ਬੇਅਦਬੀ ਸਬੰਧੀ ਬਣਾਏ ਕਾਨੂੰਨ ਨੂੰ ਮੁੜ ਵਿਚਾਰਨ ਦੀ ਅਪੀਲ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਬਣਾਏ ਗਏ ਕਾਨੂੰਨ ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ
Publish Date: Fri, 15 May 2026 07:27 PM (IST)
Updated Date: Fri, 15 May 2026 07:30 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਬਣਾਏ ਗਏ ਕਾਨੂੰਨ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਬੰਧਕਾਂ ਦੀ ਇੱਕਤਰਾ ਗੁਰਦੁਆਰਾ ਨੌਵੀ ਪਾਤਿਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ’ਚ ਹੋਈ। ਇਸ ਮੌਕੇ ਸਰਕਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਬਣਾਏ ਗਏ ਕਾਨੂੰਨ ਵਿਚ ਲਿਖੀਆਂ ਕੁੱਝ ਧਾਰਾਵਾਂ ਗਲਤ ਹਨ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਾਨੂੰਨ ਵਿੱਚ ਸਿੱਖ ਸੰਗਤ ਨੂੰ ਜੋ (ਕਸਟੋਡੀਅਨ) ਲਫ਼ਜ਼ ਲਿਖਿਆ ਹੋਇਆ ਉਸ ਦੀ ਪਰਿਭਾਸ਼ਾ ਸਪੱਸ਼ਟ ਨਹੀਂ ਹੈ। ਰੱਖ ਰਖਾਵ ਵਾਲਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਗ੍ਰੰਥੀ ਸਿੰਘਾਂ, ਸੇਵਾਦਾਰਾਂ ਸਟਾਫ ਆਦਿ ’ਤੇ ਵੀ ਮੁਕੱਦਮਾ ਦਰਜ ਕਰਨ ਸਬੰਧੀ ਲਿਖਿਆ ਗਿਆ ਹੈ, ਜੋ ਸਰਾਸਰ ਗਲਤ ਹੈ। ਇਸ ਦੀ ਦੁਰਵਰਤੋਂ ਹੋਣ ਦੇ ਖਦਸ਼ੇ ਕਰਕੇ ਆਮ ਸਿੱਖ ਸੰਗਤ ਨੂੰ ਪਰੇਸ਼ਾਨ ਕਰਨ ਦਾ ਡਰ ਬਣਿਆ ਹੋਇਆ ਹੈ। ਲੋਕ ਆਪਸ ਵਿਚ ਰੰਜਿਸ਼ ਤਹਿਤ ਵੀ ਕਾਰਵਾਈ ਕਰਵਾ ਸਕਦੇ ਹਨ। ਇਸ ਨਾਲ ਸੰਗਤਾਂ ਘਰਾਂ ਵਿਚ ਅਖੰਡ ਪਾਠ ਕਰਵਾਉਣ ਤੋਂ ਵੀ ਗੁਰੇਜ਼ ਕਰੇਗੀ।
ਸਿੱਖ ਸੰਗਤ ਦੀ ਮੰਗ ਹੈ ਕਿ ਕਾਨੂੰਨ ਸਖਤ ਜ਼ਰੂਰ ਹੋਣਾ ਚਾਹੀਦਾ ਹੈ। ਉਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਆਮ ਸਿੱਖ ਸੰਗਤ ਨੂੰ ਇਸ ਤੋਂ ਰਾਹਤ ਦਿਵਾਉਣ ਲਈ ਸਿੱਖ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਕਾਨੂੰਨ ਵਿੱਚ ਸੋਧ ਕਰਨੀ ਚਾਹੀਦੀ ਹੈ। ਇਸ ਕਾਨੂੰਨ ਦੇ ਵਿਰੋਧ ਵਿਚ ਸਮੂਹ ਸਿੱਖ ਜਥੇਬੰਦੀਆਂ, ਸੇਵਾ ਸੁਸਾਇਟੀਆਂ ਦੀ ਵਿਸ਼ੇਸ਼ ਇੱਕਤਰਤਾ 17 ਮਈ ਨੂੰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ’ਚ ਸ਼ਾਮ 4 ਵਜੇ ਰੱਖੀ ਗਈ ਹੈ।
ਮੀਟਿੰਗ ’ਚ ਐੱਸਜੀਪੀਸੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਪ੍ਰਧਾਨ ਕੰਵਲਜੀਤ ਸਿੰਘ ਟੋਨੀ, ਪ੍ਰਧਾਨ ਗੁਰਕਿਰਪਾਲ ਸਿੰਘ, ਇਕਬਾਲ ਸਿੰਘ ਢੀਂਡਸਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ, ਪ੍ਰਧਾਨ ਗੁਰਬਖਸ਼ ਸਿੰਘ ਜੁਨੇਜਾ, ਜਨ. ਸਕੱਤਰ ਗੁਰਮੀਤ ਸਿੰਘ ਬਿੱਟੂ, ਸਕੱਤਰ ਕਵਲਜੀਤ ਸਿੰਘ,ਹਰਜਿੰਦਰ ਸਿੰਘ ਲੈਡਲਾਰਡ, ਸਤਪਾਲ ਸਿੰਘ ਸਿੱਦਕੀ, ਪ੍ਰਧਾਨ ਹਰਜੋਤ ਸਿੰਘ ਲੱਕੀ, ਰਾਜਬੀਰ ਸਿੰਘ ਸ਼ੰਟੀ, ਹਰਭਜਨ ਸਿੰਘ ਸੈਣੀ, ਮਨਬੀਰ ਸਿੰਘ ਅਕਾਲੀ, ਜੁਗਿੰਦਰ ਸਿੰਘ, ਰਣਜੀਤ ਸਿੰਘ, ਕੁਲਵਿੰਦਰ ਸਿੰਘ ਮੱਲੀ, ਰਵਿੰਦਰਜੀਤ ਸਿੰਘ, ਜਗਜੀਤ ਸਿੰਘ ਪਟਨਾ ਸਾਹਿਬ, ਗੁਰਿੰਦਰ ਸਿੰਘ ਮਝੈਲ, ਕੁਲਦੀਪ ਸਿੰਘ ਪਾਇਲਟ, ਰਣਜੀਤ ਸਿੰਘ, ਜਤਿੰਦਰ ਪਾਲ ਸਿੰਘ ਮਝੈਲ ਆਦਿ ਹਾਜ਼ਰ ਸਨ।