ਲਾਇਸੈਂਸ ਰੀਨਿਊ ਲਈ ਖੱਜਲ ਹੋ ਰਿਹੈ ਅਸ਼ਟਾਮ ਫਿਰੋਸ਼
ਅਸ਼ਟਾਮ ਫਿਰੋਸ਼ ਲਾਇਸੈਂਸ ਰੀਨਿਊ ਕਰਵਾਉਣ ਲਈ 9 ਮਹੀਨਿਆਂ ਤੋਂ ਹੋਣਾ ਪੈ ਰਿਹੈ ਖੱਜਲ-ਖੁਆਰ
Publish Date: Wed, 17 Sep 2025 07:45 PM (IST)
Updated Date: Thu, 18 Sep 2025 07:11 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਤਹਿਸੀਲ ਕੰਪਲੈਕਸ ਵਿਖੇ ਅਸ਼ਟਾਮ ਫਿਰੋਸ਼ ਵਜੋਂ ਕੰਮ ਕਰਦੇ ਕੁਲਜੀਤ ਸਿੰਘ ਨੂੰ ਅਸ਼ਟਾਮ ਫਿਰੋਸ਼ ਦਾ ਲਾਇਸੈਂਸ ਰੀਨਿਊ ਕਰਵਾਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਤੇ ਇਕ ਸਾਲ ਦੀ ਮਿਆਦ ਵਾਲੇ ਲਾਇਸੈਂਸ ਨੂੰ ਬਣਾਉਣ ਲਈ ਪਿਛਲੇ 9 ਮਹੀਨਿਆਂ ਤੋਂ ਇਤਰਾਜ਼ ਦੂਰ ਕਰਨ ਦੇ ਬਾਵਜੂਦ ਲਾਇਸੈਂਸ ਰੀਨਿਊ ਨਹੀਂ ਹੋ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ਟਾਮ ਫਿਰੋਸ਼ ਕੁਲਜੀਤ ਸਿੰਘ ਵਾਸੀ ਮੀਏਂਵਾਲ ਅਰਾਈਆਂ ਨੇ ਦੱਸਿਆ ਕਿ ਉਹ ਆਪਣੇ ਕੁਝ ਘਰੇਲੂ ਰੁਝੇਵਿਆਂ ਕਾਰਨ ਪਿਛਲੇ ਸਮੇਂ ‘ਚ ਅਸ਼ਟਾਮ ਫਿਰੋਸ਼ ਲਾਇਸੈਂਸ ਰੀਨਿਊ ਨਹੀਂ ਕਰਵਾ ਸਕਿਆ ਸੀ ਪਰ ਹੁਣ ਲਾਇਸੈਂਸ ਰੀਨਿਊ ਕਰਵਾਉਣ ਲਈ 18 ਦਸੰਬਰ 2024 ਤੋਂ ਦਰਖਾਸਤ ਦਿੱਤੀ ਹੋਈ ਹੈ। ਡੀਸੀ ਦਫਤਰ ਵੱਲੋਂ ਤਿੰਨ ਵਾਰ ਲਾਏ ਇਤਰਾਜ਼ ਦੂਰ ਕਰਨ ਤੋਂ 9 ਮਹੀਨਿਆਂ ਬਾਅਦ ਵੀ ਲਾਇਸੈਂਸ ਰੀਨਿਊ ਨਹੀਂ ਹੋ ਸਕਿਆ ਹੈ। ਡਿਪਟੀ ਕਮਿਸ਼ਨਰ ਜਲੰਧਰ ਨੂੰ ਦੋ ਵਾਰ 8 ਅਗਸਤ ਤੇ 11 ਸਤੰਬਰ ਨੂੰ ਈਮੇਲ ਰਾਹੀਂ ਬੇਨਤੀ ਵੀ ਕੀਤੀ ਪਰ ਸਬੰਧਤ ਅਧਿਕਾਰੀਆਂ ’ਤੇ ਫਿਰ ਵੀ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਅਸ਼ਟਾਮ ਫਿਰੋਸ਼ ਲਾਇਸੈਂਸ ਸਿਰਫ ਇਕ ਸਾਲ ਵਾਸਤੇ ਰੀਨਿਊ ਕੀਤਾ ਜਾਂਦਾ ਹੈ, ਜਦਕਿ ਉਹ 9 ਮਹੀਨਿਆਂ ਤੋਂ ਖੱਜਲ-ਖੁਆਰ ਹੋ ਰਹੇ ਹਨ। ਲਾਇਸੈਂਸ ਰੀਨਿਊ ਨਾ ਹੋਣ ਕਾਰਨ ਬਹੁਤ ਮਾਲੀ ਨੁਕਸਾਨ ਹੋ ਰਿਹਾ ਹੈ ਤੇ ਉਨ੍ਹਾਂ ਦਾ ਹੋਰ ਕੋਈ ਰੁਜ਼ਗਾਰ ਦਾ ਸਾਧਨ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਸੀ ਜਲੰਧਰ ਤੋਂ ਮੰਗ ਕੀਤੀ ਕਿ ਅਸ਼ਟਾਮ ਫਿਰੋਸ਼ ਲਾਇਸੈਂਸ ਨੂੰ ਜਲਦੀ ਰੀਨਿਊ ਕਰਨ ਲਈ ਸਬੰਧਤ ਅਧਿਕਾਰੀ/ਮੁਲਜ਼ਮਾਂ ਨੂੰ ਹੁਕਮ ਜਾਰੀ ਕੀਤੇ ਜਾਣ ਤਾਂ ਜੋ ਇਸ ਸਮੇਂ ਸੂਬੇ ’ਚ ਆਏ ਭਾਰੀ ਹੜ੍ਹਾਂ ਦੀ ਤਰਾਸਦੀ ਮੌਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ।