ਗੱਡੀ ਦਾ ਚਲਾਨ ਵੀ ਕਟਵਾਇਆ ਤੇ ਟੋਅ ਵੀ ਕਰਵਾਈ
ਅਮੀਰਜਾਦੇ ਨੂੰ ਥਾਣਾ ਮੁਖੀ ਨਾਲ ਬਹਿਸਨਾ ਪਿਆ ਮਹਿੰਗਾ
Publish Date: Thu, 30 Oct 2025 10:44 PM (IST)
Updated Date: Thu, 30 Oct 2025 10:45 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਪਾਸ਼ ਇਲਾਕੇ ਮਾਡਲ ਟਾਊਨ ’ਚ ਇਕ ਅਮੀਰਜ਼ਾਦੇ ਨੂੰ ਥਾਣਾ ਛੇ ਦੇ ਮੁਖੀ ਨਾਲ ਬਹਿਸਨਾ ਉਸ ਵੇਲੇ ਮਹਿੰਗਾ ਪਿਆ ਜਦ ਥਾਣਾ ਮੁਖੀ ਵੱਲੋਂ ਉਸ ਦੀ ਗੱਡੀ ਦਾ ਨੋ ਪਾਰਕਿੰਗ ਦਾ ਚਲਾਨ ਕੱਟਣ ਤੋਂ ਇਲਾਵਾ ਉਸਦੀ ਗੱਡੀ ਵੀ ਟੋਅ ਕਰਵਾ ਦਿੱਤੀ ਗਈ। ਜਾਣਕਾਰੀ ਅਨੁਸਾਰ ਥਾਣਾ ਛੇ ਦੇ ਮੁਖੀ ਇੰਸਪੈਕਟਰ ਅਜੈਬ ਸਿੰਘ ਔਜਲਾ ਪੁਲਿਸ ਪਾਰਟੀ ਸਮੇਤ ਮਾਡਲ ਟਾਊਨ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਮਰਸਡੀ ਗੱਡੀ ਨੋ ਪਾਰਕਿੰਗ ਜ਼ੋਨ ’ਚ ਖੜ੍ਹੀ ਦੇਖੀ। ਉਨ੍ਹਾਂ ਨੇ ਜਦੋਂ ਗੱਡੀ ਦੇ ਮਾਲਕ ਨੂੰ ਗੱਡੀ ਸਹੀ ਥਾਂ ’ਤੇ ਲਗਾਉਣ ਲਈ ਕਿਹਾ ਤਾਂ ਉਸ ਨੇ ਥਾਣਾ ਮੁਖੀ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਵੱਲੋਂ ਉਸ ਨੂੰ ਕਾਫੀ ਸਮਝਾਇਆ ਗਿਆ ਪਰ ਉਹ ਰੋਅਬ ਝਾੜਨ ਲੱਗ ਪਿਆ। ਇਸ ਤੋਂ ਬਾਅਦ ਥਾਣਾ ਮੁਖੀ ਨੇ ਉਸ ਦਾ ਨੋ ਪਾਰਕਿੰਗ ਦਾ ਚਲਾਨ ਕੱਟ ਦਿੱਤਾ ਤੇ ਉਸ ਨੂੰ ਗੱਡੀ ਉਥੋਂ ਲਿਜਾਣ ਲਈ ਕਿਹਾ। ਇਸ ਤੋਂ ਬਾਅਦ ਵੀ ਉਸ ਨੌਜਵਾਨ ਨੇ ਗੱਡੀ ਜਦੋਂ ਉਥੋਂ ਨਹੀਂ ਹਟਾਈ ਤਾਂ ਥਾਣਾ ਮੁਖੀ ਵੱਲੋਂ ਟੋਅ ਕਰਨ ਲਈ ਗੱਡੀ ਮੰਗਾਈ ਤੇ ਉਸ ਦੀ ਗੱਡੀ ਨੂੰ ਟੋਅ ਕਰਕੇ ਲੈ ਗਏ। ਉਸ ਤੋਂ ਬਾਅਦ ਵੀ ਗੱਡੀ ਦਾ ਮਾਲਕ ਕਾਫੀ ਸਮੇਂ ਤੱਕ ਬਹਿਸਬਾਜ਼ੀ ਕਰਦਾ ਰਿਹਾ ਪਰ ਥਾਣਾ ਮੁਖੀ ਵੱਲੋਂ ਉਸ ਨੂੰ ਚੰਗਾ ਸਬਕ ਸਿਖਾਇਆ ਗਿਆ।