ਗੁਰਦੁਆਰਾ ਬਾਬਾ ਗੋਪਾਲ ਸਿੰਘ ਜੀ ਦਾ ਜੋੜ ਮੇਲਾ ਮਨਾਇਆ
ਸਮਰਾਏ ਵਿਖੇ ਗੁਰਦੁਆਰਾ ਬਾਬਾ ਗੋਪਾਲ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ
Publish Date: Sun, 17 May 2026 07:32 PM (IST)
Updated Date: Mon, 18 May 2026 04:13 AM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਸਮਰਾਏ ਵਿਖੇ ਗੁਰਦੁਆਰਾ ਬਾਬਾ ਗੋਪਾਲ ਸਿੰਘ ਦੇ ਸਥਾਨ ’ਤੇ ਸਾਲਾਨਾ ਜੋੜ ਮੇਲਾ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਨਿਸ਼ਾਨ ਸਾਹਿਬ ਦੀ ਰਸਮ ਨਾਲ ਹੋਈ, ਜਿਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਪੰਥ ਦੇ ਪ੍ਰਸਿੱਧ ਕਵੀਸ਼ਰੀ ਤੇ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਇਸ ਦੌਰਾਨ ਬੀਬੀ ਹਰਵਿੰਦਰ ਕੌਰ ਤੇ ਭਾਈ ਅਮਰੀਕ ਸਿੰਘ (ਲੂਟਣ ਵਾਲੇ) ਨੇ ਰਸਭਿੰਨਾ ਕੀਰਤਨ ਕੀਤਾ, ਜਦਕਿ ਨਿਸ਼ਕਾਮ ਕੀਰਤਨ ਜਥੇ ਵੱਲੋਂ ਸਵੇਰ ਵੇਲੇ “ਆਸਾ ਦੀ ਵਾਰ” ਦਾ ਗਾਇਨ ਕੀਤਾ ਗਿਆ। ਕੀਰਤਨ ਸਮਾਗਮਾਂ ਦੌਰਾਨ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਇਹ ਜੋੜ ਮੇਲਾ ਹਰ ਸਾਲ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਜਿਸ ’ਚ ਦੂਰ-ਦੂਰ ਤੋਂ ਸੰਗਤ ਨਤਮਸਤਕ ਹੋਣ ਲਈ ਪੁੱਜਦੀ ਹੈ। ਉਨ੍ਹਾਂ ਆਈ ਸੰਗਤ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਨਗਰ ਸਮਰਾਏ ਦੇ ਸਰਪੰਚ ਗੁਰਵਿੰਦਰ ਸਿੰਘ ਸਮਰਾ ਨੇ ਵੀ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸੰਗਤ ਨੂੰ ਗੁਰੂ ਸਾਹਿਬ ਦੇ ਦਰਸਾਏ ਰਸਤੇ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਥੇਦਾਰ ਅਜਮੇਰ ਸਿੰਘ ਸਮਰਾ, ਬੂਟਾ ਸਿੰਘ ਸਮਰਾ, ਚਰਨਜੀਤ ਸਿੰਘ (ਯੂਐੱਸਏ), ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬੰਕਾ ਸਿੰਘ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਤੇ ਸੰਗਤਾਂ ਹਾਜ਼ਰ ਸਨ।