ਆਤਮ ਰਸ ਕੀਰਤਨ ਦਰਬਾਰ ਤੇ ਮੁਫ਼ਤ ਮੈਡੀਕਲ ਕੈਂਪ ਅੱਜ
ਗੁਰਾਇਆ ਵਿਖੇ ਆਤਮ ਰਸ ਕੀਰਤਨ ਦਰਬਾਰ ਤੇ ਫਰੀ ਮੈਡੀਕਲ ਕੈਂਪ ਅੱਜ
Publish Date: Fri, 01 May 2026 09:42 PM (IST)
Updated Date: Fri, 01 May 2026 09:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਸ੍ਰੀ ਗੁਰੂ ਰਾਮਦਾਸ ਜੀ ਨਿਸ਼ਕਾਮ ਸੇਵਾ ਸੁਸਾਇਟੀ ਗੁਰਾਇਆ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਆਤਮ ਰਸ ਕੀਰਤਨ ਦਰਬਾਰ ਤੇ ਅੰਮ੍ਰਿਤ ਸੰਚਾਰ ਸਮਾਗਮ 2 ਮਈ ਨੂੰ ਪੀਂਘਾ ਵਾਲਾ ਚੌਕ ਗੁਰਾਇਆ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸ਼ਾਮ 5 ਵਜੇ ਤੋਂ ਰਾਤ 12:30 ਵਜੇ ਤੱਕ ਚੱਲੇਗਾ। ਸੁਸਾਇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਗੁਰਦੁਆਰਾ ਸ਼ਹੀਦਾਂ ਸਿੰਘਾਂ ਤੋਂ ਸ਼ਾਮ 4 ਵਜੇ ਆਰੰਭ ਹੋ ਕੇ ਪੀਂਘਾ ਵਾਲਾ ਚੌਂਕ ਵਿਖੇ ਪਹੁੰਚੇਗੀ, ਜਿੱਥੇ ਆਤਮ ਰਸ ਕੀਰਤਨ ਦਰਬਾਰ ਸਜਾਇਆ ਜਾਵੇਗਾ। ਇਸ ਸਮਾਗਮ ਵਿੱਚ ਭਾਈ ਬਲਵਿੰਦਰ ਸਿੰਘ ਰੰਗੀਲਾ (ਚੰਡੀਗੜ੍ਹ ਵਾਲੇ), ਜਥਾ ਮੀਰੀ ਪੀਰੀ ਖਾਲਸਾ ਜਗਾਧਰੀ ਵਾਲੇ, ਭਾਈ ਦਲੀਪ ਸਿੰਘ ‘ਫੱਕਰ’ (ਪਟਿਆਲਾ ਵਾਲੇ), ਸੰਤ ਬਾਬਾ ਜੀਵਨ ਸਿੰਘ (ਬਗੀਚੀ ਵਾਲੇ), ਭਾਈ ਬਚਿੱਤਰ ਸਿੰਘ (ਚੰਡੀਗੜ੍ਹ ਵਾਲੇ), ਭਾਈ ਜਸਕਰਨਜੀਤ ਸਿੰਘ, ਭਾਈ ਮਨ ਕਰਨਦੀਪ ਸਿੰਘ (ਗੁਰਾਇਆ ਵਾਲੇ) ਅਤੇ ਭਾਈ ਭਗਵੰਤ ਸਿੰਘ (ਗੁਰਾਇਆ ਵਾਲੇ) ਵੱਲੋਂ ਕੀਰਤਨ ਰਾਹੀਂ ਹਾਜ਼ਰੀ ਲਗਾਈ ਜਾਵੇਗੀ। ਭਾਈ ਹਰੀ ਸਿੰਘ (ਗੁਰਾਇਆ ਵਾਲੇ) ਸਟੇਜ ਸਕੱਤਰ ਦੀ ਸੇਵਾ ਨਿਭਾਉਣਗੇ। ਸੁਸਾਇਟੀ ਵੱਲੋਂ ਅੰਮ੍ਰਿਤ ਅਭਿਲਾਸ਼ੀਆਂ ਲਈ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਅਭਿਲਾਸ਼ੀ ਸੰਗਤ ਨੂੰ ਕੇਸਾਂ ਦੀ ਸੇਵਾ ਕਰਵਾ ਕੇ 2 ਮਈ ਸਵੇਰੇ 10 ਵਜੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ (ਪੱਕਾ ਦਰਜਾ, ਨੇੜੇ ਪਾਣੀ ਵਾਲੀ ਟੈਂਕੀ, ਗੁਰਾਇਆ) ਵਿਖੇ ਪੁੱਜਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ 2 ਮਈ ਨੂੰ ਹੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਨੇੜੇ ਫਰੀ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਲੰਡਨ ਤੋਂ ਆਏ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਬੀਰ ਸਿੰਘ ਗਿੱਲ ਮਰੀਜ਼ਾਂ ਦਾ ਚੈੱਕਅਪ ਕਰਨਗੇ। ਕੈਂਪ ਦੌਰਾਨ ਫਰੀ ਈਸੀਜੀ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਟੈਸਟ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਨਾਲ ਹੀ ਖੂਨਦਾਨ ਕੈਂਪ, ਅੱਖਾਂ ਦਾ ਫਰੀ ਚੈੱਕਅਪ ਕੈਂਪ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਫਿਜ਼ਿਓਥੈਰਪੀ ਕੈਂਪ ਵੀ ਲਗਾਇਆ ਜਾ ਰਿਹਾ ਹੈ।