ਸ਼ੁਕਰਾਨਾ ਯਾਤਰਾ ਸਮਾਗਮ ਸਫਲਤਾਪੂਰਵਕ ਸੰਪੰਨ ਹੋਣ ’ਤੇ ਕੀਤਾ ਧੰਨਵਾਦ
ਸ਼ੁਕਰਾਨਾ ਯਾਤਰਾ ਸਮਾਗਮ ਸਫਲਤਾਪੂਰਵਕ ਸੰਪੰਨ ਹੋਣ ਤੇ ਅੰਮ੍ਰਿਤਪਾਲ ਸਿੰਘ ਨੇ ਕੀਤਾ ਧੰਨਵਾਦ
Publish Date: Fri, 08 May 2026 10:00 PM (IST)
Updated Date: Sat, 09 May 2026 04:15 AM (IST)

ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026, ਦੇ ਪਾਸ ਹੋਣ ਤੋਂ ਬਾਅਦ ਪੰਜਾਬ ਭਰ ’ਚ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਨੂੰ ਵੀਰਵਾਰ ਨੂੰ ਜਲੰਧਰ ’ਚ ਭਾਰੀ ਜਨ ਸਮਰਥਨ ਮਿਲਿਆ, ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਲੰਧਰ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਸਮਾਗਮ ਦੌਰਾਨ ਮੁੱਖ ਮੰਤਰੀ ਨੂੰ ਸੁਣਨ ਲਈ ਹਜ਼ਾਰਾਂ ਲੋਕ ਇਕੱਠੇ ਹੋਏ। ਇਸ ਪਹਿਲਕਦਮੀ ਲਈ ਪੂਰਾ ਮਾਹੌਲ ਉਤਸ਼ਾਹ ਤੇ ਸਮਰਥਨ ਨਾਲ ਭਰਿਆ ਰਿਹਾ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਅੰਮ੍ਰਿਤਪਾਲ ਸਿੰਘ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ ਪੱਖੀ ਸੋਚ ਤੇ ਇਮਾਨਦਾਰ ਅਗਵਾਈ ਤੋਂ ਪ੍ਰੇਰਿਤ ਹੋ ਕੇ ਪਾਰਟੀ ਵਰਕਰਾਂ ਨੇ ਪੂਰੇ ਜੋਸ਼ ਤੇ ਸਮਰਪਣ ਨਾਲ ਸ਼ੁਕਰਾਨਾ ਯਾਤਰਾ ਨੂੰ ਕਾਮਯਾਬ ਬਣਾਇਆ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕੈਬਨਿਟ ਮੰਤਰੀ ਮਹਿੰਦਰ ਭਗਤ, ਲੋਕ ਸਭਾ ਇੰਚਾਰਜ ਰਮਣੀਕ ਸਿੰਘ ਲੱਕੀ ਰੰਧਾਵਾ, ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ, ਜਲੰਧਰ ਨਾਰਥ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਤੇ ਜਲੰਧਰ ਕੈਂਟ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲਗਾਤਾਰ ਮਿਹਨਤ ਤੇ ਮਾਰਗਦਰਸ਼ਨ ਕਾਰਨ ਇਹ ਯਾਤਰਾ ਇਤਿਹਾਸਕ ਬਣੀ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਸਾਹਿਬਾਨ, ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ, ਬਲਾਕ ਪ੍ਰਧਾਨਾਂ, ਕੌਂਸਲਰਾਂ, ਵਾਰਡ ਇੰਚਾਰਜਾਂ ਤੇ ਦਿਨ-ਰਾਤ ਮਿਹਨਤ ਕਰਨ ਵਾਲੇ ਸਮੂਹ ਅਹੁਦੇਦਾਰਾਂ ਦੀ ਭੂਮਿਕਾ ਦੀ ਵੀ ਖੂਬ ਸਰਾਹਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰ ਵਰਕਰ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ, ਜਿਸ ਕਰ ਕੇ ਸ਼ੁਕਰਾਨਾ ਯਾਤਰਾ ਨੂੰ ਲੋਕਾਂ ਵੱਲੋਂ ਬੇਮਿਸਾਲ ਪਿਆਰ ਤੇ ਸਮਰਥਨ ਮਿਲਿਆ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਇਹ ਯਾਤਰਾ ਸਿਰਫ ਇੱਕ ਪ੍ਰੋਗਰਾਮ ਨਹੀਂ ਸੀ, ਸਗੋਂ ਲੋਕਾਂ ਦੇ ਭਰੋਸੇ, ਪਾਰਟੀ ਦੀ ਇਕਜੁੱਟਤਾ ਤੇ ਸੇਵਾ ਦੀ ਭਾਵਨਾ ਦਾ ਪ੍ਰਤੀਕ ਬਣ ਕੇ ਸਾਹਮਣੇ ਆਈ ਹੈ। ਜਲੰਧਰ ਦੇ ਹਰ ਹਲਕੇ ’ਚ ਲੋਕਾਂ ਵੱਲੋਂ ਦਿੱਤੇ ਗਏ ਸਤਿਕਾਰ ਤੇ ਸਹਿਯੋਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕ ਪੱਖੀ ਨੀਤੀਆਂ ਤੇ ਵਿਕਾਸ ਦੀ ਰਾਜਨੀਤੀ ਨੂੰ ਜਨਤਾ ਦਾ ਪੂਰਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸੇ ਤਰ੍ਹਾਂ ਸਾਰੇ ਆਗੂ, ਵਰਕਰ ਤੇ ਵੋਲੰਟੀਅਰ ਇਕਜੁੱਟ ਹੋ ਕੇ ਲੋਕਾਂ ਦੀ ਭਲਾਈ ਤੇ ਜਲੰਧਰ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ।