ਗੱਡੀ ’ਚ ਘੱਟ ਤੇਲ ਪਾ ਕੇ ਵੱਧ ਪੈਸੇ ਲੈਣ ਦੀ ਕੋਸ਼ਿਸ਼, ਫਿਰ ਮੋੜੇ
-ਅਧਿਆਪਕਾ ਨਾਲ ਕੀਤੀ ਗਈ
Publish Date: Tue, 19 May 2026 09:35 PM (IST)
Updated Date: Tue, 19 May 2026 09:37 PM (IST)
-ਅਧਿਆਪਕਾ ਨਾਲ ਕੀਤੀ ਗਈ ਬਹਿਸ 'ਤੇ ਮੋੜੇ ਪੈਸੇ
ਸਕੂਲ ਤੋਂ ਗੁਰੂ ਨਾਨਕਪੁਰਾ ਆਪਣੇ ਘਰ ਵਾਪਸ ਆ ਰਹੀ ਅਧਿਆਪਕਾ ਨੂੰ ਪੈਟਰੋਲ ਪੰਪ ਦੇ ਮੁਲਾਜ਼ਮ ਨੇ ਚੂਨਾ ਲਾਉਣ ਦੀ ਕੋਸ਼ਿਸ਼ ਕੀਤੀ। ਅਧਿਆਪਕਾ ਸ਼ਿੰਕੀ ਸ਼ਰਮਾ ਨੇ ਦੱਸਿਆ ਕਿ ਉਹ ਗੱਡੀ ’ਚ ਪੈਟਰੋਲ ਭਰਵਾਉਣ ਲਈ ਨੇੜਲੇ ਪੈਟਰੋਲ ਪੰਪ 'ਤੇ ਰੁਕੀ ਤੇ ਮੁਲਾਜ਼ਮ ਨੂੰ 4 ਹਜ਼ਾਰ ਰੁਪਏ ਦਾ ਤੇਲ ਭਰਵਾਉਣ ਲਈ ਕਿਹਾ। ਮੁਲਾਜ਼ਮ ਨੇ ਤੇਲ ਭਰਦੇ ਹੋਏ ਹੀ ਬਿੱਲ ਲਈ ਮਸ਼ੀਨ ਅੱਗੇ ਕਰ ਦਿੱਤੀ। ਉਸ ਸਮੇਂ ਤੱਕ ਸਿਰਫ 2500 ਰੁਪਏ ਦਾ ਤੇਲ ਹੀ ਗੱਡੀ ’ਚ ਭਰਿਆ ਗਿਆ ਸੀ। ਜਦੋਂ ਉਨ੍ਹਾਂ ਨੇ ਪੂਰਾ ਤੇਲ ਭਰਵਾਉਣ ਲਈ ਕਿਹਾ ਤਾਂ ਉਸ ਨੇ ਪਰਚੀ ਕੱਢ ਕੇ ਕਿਹਾ ਕਿ 4000 ਰੁਪਏ ਦਾ ਤੇਲ ਪਾ ਦਿੱਤਾ ਹੈ, ਜਦਕਿ ਕੁਝ ਪਲਾਂ ’ਚ ਇੰਨਾ ਤੇਲ ਨਹੀਂ ਭਰਿਆ ਜਾ ਸਕਦਾ। ਮੁਲਾਜ਼ਮ ਉਨ੍ਹਾਂ ਨਾਲ ਬਹਿਸ ਕਰਨ ਲੱਗਾ ਤਾਂ ਉਨ੍ਹਾਂ ਨੇ ਤੇਲ ਕੰਪਨੀ ’ਚ ਕੰਮ ਕਰਨ ਵਾਲੇ ਇਕ ਜਾਣਕਾਰ ਨੂੰ ਜਾਣਕਾਰੀ ਦਿੱਤੀ।
ਸ਼ਿੰਕੀ ਸ਼ਰਮਾ ਨੇ ਕਿਹਾ ਕਿ ਜਾਣਕਾਰ ਨੇ ਤੇਲ ਕੰਪਨੀ ਦੇ ਫੀਲਡ ਅਧਿਕਾਰੀ ਨੂੰ ਫੋਨ ਕੀਤਾ ਤੇ ਤੇਲ ਪਾਉਣ ਵਾਲੀ ਮਸ਼ੀਨ ਤੋਂ ਬਿੱਲ ਕੱਢਿਆ ਤਾਂ ਪਤਾ ਲੱਗਾ ਕਿ ਸਿਰਫ 2861 ਰੁਪਏ ਦਾ ਹੀ ਤੇਲ ਗੱਡੀ ’ਚ ਭਰਿਆ ਗਿਆ ਸੀ, ਜਦਕਿ ਉਨ੍ਹਾਂ ਨੂੰ ਪਹਿਲਾਂ 3648 ਰੁਪਏ ਦਾ ਬਿੱਲ ਦਿੱਤਾ ਗਿਆ ਸੀ। ਜਦੋਂ ਅਧਿਕਾਰੀ ਨੇ ਮਾਮਲੇ ’ਚ ਦਖਲ ਦਿੱਤਾ ਤਾਂ ਉਨ੍ਹਾਂ ਨੂੰ ਬਾਕੀ ਦੇ ਪੈਸੇ ਵਾਪਸ ਕਰ ਦਿੱਤੇ ਗਏ। ਸ਼ਿੰਕੀ ਸ਼ਰਮਾ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਅੱਗੇ ਨਹੀਂ ਕੀਤੀ ਪਰ ਅਜਿਹੇ ਪੰਪਾਂ 'ਤੇ ਕੰਪਨੀਆਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ।