ਏਟੀਐੱਮ ਤੋੜਨ ਵਾਲੇ 72 ਘੰਟਿਆਂ ’ਚ ਕਾਬੂ, ਹਥਿਆਰਾਂ ਸਮੇਤ ਦੋ ਗ੍ਰਿਫ਼ਤਾਰ
ਏਟੀਐੱਮ ਤੋੜਨ ਵਾਲੇ 72 ਘੰਟਿਆਂ ’ਚ ਕਾਬੂ, ਹਥਿਆਰਾਂ ਸਮੇਤ ਦੋ ਗ੍ਰਿਫ਼ਤਾਰ
Publish Date: Tue, 12 May 2026 09:59 PM (IST)
Updated Date: Tue, 12 May 2026 10:00 PM (IST)

-ਦਿਹਾਤ ਪੁਲਿਸ ਨੇ ਕੀਤਾ ਏਟੀਐੱਮ ਗੈਂਗ ਦਾ ਪਰਦਾਫਾਸ਼ -ਨਾਜਾਇਜ਼ ਪਿਸਤੌਲ, ਕਾਰਤੂਸ ਤੇ ਬਿਨਾਂ ਨੰਬਰ ਵਾਲੀ ਕਰੇਟਾ ਬਰਾਮਦ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਹਾਤ ਪੁਲਿਸ ਨੇ ਕਿਸ਼ਨਗੜ੍ਹ ’ਚ ਐੱਸਬੀਆਈ ਏਟੀਐੱਮ ਤੋੜਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਸਿਰਫ਼ 72 ਘੰਟਿਆਂ ’ਚ ਗ੍ਰਿਫ਼ਤਾਰ ਕਰ ਲਿਆ। ਉੱਥੇ ਹੀ ਇਕ ਹੋਰ ਕਾਰਵਾਈ ਦੌਰਾਨ ਨਾਕਾਬੰਦੀ ਵੇਲੇ ਨਾਜਾਇਜ਼ ਹਥਿਆਰਾਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਹਿਲਾਂ ਵੀ ਕਈ ਮਾਮਲਿਆਂ ’ਚ ਸ਼ਾਮਲ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਕਾਰਵਾਈ ਐੱਸਪੀ ਇਨਵੈਸਟੀਗੇਸ਼ਨ ਵਿਨੀਤ ਅਹਲਾਵਤ ਤੇ ਡੀਐੱਸਪੀ ਕਰਤਾਰਪੁਰ ਨਰਿੰਦਰ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ। ਐੱਸਐੱਸਪੀ ਨੇ ਦੱਸਿਆ ਕਿ 9 ਮਈ ਨੂੰ ਕਿਸ਼ਨਗੜ੍ਹ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਹਰਦੀਪ ਸਿੰਘ ਨੂੰ ਅਭਿਸ਼ੇਕ ਸਿੰਘ ਵਾਸੀ ਬਰੇਲੀ, ਉੱਤਰ ਪ੍ਰਦੇਸ਼ ਨੇ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਐੱਨਸੀਆਰ ਏਟੀਐੱਲਬੀਓਐੱਸ ਕੰਪਨੀ ’ਚ ਏਟੀਐੱਮ-ਐੱਮਐੱਸਪੀ ਵਜੋਂ ਕੰਮ ਕਰਦਾ ਹੈ ਅਤੇ ਇਲਾਕੇ ਵਿੱਚ ਨਿਗਰਾਨੀ ਕਰਦਾ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਪਹਿਲੀ ਅਤੇ 2 ਮਈ ਦੀ ਰਾਤ ਅਣਪਛਾਤੇ ਲੋਕਾਂ ਨੇ ਕਿਸ਼ਨਗੜ੍ਹ ਸਥਿਤ ਐੱਸਬੀਆਈ ਏਟੀਐੱਮ ਨੂੰ ਤੋੜਣ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਜਾਂਚ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰ ਲਈ। ਪੁਲਿਸ ਨੇ ਇਸ ਮਾਮਲੇ ’ਚ ਥਾਣਾ ਕਰਤਾਰਪੁਰ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕੰਵਲਜੀਤ ਸਿੰਘ ਵਾਸੀ ਗੱਗਰਭਾਨਾ, ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਉਰਫ਼ ਸੋਨੂ ਵਾਸੀ ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਪਾਵੜ, ਜਲੰਧਰ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹੀ ਮੁਲਜ਼ਮ ਹਾਲ ਹੀ ਵਿੱਚ ਭੋਗਪੁਰ ਸਥਿਤ ਯੂਕੋ ਬੈਂਕ ਏਟੀਐੱਮ ਤੋੜਣ ਦੀ ਕੋਸ਼ਿਸ਼ ’ਚ ਵੀ ਸ਼ਾਮਲ ਸਨ। ਉਸ ਮਾਮਲੇ ਵਿੱਚ ਥਾਣਾ ਭੋਗਪੁਰ ’ਚ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਕਾਰ, ਇਕ ਰਾਡ, ਇਕ ਦਾਤਰ ਤੇ ਤਲਵਾਰ ਬਰਾਮਦ ਕੀਤੀ ਹੈ। ਪੁਲਿਸ ਹੁਣ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਲ ਕਰੇਗੀ ਤਾਂ ਜੋ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ। ------------------------ ਵੱਖਰੀ ਕਾਰਵਾਈ ’ਚ ਨਾਜਾਇਜ਼ ਹਥਿਆਰਾਂ ਸਮੇਤ ਦੋ ਗ੍ਰਿਫ਼ਤਾਰ ਥਾਣਾ ਮਕਸੂਦਾਂ ਪੁਲਿਸ ਨੇ ਨਾਕਾਬੰਦੀ ਦੌਰਾਨ ਬਿਨਾਂ ਨੰਬਰ ਵਾਲੀ ਕਾਰ ’ਚ ਸਵਾਰ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਟੀਮ ਲਿੱਧੜਾਂ ਸਥਿਤ ਸੈਂਟ ਸੋਲਜ਼ਰ ਕਾਲਜ ਨੇੜੇ ਨਾਕਾਬੰਦੀ ਕਰ ਰਹੀ ਸੀ। ਜਿਵੇਂ ਹੀ ਕਾਰ ਨਾਕੇ ’ਤੇ ਪੁੱਜੀ, ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਪਿੱਛਾ ਕਰਕੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗੋਪਾਲ ਸਿੰਘ ਉਰਫ਼ ਗੋਪਾ ਵਾਸੀ ਆਦਮਪੁਰ ਅਤੇ ਗੁਰਬਖ਼ਸ਼ ਸਿੰਘ ਉਰਫ਼ ਸੈਂਡੀ ਵਾਸੀ ਅਸ਼ੋਕ ਵਿਹਾਰ, ਜਲੰਧਰ ਵਜੋਂ ਹੋਈ ਹੈ। ਵਾਹਨ ਦੀ ਤਲਾਸ਼ੀ ਦੌਰਾਨ ਡੈਸ਼ਬੋਰਡ ’ਚੋਂ .30 ਬੋਰ 7.62 ਐੱਮਐੱਮ ਪਿਸਤੌਲ ਬਰਾਮਦ ਹੋਈ। ਇਸ ਤੋਂ ਇਲਾਵਾ ਗੁਰਬਖ਼ਸ਼ ਸਿੰਘ ਕੋਲੋਂ ਤਿੰਨ ਕਾਰਤੂਸ ਤੇ ਇਕ ਖੋਲ ਵੀ ਮਿਲਿਆ। ਦੋਵੇਂ ਮੁਲਜ਼ਮ ਹਥਿਆਰਾਂ ਦਾ ਕੋਈ ਜਾਇਜ਼ਾ ਲਾਇਸੈਂਸ ਪੇਸ਼ ਨਹੀਂ ਕਰ ਸਕੇ। ਇਸ ਸਬੰਧੀ ਥਾਣਾ ਮਕਸੂਦਾਂ ’ਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। -------------------------- ਫਾਈਰਿੰਗ ਕੇਸ ’ਚ ਵੀ ਸਾਹਮਣੇ ਆਇਆ ਨਾਮ ਪੁਲਿਸ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਫਰਵਰੀ 2026 ਵਿੱਚ ਭੋਗਪੁਰ ’ਚ ਹੋਏ ਫਾਇਰਿੰਗ ਕੇਸ ਵਿੱਚ ਵੀ ਸ਼ਾਮਲ ਸਨ। ਉਸ ਮਾਮਲੇ ਵਿਚ ਪਹਿਲਾਂ ਹੀ ਕੇਸ ਦਰਜ ਹੈ ਅਤੇ ਹੁਣ ਦੋਵਾਂ ਦੀ ਭੂਮਿਕਾ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। ਗੁਰਬਖ਼ਸ਼ ਸਿੰਘ ਉਰਫ਼ ਸੈਂਡੀ ਖ਼ਿਲਾਫ਼ ਐੱਨਡੀਪੀਐੱਸ ਐਕਟ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ, ਜੇਲ੍ਹ ਐਕਟ ਦੀ ਉਲੰਘਣਾ ਦੇ ਮਾਮਲੇ ਦਰਜ ਹਨ। ਇਸੇ ਤਰ੍ਹਾਂ ਗੋਪਾਲ ਸਿੰਘ ਉਰਫ਼ ਗੋਪਾ ਖ਼ਿਲਾਫ਼ ਕਤਲ ਤੇ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ, ਐੱਨਡੀਪੀਐੱਸ ਐਕਟ ਤੇ ਪੁਲਿਸ ਡਿਊਟੀ ’ਚ ਰੁਕਾਵਟ ਪੈਦਾ ਕਰਨ ਦੇ ਮਾਮਲੇ ਦਰਜ ਹਨ।