ਏਐੱਨ ਗੁਜਰਾਲ ਸਕੂਲ ’ਚ ਗ੍ਰੈਜੂਏਸ਼ਨ ਸੈਰੇਮਨੀ
ਏਐੱਨ ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਦੀ ‘ਗ੍ਰੇਜੂਏਸ਼ਨ ਸੈਰੇਮਨੀ’ ਰਹੀ ਪ੍ਰਭਾਵਸ਼ਾਲੀ
Publish Date: Tue, 21 Apr 2026 07:16 PM (IST)
Updated Date: Tue, 21 Apr 2026 07:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਐੱਨ ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ’ਚ ਪ੍ਰਭਾਵਸ਼ਾਲੀ ਗ੍ਰੈਜੂਏਸ਼ਨ ਸੈਰੇਮਨੀ ਕਰਵਾਈ। ਇਸ ਸਮਾਗਮ ’ਚ ਨਗਰ ਨਿਗਮ ਜਲੰਧਰ ਦੇ ਮੇਅਰ ਵਨੀਤ ਧੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏਅਤੇ ਉਨ੍ਹਾਂ ਵੱਲੋਂ ਕਿੰਡਰਗਾਰਟਨ ਤੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਡਿਗਰੀਆਂ ਵੰਡੀਆਂ ਗਈਆਂ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਮੇਅਰ ਦੇ ਸਕੂਲ ਕੈਂਪਸ ਪਹੁੰਚਣ ’ਤੇ ਨਾਰੀ ਨਿਕੇਤਨ ਟਰੱਸਟ ਦੀ ਜਨਰਲ ਸਕੱਤਰ ਗੁਰਜੋਤ ਕੌਰ, ਟਰੱਸਟੀ ਸੀਮਾ ਚੋਪੜਾ, ਅਨੁਰਾਧਾ, ਡਾਇਰੈਕਟਰ ਨਵਿਤਾ ਜੋਸ਼ੀ ਤੇ ਪ੍ਰਿੰਸੀਪਲ ਜੀਵਨ ਜੋਤੀ ਗੌਤਮ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ’ਚ ਮਾਪਿਆਂ ਨਾਲ ਮਿਲ ਕੇ ਪੇਸ਼ ਕੀਤੀ ਮਾਤਾ ਦੀ ਵੰਦਨਾ ਨੇ ਮਾਹੌਲ ਨੂੰ ਭਾਵੁਕ ਬਣਾ ਦਿੱਤਾ। ਇਸ ਮੌਕੇ ਮੇਅਰ ਧੀਰ ਨੇ ਬੱਚਿਆਂ ਦੀ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਿਆਰੀ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਵੀ ਸਿਖਾਉਣੀਆਂ ਬਹੁਤ ਜ਼ਰੂਰੀ ਹਨ, ਜਿਸ ਲਈ ਅਧਿਆਪਕਾਂ ਤੇ ਮਾਪਿਆਂ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਆਪਣੀ ਇਕ ਮਹੀਨੇ ਦੀ ਤਨਖਾਹ ਨਾਰੀ ਨਿਕੇਤਨ ਟਰੱਸਟ ਨੂੰ ਦਾਨ ਕਰਨਗੇ। ਇਸ ਦੌਰਾਨ ਟਰੱਸਟ ਦੀ ਡਾਇਰੈਕਟਰ ਨਵਿਤਾ ਜੋਸ਼ੀ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ, ਖਾਸ ਕਰਕੇ ਔਰਤਾਂ ਦੀ ਸਿੱਖਿਆ ’ਚ ਪਾਏ ਜਾ ਰਹੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਬਾਅਦ ’ਚ ਮੇਅਰ ਵਨੀਤ ਧੀਰ ਨੇ ਨਾਰੀ ਨਿਕੇਤਨ ਦਾ ਦੌਰਾ ਕਰਕੇ ਉੱਥੇ ਰਹਿ ਰਹੇ ਬੱਚਿਆਂ ਨਾਲ ਮੁਲਾਕਾਤ ਕੀਤੀ ਤੇ ਟਰੱਸਟ ਵੱਲੋਂ ਬੱਚਿਆਂ, ਖਾਸ ਕਰਕੇ ਲੜਕੀਆਂ ਦੀ ਦੇਖਭਾਲ ਤੇ ਸਿੱਖਿਆ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਮਨੁੱਖਤਾ ਦੀ ਸੱਚੀ ਸੇਵਾ ਕਰਾਰ ਦਿੱਤਾ।