹੇਠਾਂ ਉਤਾਰਿਆ ਜਾਂਦਾ ਹੈ ਅਤੇ ਇਸੇ ਦੌਰਾਨ ਕਾਰ ਵਿੱਚ ਪਿਆ ਬੈਗ, ਨਕਦੀ ਜਾਂ ਕੀਮਤੀ ਸਾਮਾਨ ਚੋਰੀ ਕਰ ਲਿਆ ਜਾਂਦਾ ਹੈ। ਵੱਡੀ ਗੱਲ ਇਹ ਹੈ ਕਿ ਗੈਂਗ ਵਿੱਚ ਨਾਬਾਲਿਗ ਵੀ ਸ਼ਾਮਲ ਹਨ। ਪਿਛਲੇ ਕੁਝ ਦਿਨਾਂ ਵਿੱਚ ਸ਼ਹਿਰ ਦੇ ਦੋ ਕਾਰੋਬਾਰੀ ਇਸ ਗੈਂਗ ਦਾ ਸ਼ਿਕਾਰ ਬਣ ਚੁੱਕੇ ਹਨ, ਜਿਸ ਤੋਂ ਬਾਅਦ ਵਪਾਰੀਆਂ ਅਤੇ ਉਦਯੋਗਪਤੀਆਂ ਵਿੱਚ ਡਰ ਦਾ ਮਾਹੌਲ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੈਂਗ ਕਿਸੇ ਵੀ ਵਾਰਦਾਤ ਨੂੰ ਅਚਾਨਕ ਨਹੀਂ, ਸਗੋਂ ਪੂਰੀ ਰੇਕੀ ਤੋਂ ਬਾਅਦ ਅੰਜਾਮ ਦਿੰਦਾ ਹੈ। ਗੈਂਗ ਦੇ ਮੈਂਬਰ ਵੱਖ-ਵੱਖ ਚੌਕਾਂ ਅਤੇ ਬਾਜ਼ਾਰਾਂ ਵਿੱਚ ਫੈਲੇ ਰਹਿੰਦੇ ਹਨ। ਜੇਕਰ ਇੱਕ ਮੈਂਬਰ ਕਿਸੇ ਵਾਹਨ ਵਿੱਚ ਬੈਗ ਜਾਂ ਕੀਮਤੀ ਸਾਮਾਨ ਦੇਖ ਲੈਂਦਾ ਹੈ ਤਾਂ ਉਹ ਦੂਜੇ ਚੌਂਕ ‘ਤੇ ਖੜ੍ਹੇ ਸਾਥੀਆਂ ਨੂੰ ਸੰਕੇਤ ਦੇ ਦਿੰਦਾ ਹੈ। ਇਸ ਤੋਂ ਬਾਅਦ ਰਸਤੇ ਵਿੱਚ ਕਿਸੇ ਬਹਾਨੇ ਵਾਹਨ ਰੁਕਵਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। --------------------- ਗੀਤਾ ਮੰਦਰ ਕੋਲ ਕਾਰੋਬਾਰੀ ਨੂੰ ਬਣਾਇਆ ਨਿਸ਼ਾਨਾ ਰੇਲਵੇ ਰੋਡ ਸਥਿਤ ਕੋਲਕਾਤਾ ਮਿਊਜ਼ਿਕ ਸੈਂਟਰ ਦੇ ਮਾਲਕ ਅਤੇ ਗ੍ਰੀਨ ਪਾਰਕ ਨਿਵਾਸੀ ਤੇਜਿੰਦਰ ਸਿੰਘ ਸ਼ਨਿਚਰਵਾਰ ਰਾਤ ਆਪਣੇ ਘਰ ਵਾਪਸ ਜਾ ਰਹੇ ਸਨ। ਜਦੋਂ ਉਹ ਸੈਂਟਰਲ ਟਾਊਨ ਸਥਿਤ ਗੀਤਾ ਮੰਦਰ ਕੋਲ ਪਹੁੰਚੇ ਤਾਂ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਆਵਾਜ਼ ਮਾਰ ਕੇ ਕਿਹਾ ਕਿ ਉਨ੍ਹਾਂ ਦੀ ਕਾਰ ਦਾ ਟਾਇਰ ਪੰਚਰ ਹੈ। ਉਨ੍ਹਾਂ ਦੱਸਿਆ ਕਿ ਉਸ ਵੇਲੇ ਉਨ੍ਹਾਂ ਨੇ ਗੱਡੀ ਨਹੀਂ ਰੋਕੀ ਪਰ ਕੁਝ ਅੱਗੇ ਜਾ ਕੇ ਗੱਡੀ ਰੋਕ ਕੇ ਜਾਂਚ ਕੀਤੀ। ਜਿਵੇਂ ਹੀ ਤੇਜਿੰਦਰ ਸਿੰਘ ਗੱਡੀ ਰੋਕ ਕੇ ਹੇਠਾਂ ਉਤਰ ਕੇ ਟਾਇਰ ਚੈੱਕ ਕਰਨ ਲੱਗੇ ਤਾਂ ਇਸੇ ਦੌਰਾਨ ਉਨ੍ਹਾਂ ਦਾ ਬੈਗ ਚੋਰੀ ਹੋ ਗਿਆ। ਸੀਸੀਟੀਵੀ ਕੈਮਰੇ ਚੈੱਕ ਕਰਨ ‘ਤੇ ਪਤਾ ਲੱਗਾ ਕਿ ਜਦੋਂ ਉਹ ਗੱਡੀ ਤੋਂ ਬਾਹਰ ਉਤਰੇ ਤਾਂ 13 ਸਾਲ ਦਾ ਇੱਕ ਬੱਚਾ ਆਇਆ, ਉਸ ਨੇ ਬੈਗ ਚੁੱਕਿਆ ਅਤੇ ਨੇੜੇ ਖੜ੍ਹੇ ਬਾਈਕ ਸਵਾਰਾਂ ਨੂੰ ਦੇ ਦਿੱਤਾ, ਜੋ ਬੈਗ ਲੈ ਕੇ ਫਰਾਰ ਹੋ ਗਏ। ਬੈਗ ਵਿੱਚ ਨਕਦੀ ਤੋਂ ਇਲਾਵਾ ਜ਼ਰੂਰੀ ਦਸਤਾਵੇਜ਼ ਵੀ ਮੌਜੂਦ ਸਨ। ਵਾਰਦਾਤ ਇੰਨੀ ਤੇਜ਼ੀ ਨਾਲ ਹੋਈ ਕਿ ਪੀੜਤ ਨੂੰ ਸੰਭਲਣ ਤੱਕ ਦਾ ਮੌਕਾ ਨਹੀਂ ਮਿਲਿਆ। ਘਟਨਾ ਤੋਂ ਬਾਅਦ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਪਹਿਲਾਂ ਤੋਂ ਹੀ ਤੇਜਿੰਦਰ ਸਿੰਘ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੇ ਹੋਏ ਸਨ ਅਤੇ ਸਹੀ ਮੌਕਾ ਮਿਲਦੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ----------------------------- ਹੰਸਰਾਜ ਸਟੇਡੀਅਮ ਦੇ ਬਾਹਰ ਵੀ ਇਸੇ ਤਰੀਕੇ ਨਾਲ ਹੋਈ ਸੀ ਚੋਰੀ ਇਸ ਤੋਂ ਪਹਿਲਾਂ 2 ਮਈ ਨੂੰ ਵੀ ਇਸੇ ਤਰ੍ਹਾਂ ਦੀ ਵਾਰਦਾਤ ਸਾਹਮਣੇ ਆਈ ਸੀ। ਇੰਡੀਆ ਲਾਈਟਸ ਦੇ ਮਾਲਕ ਭਰਤ ਕਾਕੜੀਆ ਹੰਸਰਾਜ ਸਟੇਡੀਅਮ ’ਚ ਬੈਡਮਿੰਟਨ ਖੇਡਣ ਗਏ ਸਨ। ਉਨ੍ਹਾਂ ਆਪਣੀਆਂ ਤਿੰਨ ਸੋਨੇ ਦੀਆਂ ਅੰਗੂਠੀਆਂ, ਇੱਕ ਚੇਨ ਤੇ ਕੁਝ ਨਕਦੀ ਬੈਗ ਵਿੱਚ ਰੱਖ ਕੇ ਕਾਰ ਵਿੱਚ ਛੱਡ ਦਿੱਤੀ ਸੀ। ਰਾਤ ਕਰੀਬ 9:15 ਵਜੇ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਕਾਰ ਦਾ ਟਾਇਰ ਪੰਚਰ ਸੀ ਅਤੇ ਉਸ ‘ਤੇ ਕੱਟ ਲੱਗਾ ਹੋਇਆ ਸੀ। ਇਸੇ ਦੌਰਾਨ ਕਿਸੇ ਨੇ ਕਾਰ ਵਿੱਚ ਪਿਆ ਬੈਗ ਚੋਰੀ ਕਰ ਲਿਆ। ਪੀੜਤ ਦਾ ਕਹਿਣਾ ਹੈ ਕਿ ਮੁਲਜ਼ਮ ਪਹਿਲਾਂ ਤੋਂ ਹੀ ਉਨ੍ਹਾਂ ਦੀ ਕਾਰ ਦੀ ਰੇਕੀ ਕਰ ਰਹੇ ਸਨ ਅਤੇ ਮੌਕਾ ਮਿਲਦੇ ਹੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਚਾਰ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਲਿਆ। ਪੁਲਿਸ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਪਰ ਹੁਣ ਤੱਕ ਦੋਸ਼ੀਆਂ ਦਾ ਕੋਈ ਸਪਸ਼ਟ ਸੁਰਾਗ ਨਹੀਂ ਮਿਲ ਸਕਿਆ ਹੈ। ----------------------------- ਕਿਵੇਂ ਕੰਮ ਕਰਦਾ ਹੈ ਭੌਂਤੂ ਗੈਂਗ ਭੌਂਤੂ ਗੈਂਗ ਦਾ ਤਰੀਕਾ ਬਹੁਤ ਹੀ ਸ਼ਾਤਰ ਹੈ। ਗੈਂਗ ਦੇ ਮੈਂਬਰ ਪਹਿਲਾਂ ਭੀੜ-ਭੜੱਕੇ ਵਾਲੇ ਇਲਾਕਿਆਂ, ਬੈਂਕਾਂ, ਬਾਜ਼ਾਰਾਂ, ਪੈਟਰੋਲ ਪੰਪਾਂ ਅਤੇ ਸ਼ੋਰੂਮਾਂ ਦੇ ਬਾਹਰ ਰੇਕੀ ਕਰਦੇ ਹਨ। ਜਿਵੇਂ ਹੀ ਉਨ੍ਹਾਂ ਨੂੰ ਕਿਸੇ ਵਿਅਕਤੀ ਕੋਲ ਬੈਗ, ਨਕਦੀ ਜਾਂ ਕੀਮਤੀ ਸਾਮਾਨ ਦਿਖਾਈ ਦਿੰਦਾ ਹੈ, ਉਹ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦੇ ਹਨ। --- ਸਾਬਕਾ ਸੀਪੀਐੱਸ ਕੇਡੀ ਭੰਡਾਰੀ ਨੇ ਸੀਪੀ ਦੇ ਨਾਂ ਸੌਂਪਿਆ ਮੰਗ ਪੱਤਰ ਲਗਾਤਾਰ ਸਾਹਮਣੇ ਆ ਰਹੀਆਂ ਘਟਨਾਵਾਂ ਤੋਂ ਬਾਅਦ ਸ਼ਹਿਰ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਗੈਂਗ ਬਹੁਤ ਸਰਗਰਮ ਹੈ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਵਾਰਦਾਤ ਕਰਕੇ ਆਸਾਨੀ ਨਾਲ ਫਰਾਰ ਹੋ ਜਾਂਦਾ ਹੈ। ਇਸ ਦੇ ਬਾਵਜੂਦ ਪੁਲਿਸ ਹੁਣ ਤੱਕ ਕਿਸੇ ਵੱਡੇ ਗਿਰੋਹ ਦਾ ਪਰਦਾਫਾਸ਼ ਨਹੀਂ ਕਰ ਸਕੀ। ਸ਼ਨਿਚਰਵਾਰ ਨੂੰ ਸਾਬਕਾ ਸੀਪੀਐੱਸ ਕੇਡੀ ਭੰਡਾਰੀ, ਪੀੜਤ ਤੇਜਿੰਦਰ ਸਿੰਘ ਅਤੇ ਹੋਰ ਸਾਥੀਆਂ ਦੇ ਨਾਲ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ। ਉਨ੍ਹਾਂ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਹੀ ਦੋ ਕਾਰੋਬਾਰੀ ਇਸ ਗੈਂਗ ਦਾ ਸ਼ਿਕਾਰ ਬਣ ਚੁੱਕੇ ਹਨ। ਜੇ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਹੋਰ ਲੋਕ ਵੀ ਨਿਸ਼ਾਨਾ ਬਣ ਸਕਦੇ ਹਨ। ਕੇਡੀ ਭੰਡਾਰੀ ਨੇ ਕਿਹਾ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਵਪਾਰੀਆਂ ਵਿੱਚ ਚਿੰਤਾ ਵੱਧ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਗੈਂਗ ਦੇ ਮੈਂਬਰਾਂ ਦੀ ਜਲਦ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।