ਬਾਜ਼ਾਰ ’ਚ ਚੋਰੀ ਦੀ ਕੋਸ਼ਿਸ਼, ਇਕ ਸ਼ੱਕੀ ਕਾਬੂ
ਬਾਜ਼ਾਰ ’ਚ ਚੋਰੀ ਦੀ ਕੋਸ਼ਿਸ਼, ਇਕ ਸ਼ੱਕੀ ਵਿਅਕਤੀ ਕਾਬੂ, ਹਾਲਾਤ ਤਣਾਅਪੂਰਨ
Publish Date: Thu, 30 Apr 2026 10:10 PM (IST)
Updated Date: Thu, 30 Apr 2026 10:13 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਸਥਾਨਕ ਕਸਬੇ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ’ਚ ਇਕ ਘਰ ’ਚ ਚੋਰੀ ਦੀ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਤਿੰਨ ਮੋਟਰਸਾਈਕਲ ਸਵਾਰ ਵਿਅਕਤੀ ਇਕ ਘਰ ਦੇ ਤਾਲੇ ਤੋੜ ਕੇ ਨਕਦੀ ਚੋਰੀ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਰਹੇ ਸਨ। ਇਸ ਦੌਰਾਨ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕਰਕੇ ਇਕ ਵਿਅਕਤੀ ਨੂੰ ਘੇਰ ਲਿਆ। ਲੋਕਾਂ ਅਨੁਸਾਰ ਭੱਜਣ ਵਾਲਿਆਂ ’ਚੋਂ ਇਕ ਨੇ ਹਥਿਆਰ ਲਹਿਰਾਉਣ ਦੀ ਕੋਸ਼ਿਸ਼ ਵੀ ਕੀਤੀ। ਭੀੜ ਵੱਲੋਂ ਕਾਬੂ ਕੀਤੇ ਗਏ ਇਕ ਵਿਅਕਤੀ ਨਾਲ ਹਲਕੀ ਕੁੱਟਮਾਰ ਵੀ ਹੋਈ, ਜਿਸ ਤੋਂ ਬਾਅਦ ਉਸ ਨੂੰ ਪੁਲਿਸ ਚੌਕੀ ਜੰਡਿਆਲਾ ਦੀ ਟੀਮ ਹਵਾਲੇ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਕਾਬੂ ਕੀਤਾ ਗਿਆ ਵਿਅਕਤੀ ਇਸ ਵੇਲੇ ਇਲਾਜ ਅਧੀਨ ਹੈ। ਇਸ ਘਟਨਾ ਦੌਰਾਨ ਵਾਇਰਲ ਹੋਈ ਵੀਡੀਓ ’ਚ ਇਕ ਵਿਅਕਤੀ ਖੂਨ ਨਾਲ ਲੱਥਪੱਥ ਤੇ ਲੋਕਾਂ ਦੀ ਭੀੜ ਉਸਦੇ ਆਲੇ-ਦੁਆਲੇ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੋਰੀ ਦੀ ਇਹ ਵਾਰਦਾਤ ਬਾਜ਼ਾਰ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਵੀ ਕੈਦ ਹੋ ਗਈ ਹੈ। ਇਸ ਸਬੰਧੀ ਥਾਣਾ ਸਦਰ ਜਲੰਧਰ ਦੇ ਇੰਚਾਰਜ ਇੰਸਪੈਕਟਰ ਸੰਜੀਵ ਸੂਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।