ਸਰਕਾਰੀ ਐੱਸਡੀ ਫੁੱਲਰਵਾਨ ਲੜਕੀਆਂ ਸੀਨੀਅਰ ਸੈਕੰਡਰੀ ਸਕੂਲ ’ਚ ਜਾਗਰੂਕਤਾ ਵਰਕਸ਼ਾਪ ਕਰਵਾਈ
ਸਰਕਾਰੀ ਐੱਸਡੀ ਫੁੱਲਰਵਾਨ ਲੜਕੀਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਗਰੂਕਤਾ ਵਰਕਸ਼ਾਪ ਕਰਵਾਈ
Publish Date: Sun, 17 May 2026 08:46 PM (IST)
Updated Date: Mon, 18 May 2026 04:16 AM (IST)

* ਵਿਦਿਆਰਥਣਾਂ ਨੂੰ ਕਾਨੂੰਨੀ ਜਾਣਕਾਰੀ ਦਿੰਦਿਆਂ ਅਧਿਕਾਰਾਂ ਤੇ ਫਰਜ਼ਾਂ ਬਾਰੇ ਸਮਝਾਇਆ ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ ਭੋਗਪੁਰ : ਸਰਕਾਰੀ ਐੱਸਡੀ ਫੁੱਲਰਵਾਨ ਲੜਕੀਆਂ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਅਮਰਜੋਤੀ ਸ਼ਰਮਾ ਦੀ ਅਗਵਾਈ ਹੇਠ ਵਿਦਿਆਰਥਣਾਂ ਲਈ ਕਾਨੂੰਨੀ ਜਾਗਰੂਕਤਾ, ਮੋਬਾਈਲ ਦੇ ਮਾੜੇ ਪ੍ਰਭਾਵ ਤੇ ਕਰੀਅਰ ਸਬੰਧੀ ਵਰਕਸ਼ਾਪ ਕਰਵਾਈ। ਇਸ ਵਰਕਸ਼ਾਪ ’ਚ ਐਡਵੋਕੇਟ ਸੰਦੀਪ ਕੁਮਾਰੀ (ਮੋਗਾ) ਤੇ ਐਡਵੋਕੇਟ ਇੰਦਰਾਨੀ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਕਾਨੂੰਨੀ ਜਾਣਕਾਰੀ ਦਿੰਦਿਆਂ ਆਪਣੇ ਅਧਿਕਾਰਾਂ ਤੇ ਫਰਜ਼ਾਂ ਬਾਰੇ ਵਿਸਥਾਰ ਨਾਲ ਸਮਝਾਇਆ। ਐਡਵੋਕੇਟ ਸੰਦੀਪ ਕੁਮਾਰੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਵਿਦਿਆਰਥੀਆਂ ਨੂੰ ਮੋਬਾਈਲ ਦੀ ਵਰਤੋਂ ਸੋਚ-ਸਮਝ ਕੇ ਕਰਨੀ ਚਾਹੀਦੀ ਹੈ, ਕਿਉਂਕਿ ਇਸ ਦੇ ਅਤਿ-ਵਰਤੋਂ ਨਾਲ ਮਾਨਸਿਕ ਤੇ ਸਰੀਰਕ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪੈਂਦੇ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਖੇਡਾਂ ਤੇ ਹੋਰ ਰਚਨਾਤਮਕ ਗਤੀਵਿਧੀਆਂ ’ਚ ਵਧੇਰੇ ਸਮਾਂ ਬਿਤਾਉਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਨੂੰ ਆਪਣੀ ਰੁਚੀ ਅਨੁਸਾਰ ਕਰੀਅਰ ਦੀ ਚੋਣ ਕਰਨੀ ਚਾਹੀਦੀ ਹੈ ਤੇ ਕਾਨੂੰਨੀ ਤਰੀਕਿਆਂ ਰਾਹੀਂ ਇਨਸਾਫ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ। ਐਡਵੋਕੇਟ ਇੰਦਰਾਨੀ ਅਰੋੜਾ ਨੇ ਕਿਹਾ ਕਿ ਨਵੇਂ ਕਾਨੂੰਨਾਂ ’ਚ ਔਰਤਾਂ ਦੀ ਸੁਰੱਖਿਆ ਤੇ ਅਧਿਕਾਰਾਂ ਲਈ ਕਈ ਮਹੱਤਵਪੂਰਨ ਪ੍ਰਬੰਧ ਕੀਤੇ ਗਏ ਹਨ, ਜਿਸ ਨਾਲ ਔਰਤਾਂ ਨੂੰ ਆਤਮਨਿਰਭਰ ਬਣਨ ਤੇ ਬਿਨਾਂ ਡਰ ਆਪਣੇ ਹੱਕਾਂ ਦੀ ਵਰਤੋਂ ਕਰਨ ਵਿਚ ਮਦਦ ਮਿਲਦੀ ਹੈ। ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੇ ਮਹਿਮਾਨਾਂ ਨਾਲ ਸਵਾਲ-ਜਵਾਬ ਵੀ ਕੀਤੇ। ਸਹੀ ਜਵਾਬ ਦੇਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ’ਚ ਪ੍ਰਿੰਸੀਪਲ ਅਮਰਜੋਤੀ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਨਾਲ ਵਿਦਿਆਰਥਣਾਂ ਨੂੰ ਵਧੇਰੇ ਗਿਆਨ ਅਤੇ ਦਿਸ਼ਾ ਮਿਲਦੀ ਹੈ, ਇਸ ਲਈ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਸਮਾਗਮ ਜਾਰੀ ਰਹਿਣੇ ਚਾਹੀਦੇ ਹਨ।