ਸਾਈਂ ਸੋਢੀ ਸ਼ਾਹ ਜੀ ਦੀ ਯਾਦ ’ਚ ਜੋੜ ਮੇਲਾ ਮਨਾਇਆ
ਸਾਈਂ ਸੋਢੀ ਸ਼ਾਹ ਜੀ ਦੀ ਯਾਦ ’ਚ ਗੁਰਦੁਆਰਾ ਤਖਤਗੜ੍ਹ ਸਾਹਿਬ ਵਿਖੇ ਸਲਾਨਾ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਮਨਾਇਆ
Publish Date: Mon, 27 Apr 2026 06:32 PM (IST)
Updated Date: Mon, 27 Apr 2026 06:34 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਇਤਿਹਾਸਕ ਤੇ ਪਵਿੱਤਰ ਅਸਥਾਨ ਗੁਰਦੁਆਰਾ ਤਖਤਗੜ੍ਹ ਸਾਹਿਬ ਫਿਲੌਰ ਵਿਖੇ ਸਾਈਂ ਸੋਢੀ ਸ਼ਾਹ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਚਾਦਰ ਚੜ੍ਹਾਉਣ ਦੀ ਰਸਮ ਨਾਲ ਹੋਈ, ਜਿਸ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਸੇਵਾ ਅਦਾ ਕੀਤੀ ਗਈ। ਇਸ ਮੌਕੇ ਸੰਗਤਾਂ ਲਈ ਠੰਢੇ ਪੇਅ, ਲੱਸੀ, ਚਾਹ, ਪਕੌੜਿਆਂ ਅਤੇ ਗੁਰੂ ਕਾ ਅਤੁੱਟ ਲੰਗਰ ਲਾਇਆ ਗਿਆ। ਸਮਾਗਮ ਦੌਰਾਨ ਸੇਵਾਦਾਰ ਸਿੰਦਾ, ਡਾ. ਕੁਲਦੀਪ ਰਾਏ ਤੇ ਰਾਜਪਾਲ ਸਿੰਘ ਅਟਵਾਲ ਨੇ ਸੰਗਤਾਂ ਨੂੰ ਸਾਲਾਨਾ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਪੰਜਾਬੀ ਕਲਾਕਾਰਾਂ ਵੱਲੋਂ ਦਾਤਾ ਜੀ ਦਾ ਗੁਣਗਾਣ ਕਰ ਕੇ ਹਾਜ਼ਰੀ ਲਗਾਈ ਗਈ। ਪ੍ਰਬੰਧਕਾਂ ਵੱਲੋਂ ਦਾਨੀ ਸੱਜਣਾਂ ਤੇ ਵਿਸ਼ੇਸ਼ ਸ਼ਖ਼ਸੀਅਤਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਦਰਬਾਰ ਵਿੱਚ ਨਤਮਸਤਕ ਹੋ ਕੇ ਦਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।