‘ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ’ ਡਾ. ਹੰਸ ਨੂੰ ਦੇਣ ਦਾ ਐਲਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 16 May 2026 06:37 PM (IST)
Updated Date: Sat, 16 May 2026 06:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਾਨਵਵਾਦੀ ਰਚਨਾ ਮੰਚ ਪੰਜਾਬ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਦੇ ਮੈਂਬਰਾਂ ਦੀ ਮੀਟਿੰਗ ਜਲੰਧਰ ’ਚ ਮੰਚ ਦੇ ਪ੍ਰਧਾਨ ਡਾ. ਕੇਵਲ ਸਿੰਘ ਪਰਵਾਨਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ 2026 ਦਾ 26 ਵਾਂ ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ ਪ੍ਰਸਿੱਧ ਇਤਿਹਾਸਕਾਰ ਡਾ. ਰਾਜ ਕੁਮਾਰ ਹੰਸ ਨੂੰ ਦੇਣ ਦਾ ਫੈਸਲਾ ਲਿਆ ਗਿਆ। ਐਵਾਰਡ ’ਚ ਸ਼ਾਲ, ਮੋਮੈਂਟੋ ਤੇ ਨਕਦ ਰਾਸ਼ੀ ਦਿੱਤੀ ਜਾਵੇਗੀ•।
ਡਾ. ਰਾਜ ਕੁਮਾਰ ਹੰਸ ਨੇ 1978 ’ਚ ਮਹਾਰਾਜਾ ਸਾਯਾਜੀਰਾਓ ਯੂਨੀਵਰਸਿਟੀ ਆਫ ਬੜੌਦਾ, ਗੁਜਰਾਤ ਤੋਂ ਪੀਐੱਚ. ਡੀ. ਕੀਤੀ ਤੇ ਬਾਅਦ ’ਚ ਇਸੇ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ 'ਚੋਂ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਡਾ. ਹੰਸ ਨੂੰ ਇੰਡੀਅਨ ਇੰਸਟੀਚਿਊਟ ਆਫ ਐਡਵਾਂਸਡ ਸਟੱਡੀ ਸ਼ਿਮਲਾ 'ਚ 2009 ਤੋਂ 11 ਤੱਕ 'ਪੰਜਾਬੀ ਦਲਿਤ ਸਾਹਿਤ ਦਾ ਇਤਿਹਾਸ' ਤੇ ਖੋਜ ਦਾ ਕੰਮ ਕਰਨ ਲਈ ਫੈਲੋਸ਼ਿਪ ਮਿਲੀ। ਭਾਈ ਜੈਤਾ ਤੇ ਸ੍ਰੀ ਗੁਰ ਕਥਾ, ਸੰਤ ਕਵੀ ਵਜ਼ੀਰ ਸਿੰਘ: ਸ਼ੀਹਰਫ਼ੀਆਂ, ਲੋਕ ਕਵੀ ਦਯਾ ਸਿੰਘ ਆਰਿਫ਼ ਤੇ ਦਲਿਤ ਇਤਿਹਾਸਕਾਰੀ ਨਾਲ ਸਬੰਧਤ ਉਨ੍ਹਾਂ ਦੇ ਖੋਜ ਪੇਪਰ ਕੌਮਾਂਤਰੀ ਜਰਨਲਾਂ ’ਚ ਛਪੇ। ਡਾ. ਹੰਸ ਦਾ ਸਾਰਾ ਖੋਜ ਦਾ ਕੰਮ ਅੰਗਰੇਜ਼ੀ ਵਿੱਚ ਛਪਿਆ। ਉਨ੍ਹਾਂ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਕਰਦਿਆਂ ਭਾਈ ਜੈਤਾ, ਕਵੀ ਵਜ਼ੀਰ ਸਿੰਘ ਤੇ ਦਯਾ ਸਿੰਘ ਆਰਿਫ਼ ਨੂੰ ਕੌਮਾਂਤਰੀ ਪੱਧਰ ’ਤੇ ਪਹਿਲੀ ਵਾਰ ਜਾਣੂ ਕਰਵਾਇਆ। ਪਿੱਛੇ ਜਿਹੀ ਡਾ. ਹੰਸ ਦੀ ਪੰਜਾਬੀ ’ਚ ਮੰਗਤ ਰਾਮ ਵੱਲੋਂ ਅਨੁਵਾਦ ਕੀਤੀ ਕਿਤਾਬ 'ਪੰਜਾਬ ਦੇ ਇਨਕਲਾਬ : ਸਿੱਖ ਤੇ ਦਲਿਤ ਸਾਹਿਤਕਾਰੀ' ਛਪੀ। ਡਾ. ਰਾਜ ਕੁਮਾਰ ਹੰਸ ਦੇ ਠੋਸ ਤੇ ਇਤਿਹਾਸਕ ਕਾਰਜ ਨੂੰ ਦੇਖਦਿਆਂ ਮਾਨਵਵਾਦੀ ਰਚਨਾ ਮੰਚ ਵੱਲੋਂ ਉਨ੍ਹਾਂ ਨੂੰ 26 ਵਾਂ ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ ਦੇਣ ਦਾ ਫੈਸਲਾ ਲਿਆ ਗਿਆ।
ਮੰਚ ਦੇ ਪ੍ਰਧਾਨ ਡਾ. ਕੇਵਲ ਸਿੰਘ ਪਰਵਾਨਾ, ਜਰਨਲ ਸਕੱਤਰ ਮੱਖਣ ਮਾਨ ਤੇ ਪ੍ਰੈੱਸ ਸਕੱਤਰ ਭਗਵੰਤ ਰਸੂਲਪੁਰੀ ਨੇ ਦੱਸਿਆ ਕਿ ਇਹ ਸਮਾਗਮ ਜੁਲਾਈ ਦੇ ਅੰਤ ’ਚ ਜਲੰਧਰ ’ਚ ਕਰਵਾਇਆ ਜਾਵੇਗਾ। ਇਸ ਸਮਾਗਮ ’ਚ 'ਆਲਮ ਕਾਵਿ' ਦਾ ਨਵਾਂ ਸੰਸਕਰਨ ਵੀ ਰਿਲੀਜ਼ ਕੀਤਾ ਜਾਵੇਗਾ। ਹੰਸ ਹੁਰਾਂ ਦੀ ਪੰਜਾਬੀ ਵਿੱਚ ਛਪੀ ਕਿਤਾਬ ’ਤੇ ਵਿਚਾਰ ਚਰਚਾ ਵੀ ਕਰਵਾਈ ਜਾਵੇਗੀ।