ਖ਼ਬਰਦਾਰ...ਇੰਟਰਨੈੱਟ ਮੀਡੀਆ ’ਤੇ ਸਸਤੇ ਸਾਮਾਨ ਦੇ ਝਾਂਸੇ ਦਾ ਲੋਕ ਹੋ ਰਹੇ ਸ਼ਿਕਾਰ
ਸਾਵਧਾਨ... ਇੰਟਰਨੈੱਟ ਮੀਡੀਆ ’ਤੇ ਸਸਤੇ ਸਾਮਾਨ ਦਾ ਝਾਂਸਾ
Publish Date: Wed, 05 Nov 2025 08:36 PM (IST)
Updated Date: Wed, 05 Nov 2025 08:40 PM (IST)

------------ਅੱਜ ਦੀ ਲੀਡ ਖਬਰ------------ -- ਈ-ਕਾਮਰਸ ਕੰਪਨੀ ਦੇ ਡਲਿਵਰੀ ਬੁਆਏ ਹੋਰ ਖੁਦ ਨੂੰ ਸਰਕਾਰੀ ਨੌਕਰ ਦੇ ਜਵਾਨ ਬਣ ਠੱਗ ਰਹੇ ਸਾਈਬਰ ਠੱਗ ਪੰਜਾਬੀ ਜਾਗਰਣ ਟੀਮ, ਜਲੰਧਰ : ਸਾਈਬਰ ਠਗ ਹਰ ਰੋਜ਼ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ ਤੇ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਹੁਣ ਇਹ ਠੱਗ ਆਪਣੇ-ਆਪ ਨੂੰ ਬੈਂਕ ਮੁਲਾਜ਼ਮ ਜਾਂ ਕਸਟਮਰ ਕੇਅਰ ਦੱਸਣ ਦੀ ਬਜਾਏ, ਈ-ਕਾਮਰਸ ਸਾਈਟਾਂ ਦੇ ਮੁਲਾਜ਼ਮ ਜਾਂ ਸਰਕਾਰੀ ਨੌਕਰੀ ਕਰਨ ਵਾਲੇ ਜਵਾਨ ਵਜੋਂ ਦਰਸਾ ਕੇ ਸੋਸ਼ਲ ਮੀਡੀਆ ’ਤੇ ਸਸਤਾ ਫਰਨੀਚਰ ਤੇ ਇਲੈਕਟ੍ਰਾਨਿਕ ਸਾਮਾਨ ਵੇਚਣ ਦੀਆਂ ਪੋਸਟਾਂ ਪਾ ਰਹੇ ਹਨ। ਸਸਤੇ ਸਾਮਾਨ ਦੀਆਂ ਪੋਸਟਾਂ ਵੇਖ ਕੇ ਜਦੋਂ ਲੋਕ ਸੰਪਰਕ ਕਰਦੇ ਹਨ ਤਾਂ ਠੱਗ ਉਨ੍ਹਾਂ ਨੂੰ ਕੈਸ਼ ਆਨ ਡਲਿਵਰੀ ਦਾ ਝਾਂਸਾ ਦੇ ਕੇ ਪਹਿਲਾਂ ਡਲਿਵਰੀ ਚਾਰਜ ਮੰਗਦੇ ਹਨ। ਪੈਸੇ ਮਿਲਣ ਤੋਂ ਬਾਅਦ ਉਹ ਖਰੀਦਦਾਰ ਨੂੰ ਫਰਜ਼ੀ ਟਰੈਕਿੰਗ ਆਈਡੀ ਤੇ ਡਰਾਈਵਰ ਦਾ ਨੰਬਰ ਭੇਜਦੇ ਹਨ। ਫਿਰ ਡਰਾਈਵਰ ਬਣ ਕੇ ਕਾਲ ਕਰਦੇ ਹਨ ਕਿ ‘ਗੱਡੀ ਰਾਹ ’ਚ ਖਰਾਬ ਹੋ ਗਈ ਹੈ, ਪੁਲਿਸ ਨੇ ਸਾਮਾਨ ਸਮੇਤ ਗੱਡੀ ਕਾਬੂ ਕਰ ਲਈ ਹੈ, ਮੇਰੇ ਕੋਲ ਪੈਸੇ ਨਹੀਂ, ਤੁਸੀਂ ਕੁਝ ਪੈਸੇ ਪਾ ਦਿਓ, ਘਰ ਸਾਮਾਨ ਲਿਆਉਂਦਾ ਤਾਂ ਕੱਟ ਲੈਣਾ।’ ਇਸ ਤਰ੍ਹਾਂ ਲੋਕਾਂ ਤੋਂ ਹੋਰ ਪੈਸੇ ਵੀ ਠੱਗ ਲੈਂਦੇ ਹਨ। ਪੈਸੇ ਮਿਲਣ ਤੋਂ ਬਾਅਦ ਨਾ ਉਹ ਫ਼ੋਨ ਚੁੱਕਦੇ ਹਨ ਤੇ ਨਾ ਹੀ ਕੋਈ ਸਾਮਾਨ ਭੇਜਦੇ ਹਨ। ਅਜਿਹੇ ਠੱਗ ਹਰ ਰੋਜ਼ ਲੋਕਾਂ ਨੂੰ ਆਪਣੇ ਜਾਲ ’ਚ ਫਸਾ ਰਹੇ ਹਨ। ਕਈ ਲੋਕ ਘੱਟ ਰਕਮ ਠੱਗੀ ਜਾਣ ਕਾਰਨ ਨਾ ਪੁਲਿਸ ਕੋਲ ਜਾਂਦੇ ਹਨ ਤੇ ਨਾ ਕਿਸੇ ਨੂੰ ਦੱਸਦੇ ਹਨ। --- ਆਦਮਪੁਰ ਦੀ ਮੀਨਾ ਨੇ ਦੱਸਿਆ ਕਿ ਉਹ ਫੇਸਬੁੱਕ ਵਰਤ ਰਹੀ ਸੀ ਜਦੋਂ ਉਸ ਨੇ ਮਾਰਕੀਟ ਪਲੇਸ ਖੋਲ੍ਹਿਆ, ਉੱਥੇ ਨਵੇਂ ਫ੍ਰਿਜ਼ ਤੇ ਵਾਸ਼ਿੰਗ ਮਸ਼ੀਨ ਦੀ ਸਸਤੀ ਐਡ ਵੇਖੀ। ਉਸ ਨੇ ਸੰਪਰਕ ਕੀਤਾ ਤਾਂ ਸਾਈਬਰ ਠੱਗ ਨੇ ਆਪਣੇ ਆਪ ਨੂੰ ਈ-ਕਾਮਰਸ ਸਾਈਟ ਦਾ ਮੁਲਾਜ਼ਮ ਦੱਸਿਆ ਤੇ ਕਿਹਾ ਕਿ ਜੋ ਸਾਮਾਨ ਡਲਿਵਰ ਨਹੀਂ ਹੁੰਦਾ, ਉਹ ਵਾਪਸ ਆ ਜਾਂਦਾ ਹੈ ਤੇ ਅਸੀਂ ਉਹੀ ਸਸਤੇ ’ਚ ਵੇਚ ਦਿੰਦੇ ਹਾਂ। ਇਸ ਤਰ੍ਹਾਂ ਵਾਸ਼ਿੰਗ ਮਸ਼ੀਨ ਤੇ ਫ੍ਰਿਜ਼ ਖਰੀਦਣ ਬਾਰੇ ਗੱਲਬਾਤ ਸ਼ੁਰੂ ਹੋ ਗਈ। ਠੱਗ ਨੇ ਕਿਹਾ ਕਿ ਦੋਵੇਂ ਚੀਜ਼ਾਂ ਕੈਸ਼ ਆਨ ਡਲਿਵਰੀ ’ਤੇ ਆਉਣਗੀਆਂ ਪਰ ਪੈਸੇ ਪਹਿਲਾਂ ਦੇਣੇ ਹੋਣਗੇ। ਇਸ ’ਤੇ ਮੀਨਾ ਨੇ ਤਿੰਨ ਹਜ਼ਾਰ ਰੁਪਏ ਡਲਿਵਰੀ ਚਾਰਜ ਦੇ ਤੌਰ ’ਤੇ ਉਸ ਦੇ ਖਾਤੇ ’ਚ ਪਾ ਦਿੱਤੇ। ਉਸ ਤੋਂ ਬਾਅਦ ਠੱਗ ਨੇ ਕੋਰੀਅਰ ਦਾ ਡਰਾਈਵਰ ਨੰਬਰ ਭੇਜ ਦਿੱਤਾ। ਅਗਲੇ ਦਿਨ ਜਦੋਂ ਮੀਨਾ ਨੇ ਡਰਾਈਵਰ ਨੂੰ ਕਾਲ ਕੀਤੀ ਤਾਂ ਉਸ ਨੇ ਕਿਹਾ ਕਿ ‘ਗੱਡੀ ਖਰਾਬ ਹੋ ਗਈ ਹੈ, ਉਸ ਨੂੰ ਠੀਕ ਕਰਨ ਲਈ 15 ਹਜ਼ਾਰ ਦਾ ਖਰਚਾ ਆਏਗਾ ਪਰ ਮੇਰੇ ਕੋਲ ਚਾਰ ਹਜ਼ਾਰ ਘੱਟ ਹਨ, ਤੁਸੀਂ ਪਾ ਦਿਓ, ਘਰ ਸਾਮਾਨ ਪਹੁੰਚਾ ਕੇ ਕੱਟ ਲੈਣਾ।’ ਮੀਨਾ ਨੇ ਚਾਰ ਹਜ਼ਾਰ ਹੋਰ ਭੇਜ ਦਿੱਤੇ ਪਰ ਦੋ ਦਿਨ ਬੀਤ ਗਏ, ਨਾ ਸਾਮਾਨ ਆਇਆ ਤੇ ਨਾ ਹੀ ਕੋਈ ਕਾਲ। --- ਬਸਤੀ ਬਾਵਾ ਖੇਲ ਦੇ ਲੱਕੀ ਦਾ ਮਾਮਲਾ ਲੱਕੀ ਨੇ ਦੱਸਿਆ ਕਿ ਉਹ ਮਾਰਕੀਟ ਪਲੇਸ ਦੇਖ ਰਿਹਾ ਸੀ ਜਦ ਉਸ ਨੇ ਸਸਤੇ ਫਰਨੀਚਰ ਦੀ ਐਡ ਵੇਖੀ। ਉਸ ਨੇ ਸੰਪਰਕ ਕੀਤਾ ਤਾਂ ਸਾਹਮਣੇ ਵਾਲੇ ਨੇ ਕਿਹਾ ਕਿ ਉਸ ਦੀ ਏਅਰਪੋਰਟ ’ਚ ਨੌਕਰੀ ਸੀ ਪਰ ਹੁਣ ਟਰਾਂਸਫਰ ਹੋ ਗਿਆ ਹੈ, ਇਸ ਲਈ ਉਹ ਫਰਨੀਚਰ ਵੇਚ ਰਿਹਾ ਹੈ। ਠੱਗ ਨੇ ਸਾਰੀਆਂ ਚੀਜ਼ਾਂ ਦੀਆਂ ਤਸਵੀਰਾਂ ਭੇਜੀਆਂ ਤੇ ਵੀਡੀਓ ਕਾਲ ’ਤੇ ਵੀ ਫਰਨੀਚਰ ਦਿਖਾਇਆ। ਫਿਰ ਕਿਹਾ ਕਿ ਜੇ ਤੁਸੀਂ ਸਾਮਾਨ ਖਰੀਦਣਾ ਚਾਹੁੰਦੇ ਹੋ ਤਾਂ ਪਹਿਲਾਂ ਪੰਜ ਹਜ਼ਾਰ ਰੁਪਏ ਆਨਲਾਈਨ ਭੇਜੋ, ਕਿਉਂਕਿ ਹਰ ਰੋਜ਼ ਦਰਜਨਾਂ ਲੋਕ ਖਰੀਦਣ ਲਈ ਪੁੱਛਦੇ ਹਨ। ਲੱਕੀ ਉਸ ਦੀ ਗੱਲਾਂ ’ਚ ਆ ਗਿਆ ਤੇ ਪੰਜ ਹਜ਼ਾਰ ਰੁਪਏ ਪਾ ਦਿੱਤੇ। ਉਸ ਤੋਂ ਬਾਅਦ ਠੱਗ ਨੇ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਕਾਲ ਚੁੱਕਣੀ ਬੰਦ ਕਰ ਦਿੱਤੀ। --- ਬਲਦੇਵ ਨਗਰ ਦੇ ਵੀਰੂ ਦਾ ਤਜਰਬਾ ਵੀਰੂ, ਜੋ ਮੋਟਰਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ, ਨੇ ਦੱਸਿਆ ਕਿ ਉਸ ਨੇ ਪੁਰਾਣਾ ਮੋਬਾਈਲ ਖਰੀਦਣ ਲਈ ਓਐੱਲਐਕਸ ਖੋਲ੍ਹਿਆ। ਉੱਥੇ ਉਸ ਨੂੰ ਨਵਾਂ ਆਈਫ਼ੋਨ ਬਹੁਤ ਘੱਟ ਕੀਮਤ ’ਤੇ ਦਿਸਿਆ। ਉਸ ਨੇ ਸੰਪਰਕ ਕੀਤਾ ਤਾਂ ਠੱਗ ਨੇ ਕਿਹਾ ਕਿ ਉਹ ਲੁਧਿਆਣਾ ਤੋਂ ਬੋਲ ਰਿਹਾ ਹੈ ਤੇ ਮੋਬਾਈਲ ਕੈਸ਼ ਆਨ ਡਲਿਵਰੀ ’ਤੇ ਭੇਜ ਦੇਵੇਗਾ ਪਰ ਪਹਿਲਾਂ ਬੁਕਿੰਗ ਤੇ ਡਲਿਵਰੀ ਚਾਰਜ ਦੇਣੇ ਪੈਣਗੇ। ਇਸ ਤਰ੍ਹਾਂ ਵੀਰੂ ਤੋਂ ਦੋ ਹਜ਼ਾਰ ਰੁਪਏ ਪਾ ਲਏ। ਪੈਸੇ ਪਾਉਣ ਤੋਂ ਬਾਅਦ ਠੱਗ ਨੇ ਕਾਲ ਚੁੱਕਣੀ ਬੰਦ ਕਰ ਦਿੱਤੀ। ਵੀਰੂ ਨੇ ਨਾਮ ਬਦਲ ਕੇ ਨਵੀਂ ਆਈਡੀ ਨਾਲ ਉਸ ਨੂੰ ਫਿਰ ਮੈਸੇਜ ਕੀਤਾ ਤਾਂ ਉਸ ਨੇ ਪਹਿਲਾਂ ਵਾਂਗ ਗੱਲ ਕਰਨੀ ਸ਼ੁਰੂ ਕੀਤੀ ਪਰ ਜਦ ਵੀਰੂ ਨੇ ਪਹਿਲਾਂ ਭੇਜੇ ਪੈਸਿਆਂ ਦੀ ਗੱਲ ਕੀਤੀ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਮੈਸੇਜ ਕਰਨਾ ਬੰਦ ਕਰ ਦਿੱਤਾ। --- ਠੱਗੀ ਤੋਂ ਬਚਣ ਲਈ ਮਹੱਤਵਪੂਰਨ ਸੁਝਾਅ ਸੋਸ਼ਲ ਮੀਡੀਆ ’ਤੇ ਸਸਤਾ ਸਾਮਾਨ ਵੇਖ ਕੇ ਤੁਰੰਤ ਭੁਗਤਾਨ ਨਾ ਕਰੋ, ਪਹਿਲਾਂ ਜਾਂਚ ਕਰੋ। ਕਿਸੇ ਵੀ ਅਣਜਾਣ ਵਿਅਕਤੀ ਜਾਂ ਪੇਜ ਨੂੰ ਪੈਸੇ ਨਾ ਭੇਜੋ। “ਸੀਮਤ ਸਮੇਂ ਲਈ ਆਫ਼ਰ” ਜਾਂ “ਸਿਰਫ ਅੱਜ ਲਈ ਸੌਦਾ” ਵਰਗੇ ਲਾਲਚਾਂ ’ਚ ਨਾ ਆਓ। ਅਸਲੀ ਕੈਸ਼ ਆਨ ਡਲਿਵਰੀ ’ਚ ਸਾਮਾਨ ਭੇਜਣ ਤੋਂ ਪਹਿਲਾਂ ਕੋਈ ਐਡਵਾਂਸ ਨਹੀਂ ਲਿਆ ਜਾਂਦਾ। ਫਰਜ਼ੀ ਟ੍ਰੈਕਿੰਗ ਆਈਡੀ ’ਤੇ ਭਰੋਸਾ ਨਾ ਕਰੋ। ਪ੍ਰੋਫਾਈਲ ਤੇ ਰੀਵਿਊ ਜਾਂਚੋ ਤੇ ਹਮੇਸ਼ਾ ਅਸਲੀ ਵੈੱਬਸਾਈਟ ਜਾਂ ਐਪ ਤੋਂ ਹੀ ਸਾਮਾਨ ਖਰੀਦੋ। ਜੇ ਠੱਗੀ ਹੋ ਜਾਵੇ ਤਾਂ ਤੁਰੰਤ ਰਾਸ਼ਟਰੀ ਸਾਈਬਰ ਹੈਲਪਲਾਈਨ 1930 ’ਤੇ ਸ਼ਿਕਾਇਤ ਕਰੋ।