ਹਥਿਆਰਬੰਦ ਲੁਟੇਰਿਆਂ ਨੇ ਦਾਤ ਮਾਰ ਕੇ ਆਈਫੋਨ ਤੇ ਨਕਦੀ ਖੋਹੀ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,
Publish Date: Sat, 09 May 2026 09:23 PM (IST)
Updated Date: Sat, 09 May 2026 09:26 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਕਸਬਾ ਮਲਸੀਆਂ ’ਚੋਂ ਦਿਨ ਦਿਨ-ਦਿਹਾੜੇ ਬੇਖੌਫ ਲੁਟੇਰਿਆਂ ਨੇ ਇਕ ਕਿਸਾਨ ’ਤੇ ਤੇਜ਼ਧਾਰ ਹਥਿਆਰ (ਦਾਤ) ਨਾਲ ਹਮਲਾ ਕਰਕੇ ਮਹਿੰਗਾ ਮੋਬਾਈਲ ਤੇ ਨਕਦੀ ਲੁੱਟ ਲਈ। ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਨਿਰਮਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਤੀ ਖੁਰਮਪੁਰ ਮਲਸੀਆਂ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 1:00 ਵਜੇ ਮਲਸੀਆਂ ਦੀ ਦਾਣਾ ਮੰਡੀ ਦੇ ਨਜ਼ਦੀਕ ਆਪਣੇ ਆੜ੍ਹਤੀਏ ਤੋਂ ਪੈਸੇ ਲੈ ਕੇ ਸਕੂਟਰੀ 'ਤੇ ਘਰ ਵਾਪਸ ਆ ਰਿਹਾ ਸੀ। ਰਸਤੇ ’ਚ ਇਕ ਬਿਨਾਂ ਨੰਬਰ ਵਾਲੇ ਮੋਟਰਸਾਈਕਲ 'ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਸਕੂਟਰੀ ਦੇ ਅੱਗੇ ਆਪਣਾ ਮੋਟਰਸਾਈਕਲ ਲਾ ਕੇ ਰਸਤਾ ਰੋਕ ਲਿਆ। ਰੋਕਣ ਸਾਰ ਹੀ ਲੁਟੇਰਿਆਂ ਨੇ ਸਕੂਟਰੀ ਦੀ ਚਾਬੀ ਕੱਢ ਲਈ ਤੇ ਉਸ ਨਾਲ ਗਾਲੀ-ਗਲੋਚ ਕਰਦਿਆਂ ਹੱਥੋਪਾਈ ਕਰਨ ਲੱਗੇ। ਪੀੜਤ ਮੁਤਾਬਕ ਉਸ ਵੱਲੋਂ ਹਿੰਮਤ ਦਿਖਾਉਂਦਿਆਂ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਗਿਆ ਪਰ ਇਸੇ ਦੌਰਾਨ ਇੱਕ ਨੌਜਵਾਨ ਨੇ ਉਸ ਉੱਪਰ ਦਾਤ ਨਾਲ ਤਿੰਨ ਵਾਰ ਕਰ ਦਿੱਤੇ। ਹਮਲੇ ’ਚ ਜ਼ਖਮੀ ਹੋਣ ਕਾਰਨ ਡਿੱਗ ਗਿਆ, ਜਿਸ ਦਾ ਫਾਇਦਾ ਚੁੱਕਦੇ ਹੋਏ ਲੁਟੇਰੇ ਜੇਬ ਵਿਚੋਂ ਆਈਫੋਨ 14 ਤੇ 4,200 ਰੁਪਏ ਦੀ ਨਕਦੀ ਖੋਹ ਕੇ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਏ। ਪੀੜਤ ਕਿਸਾਨ ਨੇ ਦੱਸਿਆ ਕਿ ਇਸ ਲੁੱਟ-ਖੋਹ ਦੀ ਘਟਨਾ ਸਬੰਧੀ ਮਲਸੀਆਂ ਚੌਕੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਿਨ-ਦਿਹਾੜੇ ਵਾਪਰੀ ਇਸ ਵਾਰਦਾਤ ਕਾਰਨ ਇਲਾਕਾ ਨਿਵਾਸੀਆਂ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗਸ਼ਤ ਵਧਾਉਣ ਅਤੇ ਲੁਟੇਰਿਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।