ਕਾਨਫਰੰਸ ’ਚ ਡਾ. ਗੁਪਤਾ ਨੇ ਸਾਂਝੇ ਕੀਤੇ ਤਜਰਬੇ
ਇੰਟਰਨੈਸ਼ਨਲ ਕਾਨਫਰੰਸ ’ਚ ਡਾ. ਸਤਪਾਲ ਗੁਪਤਾ ਨੇ ਸਾਂਝੇ ਕੀਤੇ ਨਵੇਂ ਤਜਰਬੇ, ਬਿਨਾਂ ਚੀਰਫਾੜ ਟੁੱਟੀਆਂ ਹੱਡੀਆਂ ਦੇ ਇਲਾਜ ਦੀਆਂ ਨਵੀਂਆਂ ਤਕਨੀਕਾਂ ਪੇਸ਼
Publish Date: Tue, 21 Apr 2026 08:14 PM (IST)
Updated Date: Tue, 21 Apr 2026 08:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਡੀਆਨ ਐਸੋਸੀਏਸ਼ਨ ਆਫ ਆਰਥੋਪੀਡਿਕ ਸਰਜਨਜ਼ ਵੱਲੋਂ ਇੰਦੌਰ (ਮੱਧ ਪ੍ਰਦੇਸ਼) ’ਚ ਕਰਵਾਈ 5ਵੀਂ ਇੰਟਰਨੈਸ਼ਨਲ ਕਾਨਫਰੰਸ ਦੌਰਾਨ ਦੇਸ਼-ਵਿਦੇਸ਼ ਤੋਂ ਆਏ ਪ੍ਰਸਿੱਧ ਆਰਥੋਪੀਡਿਕ ਵਿਦਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਐਸੋਸੀਏਸ਼ਨ ਦੇ ਐਗਜੈਕਟਿਵ ਮੈਂਬਰ ਡਾ. ਸਤਪਾਲ ਗੁਪਤਾ ਨੇ ਵਿਸ਼ੇਸ਼ ਤੌਰ ’ਤੇ ਭਾਗ ਲੈਂਦਿਆਂ ਨਵੀਆਂ ਤੇ ਅਧੁਨਿਕ ਇਲਾਜ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਆਧੁਨਿਕ ਮੈਡੀਕਲ ਖੇਤਰ ’ਚ ਹੁਣ ਅਜਿਹੀਆਂ ਤਕਨੀਕਾਂ ਉਪਲਬਧ ਹਨ, ਜਿਨ੍ਹਾਂ ਨਾਲ ਟੁੱਟੀਆਂ ਹੱਡੀਆਂ ਦਾ ਇਲਾਜ ਬਿਨਾਂ ਵੱਡੀ ਚੀਰਫਾੜ, ਪਲੇਟਾਂ ਜਾਂ ਸਕਰੂ ਲਗਾਏ ਬਿਨਾਂ ਵੀ ਕੀਤਾ ਜਾ ਸਕਦਾ ਹੈ। ਮੀਰੋਜ ਤਕਨੀਕ ਰਾਹੀਂ ਟੁੱਟੀ ਹੱਡੀ ਨੂੰ ਕੁਝ ਘੰਟਿਆਂ ’ਚ ਹੀ ਜੋੜਿਆ ਜਾ ਸਕਦਾ ਹੈ ਤੇ ਮਰੀਜ਼ ਅਗਲੇ ਦਿਨ ਹੀ ਚੱਲਣ-ਫਿਰਣ ਦੇ ਯੋਗ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵੱਡੀ ਉਮਰ ਦੇ ਉਹ ਮਰੀਜ਼, ਜਿਨ੍ਹਾਂ ਦਾ ਆਪਰੇਸ਼ਨ ਕਰਨਾ ਸੰਭਵ ਨਹੀਂ ਹੁੰਦਾ, ਉਹਨਾਂ ਦੀਆਂ ਟੁੱਟੀਆਂ ਹੱਡੀਆਂ ਦਾ ਇਲਾਜ ਵੀ ਹੁਣ ਬਿਨਾਂ ਸਰਜਰੀ ਦੇ ਕੀਤਾ ਜਾ ਸਕਦਾ ਹੈ, ਜਿਸ ਨਾਲ ਉਹਨਾਂ ਨੂੰ ਜਲਦੀ ਰਾਹਤ ਮਿਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਓਜ਼ੋਨ ਥੈਰਪੀ ਵੀ ਇਕ ਮਹੱਤਵਪੂਰਨ ਤਕਨੀਕ ਹੈ, ਜਿਸ ਨਾਲ ਖ਼ਾਸ ਕਰਕੇ ਸ਼ੂਗਰ ਪੀੜਤ ਮਰੀਜ਼ਾਂ ਦੇ ਲੰਬੇ ਸਮੇਂ ਤੋਂ ਨਾ ਭਰਨ ਵਾਲੇ ਜ਼ਖਮ ਜਲਦੀ ਠੀਕ ਕੀਤੇ ਜਾ ਸਕਦੇ ਹਨ। ਡਾ. ਗੁਪਤਾ ਨੇ ਹੋਰ ਦੱਸਿਆ ਕਿ ਸਾਇਟਿਕਾ ਤੇ ਰੀੜ੍ਹ ਦੀ ਹੱਡੀ ਦੇ ਦਰਦ ਦਾ ਇਲਾਜ ਵੀ ਹੁਣ ਬਹੁਤ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਦੇ ਮੋਢੇ ਜਾਮ ਹੋ ਜਾਂਦੇ ਹਨ ਜਾਂ ਸਰਵਾਈਕਲ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਵੀ ਨਵੀਂ ਤਕਨੀਕਾਂ ਰਾਹੀਂ ਫੌਰੀ ਰਾਹਤ ਮਿਲਦੀ ਹੈ। ਕਾਨਫਰੰਸ ਦੌਰਾਨ ਵੱਖ-ਵੱਖ ਦੇਸ਼ਾਂ ਤੇ ਭਾਰਤ ਦੇ ਕਈ ਸੂਬਿਆਂ ਤੋਂ ਆਏ ਡਾਕਟਰਾਂ ਨੇ ਇਨ੍ਹਾਂ ਤਜਰਬਿਆਂ ਤੇ ਨਵੀਂ ਜਾਣਕਾਰੀ ਨੂੰ ਬੜੀ ਰੁਚੀ ਨਾਲ ਸੁਣਿਆ। ਇਸ ਦੌਰਾਨ ਡਾ. ਸਤਪਾਲ ਗੁਪਤਾ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਹਾਜ਼ਰ ਡਾਕਟਰਾਂ ਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਸ਼ਲਾਘਾ ਕੀਤੀ ਗਈ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।